ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ

ਲਾਹੌਰ/ਬਿਊਰੋ ਨਿਊਜ਼ :
ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਗਈ। ਇਸ ਤੋਂ ਪਹਿਲਾਂ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਪਾਕਿਸਤਾਨ ‘ਓਕਾਫ਼ ਟਰੱਸਟ ਪ੍ਰਾਪਰਟੀ ਬੋਰਡ’ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਦੀ 178ਵੀਂ ਬਰਸੀ ਮਨਾਈ ਗਈ ਸੀ। ਭਾਰਤੀ ਜਥੇ ਦੇ ਪਾਕਿਸਤਾਨ ਨਾ ਪਹੁੰਚਣ ‘ਤੇ ਅਚਾਨਕ ਉਲੀਕੇ ਗਏ ਇਸ ਪ੍ਰੋਗਰਾਮ ਦੇ ਚੱਲਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਤਿੰਨ ਦਿਨ ਬਾਅਦ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਚ ਮਨਾਈ ਗਈ ਬਰਸੀ ਮੌਕੇ ਫ਼ਾਟਾ (ਫੈਡਰਲੀ ਐਡਮਿਨਸਟ੍ਰੇਟਿਡ ਟ੍ਰਾਇਬਲ ਏਰੀਆ), ਸੂਬਾ ਖ਼ੈਬਰ ਪਖਤੂਨਖਵਾ, ਸਿੰਧ ਤੇ ਅਫ਼ਗਾਨਿਸਤਾਨ ਤੋਂ 400 ਦੇ ਕਰੀਬ ਹਿੰਦੂ ਤੇ 600 ਤੋਂ ਵਧੇਰੇ ਸਿੱਖ ਯਾਤਰੂ ਪਹੁੰਚੇ। ਬੁਨੇਰ ਸ਼ਹਿਰ ਤੋਂ ਪਹੁੰਚੇ ਰਾਮੇਸ਼ ਸਿੰਘ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੂਆਂ ਦੇ ਜਥੇ ਨੂੰ ਵੀਜ਼ਾ ਮਿਲਣ ਦੇ ਬਾਵਜੂਦ ਪਾਕਿਸਤਾਨ ਨਾ ਭੇਜਿਆ ਜਾਣਾ ਭਾਰਤ ਸਰਕਾਰ ਦੀ ਇਤਰਾਜ਼ਯੋਗ ਕਾਰਵਾਈ ਹੈ। ਜੈਕਬਾਬਾਦ ਦੇ ਤਾਨਾ ਕੁਮਾਰ ਤੇ ਖੈਰਪੁਰ ਦੀ ਰੌਸ਼ਨ ਕੁਮਾਰੀ ਨੇ ਕਿਹਾ ਕਿ ਸੁਰੱਖਿਆ ਦਾ ਬਹਾਨਾ ਬਣਾ ਕੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਿਸ ਤਰ੍ਹਾਂ ਨਾਲ ਭਾਰਤੀ ਸਿੱਖ ਜਥੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ‘ਤੇ ਆਉਣ ਲਈ ਰੋਕਿਆ ਗਿਆ ਹੈ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਸੇ ਦੀਆਂ ਸਰਕਾਰਾਂ ਦੇ ਆਪਸੀ ਤਣਾਅ ਦਾ ਅਸਰ ਗੁਰਧਾਮਾਂ ਦੀ ਯਾਤਰਾ ‘ਤੇ ਨਹੀਂ ਪੈਣਾ ਚਾਹੀਦਾ।