ਕਾਂਗਰਸ ਪਾਰਟੀ ਸਿੱਖ ਵਿਰੋਧੀ ਕਾਰਵਾਈ ਕਰਦੀ ਹੀ ਕਰਦੀ ਹੈ : ਸੁਖਬੀਰ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਸਤਾਰ, ਦਲਿਤਾਂ ਅਤੇ ਔਰਤਾਂ ਦੇ ਸਤਿਕਾਰ ਨੂੰ ਸੱਟ ਮਾਰਨ ਦੇ ਮਸਲੇ ‘ਤੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਾਂਗਰਸ ਦੇ ਸਿੱਖ ‘ਵਿਰੋਧੀ’ ਹੋਣ ਦਾ ਪੁਰਾਣਾ ਰਾਗ ਅਲਾਪਦਿਆਂ ਕਿਹਾ ਕਿ ਮੌਕੇ ਮਿਲਣ ‘ਤੇ ਕਾਂਗਰਸ ਪਾਰਟੀ ਸਿੱਖ ਵਿਰੋਧੀ ਕਾਰਵਾਈ ਕਰਦੀ ਹੀ ਕਰਦੀ ਹੈ।
ਵਿਧਾਨ ਸਭਾ ‘ਚੋਂ ਵਾਕਆਊਟ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵਾਪਰੀਆਂ ਘਟਨਾਵਾਂ ਸਬੰਧੀ ਉਹ ਰਾਜਪਾਲ ਨਾਲ ਮੁਲਾਕਾਤ ਕਰ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਬਰਤਰਫ਼ ਕਰਨ ਦੀ ਮੰਗ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪੱਗ ਦੀ ਬੇਅਬਦੀ ਸਬੰਧੀ ਉਨ੍ਹਾਂ ਨੇ ਸਿਧਾਂਤਕ ਸਟੈਂਡ ਲਿਆ ਹੈ। ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਕਾਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਤੇ ਕਾਲੇ ਚੋਗੇ ਪਾਏ ਹੋਏ ਸਨ। ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ ਕਾਲੇ ਰੰਗ ਦਾ ਸਾਫਾ ਬੰਨ੍ਹਿਆ ਹੋਇਆ ਸੀ ਤੇ ਡਾ. ਸੁਖਵਿੰਦਰ ਸੁਖੀ, ਪਵਨ ਟੀਨੂ, ਐਨ. ਕੇ. ਸ਼ਰਮਾ ਨੇ ਪੱਗ ਬੰਨ੍ਹੀ ਹੋਈ ਸੀ।
Comments (0)