ਗੁਰਦੁਆਰਾ ਗੁਰੂਡਾਂਗਮਾਰ ਬਾਰੇ ਸੁਪਰੀਮ ਕੋਰਟ ਵੱਲੋਂ ਸਥਿਤੀ ‘ਜਿਉਂ ਦੀ ਤਿਉਂ’ ਦੇ ਨਿਰਦੇਸ਼

ਗੁਰਦੁਆਰਾ ਗੁਰੂਡਾਂਗਮਾਰ ਬਾਰੇ ਸੁਪਰੀਮ ਕੋਰਟ ਵੱਲੋਂ ਸਥਿਤੀ ‘ਜਿਉਂ ਦੀ ਤਿਉਂ’ ਦੇ ਨਿਰਦੇਸ਼

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੁਪਰੀਮ ਕੋਰਟ ਨੇ ਸਿੱਕਿਮ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸਿੱਖਾਂ ਦੇ ਪਹਿਲੇ  ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਗੁਰੂਡਾਂਗਮਾਰ ਸਬੰਧੀ ਸਥਿਤੀ ‘ਜਿਉਂ ਦੀ ਤਿਉਂ’ ਰੱਖੀ ਜਾਵੇ। ਸਰਬਉੱਚ ਅਦਾਲਤ ਨੇ ਇਹ ਨਿਰਦੇਸ਼ ਉਸ ਪਟੀਸ਼ਨ ‘ਤੇ ਦਿੱਤੇ ਹਨ, ਜਿਸ ਤਹਿਤ ਮੰਗ ਕੀਤੀ ਗਈ ਸੀ ਕਿ ਕਥਿਤ ਤੌਰ ‘ਤੇ ਮੁਰੰਮਤ ਦੇ ਨਾਂ ‘ਤੇ ਇਸ ਗੁਰਦੁਆਰੇ ਦੀ ਇਮਾਰਤ ਢਾਹੁਣ ਤੋਂ ਸਰਕਾਰ ਨੂੰ ਰੋਕਿਆ ਜਾਵੇ। ਰਾਜ ਸਰਕਾਰ ਦੇ ਵਕੀਲ ਨੇ ਜਦੋਂ ਇਹ ਦੱਸਿਆ ਕਿ ਅਜਿਹੀ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਵੀ ਸੁਣਵਾਈ ਅਧੀਨ ਹੈ, ਜਿਸ ‘ਤੇ 13 ਸਤੰਬਰ ਨੂੰ ਸੁਣਵਾਈ ਹੋਣੀ ਹੈ ਤਾਂ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ।
ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਦੇ ਨਿਰਦੇਸ਼ ਦਿੱਤੇ ਪਰ ਨਾਲ ਹੀ ਹਾਈ ਕੋਰਟ ਵੱਲੋਂ ਮਸਲੇ ‘ਤੇ ਸੁਣਵਾਈ ਕੀਤੇ ਜਾਣ ਤੱਕ ਸੂਬਾਈ ਸਰਕਾਰ ਨੂੰ ਇਸ ਮਸਲੇ ‘ਤੇ ਸਥਿਤੀ ‘ਜਿਉਂ ਦੀ ਤਿਉਂ’ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ। ਬੈਂਚ ਨੇ ਕਿਹਾ ਕਿ ਇਸ ਗੱਲ ‘ਤੇ ਗ਼ੌਰ ਕੀਤੀ ਜਾਵੇ ਕਿ ਸੁਪਰੀਮ ਕੋਰਟ ਵੱਲੋਂ ਇਸ ਮਸਲੇ ‘ਤੇ ਕੋਈ ਰਾਏ ਨਹੀਂ ਦਿੱਤੀ ਗਈ ਹੈ ਤੇ ਹਾਈ ਕੋਰਟ ਕਾਨੂੰਨ ਮੁਤਾਬਕ ਇਸ ਮਸਲੇ ਦਾ ਫ਼ੈਸਲਾ ਕਰੇ। ਪਟੀਸ਼ਨਰ ਅੰਮ੍ਰਿਤਪਾਲ ਸਿੰਘ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰ ਕੇ ਦੋਸ਼ ਲਾਏ ਸਨ ਕਿ ਸਰਕਾਰੀ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਗੁਰਦੁਆਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਟਾ ਦਿੱਤਾ ਤੇ ਮੁਰੰਮਤ ਦੇ ਨਾਂ ‘ਤੇ ਗੁਰਦੁਆਰੇ ਨੂੰ ਢਾਹਿਆ ਜਾਵੇਗਾ। ਉਸ ਨੇ ਦੋਸ਼ ਲਾਇਆ ਸੀ ਕਿ ਅਧਿਕਾਰੀਆਂ ਨੇ ਪਾਵਨ ਸਰੂਪ ਨੂੰ ਹਟਾਉਣ ਲਈ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ। ਪਟੀਸ਼ਨ ਵਿੱਚ ਇਹ ਕਿਹਾ ਗਿਆ ਸੀ ਕਿ ਜੇ ਅਧਿਕਾਰੀ ਇਸ ਥਾਂ ‘ਤੇ ਕੋਈ ਮੁਰੰਮਤ ਕਰਨਾ ਵੀ ਚਾਹੁੰਦੇ ਹਨ ਤਾਂ ਪ੍ਰਬੰਧਕ ਨੂੰ ਇੱਕ ਮਹੀਨੇ ਦਾ ਅਗਾਊਂ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ ਤਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਮਰਿਆਦਾ ਨਾਲ ਉਥੋਂ ਹਟਾਇਆ ਜਾਂਦਾ। ਪਟੀਸ਼ਨਰ ਨੇ ਕਿਹਾ ਸੀ ਕਿ ਵੱਡੀ ਗਿਣਤੀ ਇਤਿਹਾਸਕ ਕਿਤਾਬਾਂ ਤੇ ਕਾਗ਼ਜ਼ਾਤ ਵਿੱਚ ਇਸ ਗੱਲ ਦਾ ਹਵਾਲਾ ਮਿਲਦਾ ਹੈ ਕਿ ਇਸ ਸਥਾਨ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ।
ਜੀ.ਕੇ. ਦੀ ਅਗਵਾਈ ‘ਚ ਵਫ਼ਦ ਰਾਜ ਮੰਤਰੀ ਨੂੰ ਮਿਲਿਆ :
ਨਵੀਂ ਦਿੱਲੀ : ਸਿੱਕਿਮ ਦੇ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ ਸਬੰਧੀ ਦੂਜੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਡਾ. ਜੀਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਦੀ ਉੱਤਰ ਪੂਰਬੀ ਸੂਬਿਆਂ ਦੇ ਮਾਮਲਿਆਂ ਬਾਰੇ ਮੰਤਰੀ ਨਾਲ ਹੋਈ ਮੁਲਾਕਾਤ ਦੌਰਾਨ ਸਿੱਕਿਮ ਸਰਕਾਰ ਦੇ ਦਿੱਲੀ ਵਿੱਚ ਰੈਜ਼ੀਡੈਂਟ ਕਮਿਸ਼ਨਰ ਵੀ ਮੌਜੂਦ ਸਨ। ਸ੍ਰੀ ਜੀ.ਕੇ. ਨੇ ਜੀਤੇਂਦਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਗੁਰਦੁਆਰੇ ਸਬੰਧੀ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦਾ ਹਵਾਲਾ ਦਿੰਦੇ ਹੋਏ ਇਸ ਮਸਲੇ ‘ਤੇ ਸਿੱਕਿਮ ਦੇ ਮੁੱਖ ਮੰਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੀ ਛੋਹ ਪ੍ਰਾਪਤ ਇਸ ਸਥਾਨ ਨੇੜੇ ਸਿੱਖ ਬੇਸ਼ਕ ਘੱਟ ਰਹਿੰਦੇ ਹਨ ਪਰ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੀ ਭਾਵਨਾ ਹੈ ਕਿ ਗੁਰਦੁਆਰੇ ਦੀ ਹੋਂਦ ਹਰ ਹਾਲਾਤ ਵਿੱਚ ਬਰਕਰਾਰ ਰਹੇ। ਗੁਰਦੁਆਰੇ ਵਾਲੀ ਥਾਂ ਚੀਨ ਸਰਹੱਦ ਨੇੜੇ ਹੋਣ ਕਰ ਕੇ ਆਮ ਨਾਗਰਿਕਾਂ ‘ਤੇ ਬਿਨਾਂ ਮਨਜ਼ੂਰੀ ਇਸ ਥਾਂ ਜਾਣ ਦੀ ਪਾਬੰਦੀ ਹੈ। ਉਨ੍ਹਾਂ ਇਸ ਮਸਲੇ ‘ਤੇ ਸਥਾਨਕ ਲਾਮਾਵਾਂ ਦੇ ਨਾਲ-ਨਾਲ ਦਲਾਈਲਾਮਾ ਨਾਲ ਵੀ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ।