ਲੰਡਨ ‘ਚ ਕੈਪਟਨ ਵਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਲੰਡਨ ‘ਚ ਕੈਪਟਨ ਵਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਲੰਡਨ/ਬਿਊਰੋ ਨਿਊਜ਼ :
ਸਾਰਾਗੜ੍ਹੀ ਦੀ ਲੜਾਈ ਸਿੱਖ ਇਤਿਹਾਸ ਅਤੇ ਬ੍ਰਿਟਿਸ਼ ਇੰਡੀਆ ਫ਼ੌਜ ਦੀ ਅਜਿਹੀ ਲੜਾਈ ਹੈ ਜਿਸ ਨੂੰ 120 ਸਾਲਾਂ ਬਾਅਦ ਵੀ ਸਿੱਖਾਂ ਦੇ ਮਾਣ ਮੱਤੇ ਇਤਿਹਾਸ ਵਜੋਂ ਜਾਣਿਆ ਜਾਂਦਾ ਹੈ। 120ਵੀਂ ਵਰ੍ਹੇਗੰਢ ਮੌਕੇ ਕੱਲ੍ਹ ਲੰਡਨ ਵਿਚ ਹੋਏ ਆਖਰੀ ਸਮਾਗਮ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਾਰਤ ਦੇ ਹਾਈਕਮਿਸ਼ਨਰ ਵਾਈ ਕੇ ਸਿਨਹਾ ਅਤੇ ਫੀਲਡ ਮਾਰਸ਼ਲ ਸਰ ਜੌਹਨ ਚੈਪਲ ਜੀ. ਸੀ. ਬੀ. ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਰਾਣਾ ਨੇ ਜੀ ਆਇਆਂ ਕਿਹਾ ਅਤੇ ਮੇਜਰ ਬੀ. ਐਸ. ਕੋਹਲੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਿਤਾਬ ਸਾਰਾਗੜ੍ਹੀ ਅਤੇ ਸਮਾਨਾ ਕਿਲ੍ਹੇ ਦੀ ਰੱਖਿਆ ਸਬੰਧੀ ਜਾਣਕਾਰੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਸਾਰਾਗੜ੍ਹੀ ਦੀ ਲੜਾਈ ਅਤੇ ਇਸ ਨਾਲ ਸਬੰਧਤ ਘਟਨਾ ਕ੍ਰਮ ਨੂੰ ਇਕ ਵਿਸ਼ੇਸ਼ ਪ੍ਰਾਜੈਕਟ ਰਾਹੀਂ ਪੇਸ਼ ਕੀਤਾ। ਸਮਾਗਮ ਦੇ ਅੰਤ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਬਾਕੀ ਕਿਤਾਬਾਂ ਵਾਂਗ ਇਹ ਕਿਤਾਬ ਵੀ ਪੰਜਾਬੀ ਭਾਸ਼ਾ ਵਿਚ ਵੀ ਉਪਲੱਬਧ ਹੋਵੇਗੀ। ਇਸ ਮੌਕੇ ਸਮਾਗਮਾਂ ਨੂੰ ਕਾਮਯਾਬ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਹਰਮਿੰਦਰ ਸਿੰਘ ਗਿੱਲ, ਗੁਰਪਾਲ ਸਿੰਘ ਉੱਪਲ ਅਤੇ ਹੋਰਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਵਰਲਡ ਕੈਂਸਰ ਕੇਅਰ ਵਲੋਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਹ ਸਨਮਾਨ ਜਸਵੰਤ ਸਿੰਘ ਗਰੇਵਾਲ ਨੇ ਪ੍ਰਾਪਤ ਕੀਤਾ। ਇਸ ਮੌਕੇ ਬੋਲੇ ਸੋ ਨਿਹਾਲ ਅਤੇ ਜੰਗਾਂ ਦੌਰਾਨ ਲਗਾਏ ਜਾਣ ਵਾਲੇ ਖਾਲਸਾਈ ਨਾਅਰਿਆਂ ਅਤੇ ਦੋਹਰਿਆਂ ਨਾਲ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਹੀ ਬ੍ਰਿਟਿਸ਼ ਆਰਮੀ ਬੈਂਡ ਨਾਲ ਸ਼ਰਧਾਂਜ਼ਲੀ ਭੇਟ ਕੀਤੀ ਗਈ।