ਜਯੇਸ਼ ਸ਼ਾਹ ਖ਼ਿਲਾਫ਼ ਜੇ ਪੁਖ਼ਤਾ ਸਬੂਤ ਹੋਏ ਤਾਂ ਹੋ ਸਕਦੀ ਹੈ ਜਾਂਚ : ਆਰਐਸਐਸ
ਭੁਪਾਲ/ਬਿਊਰੋ ਨਿਊਜ਼ :
ਆਰਐਸਐਸ ਨੇ ਕਿਹਾ ਹੈ ਕਿ ਜੇਕਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜਯੇਸ਼ ਸ਼ਾਹ ਖ਼ਿਲਾਫ਼ ਪੁਖ਼ਤਾ ਸਬੂਤ ਹਨ ਤਾਂ ਉਨ੍ਹਾਂ ਦੀ ਜਾਂਚ ਕਰਵਾਈ ਜਾ ਸਕਦੀ ਹੈ। ਆਰਐਸਐਸ ਦੇ ਸੀਨੀਅਰ ਅਹੁਦੇਦਾਰ ਦੱਤਾਤ੍ਰੇਅ ਹੋਸਬੋਲੇ ਨੇ ਇਥੇ ਕਿਹਾ, ”ਲੋੜੀਂਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਫਿਰ ਉਸ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ ਹੈ।” ਆਰਐਸਐਸ ਆਗੂ ਨੇ ਕਿਹਾ ਕਿ ਜਿਹੜੇ ਲੋਕ ਜਯੇਸ਼ ਖ਼ਿਲਾਫ਼ ਦੋਸ ਮੜ੍ਹ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਇਹ ਸਾਬਤ ਕਰਨੇ ਚਾਹੀਦੇ ਹਨ। ਯਸ਼ਵੰਤ ਸਿਨਹਾ ਵੱਲੋਂ ਦਿੱਤੇ ਗਏ ਬਿਆਨ ਬਾਰੇ ਸ੍ਰੀ ਹੋਸਬੋਲੇ ਨੇ ਕਿਹਾ ਕਿ ਉਹ ਭਾਜਪਾ ਵਿਚ ਹਨ ਅਤੇ ਉਨ੍ਹਾਂ ਨੂੰ ਮੁੱਦੇ ਪਾਰਟੀ ਵਿਚ ਵਿਚਾਰਨੇ ਚਾਹੀਦੇ ਹਨ।
ਉਧਰ ਕਾਂਗਰਸ ਨੇ ਮੰਗ ਕੀਤੀ ਹੈ ਕਿ ਜਯੇਸ਼ ਸ਼ਾਹ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਕਾਂਗਰਸ ਤਰਜਮਾਨ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ, ”ਮੈਨੂੰ ਹੈਰਾਨੀ ਹੈ ਕਿ ਪ੍ਰਧਾਨ ਮੰਤਰੀ ਕਾਰੋਬਾਰ ਲਈ ਅਜਿਹੇ ਢੰਗ ਨਾਲ 15 ਕਰੋੜ ਰੁਪਏ ਲੈਣ ਦੇ ਮਾਡਲ ਬਾਰੇ ਕੋਈ ਚਾਨਣਾ ਪਾ ਸਕਣਗੇ।” ਉਸ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਨੂੰ ਖਾਮੋਸ਼ ਕਰਨ ਲਈ ਸੀਬੀਆਈ, ਆਮਦਨ ਕਰ ਵਿਭਾਗ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ ਪਰ ਵਧੀਕ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਜਯੇਸ਼ ਸ਼ਾਹ ਦਾ ਪੱਖ ਪੇਸ਼ ਕਰ ਰਹੇ ਹਨ।
Comments (0)