ਰਾਸ਼ਟਰਪਤੀ ਦੀ ਚੋਣ ਲਈ ਕੋਵਿੰਦ ਹੋਣਗੇ ਐਨਡੀਏ ਦੇ ਉਮੀਦਵਾਰ
ਭਾਜਪਾ ਨੇ ਦਲਿਤ ਆਗੂ ਨੂੰ ਉਮੀਦਵਾਰ ਬਣਾ ਕੇ ਚੱਲੀ ਚਾਲ
ਮਾਇਆਵਤੀ ਬੋਲੀ- ਦਲਿਤ ਉਮੀਦਵਾਰ ਦਾ ਅਸੀਂ ਵਿਰੋਧ ਨਹੀਂ ਕਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਉਤਰ ਪ੍ਰਦੇਸ਼ ਦੇ ਦਲਿਤ ਆਗੂ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਚੋਣ ਲਈ ਐਨਡੀਏ ਦਾ ਉਮੀਦਵਾਰ ਐਲਾਨ ਦਿੱਤਾ, ਜੋ ਇਸ ਵਕਤ ਬਿਹਾਰ ਦੇ ਰਾਜਪਾਲ ਹਨ। ਪਾਰਟੀ ਦੇ ਸੰਸਦੀ ਬੋਰਡ ਦੀ ਅਚਾਨਕ ਸੱਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਅਮਿਤ ਸ਼ਾਹ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ”ਰਾਮ ਨਾਥ ਕੋਵਿੰਦ ਨੇ ਹਮੇਸ਼ਾ ਦਲਿਤਾਂ ਤੇ ਦੂਜੇ ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ।” ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸ੍ਰੀ ਕੋਵਿੰਦ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਵੀ ਹਾਸਲ ਹੋਵੇਗੀ। ਉਂਜ ਕਾਂਗਰਸ ਨੇ ਸਰਬਸੰਮਤੀ ਦੀਆਂ ਕੋਸ਼ਿਸ਼ਾਂ ਉਤੇ ਸਵਾਲੀਆ ਨਿਸ਼ਾਨ ਲਾਉਂਦਿਆਂਂ ਭਾਜਪਾ ‘ਤੇ ‘ਇਕਪਾਸੜ ਕਾਰਵਾਈ’ ਦਾ ਦੋਸ਼ ਲਾਇਆ ਹੈ ਤੇ ਵਿਰੋਧੀ ਧਿਰ ਵਲੋਂ ਉਮੀਦਵਾਰ ਉਤਾਰੇ ਜਾਣ ਦਾ ਸੰਕੇਤ ਦਿੱਤਾ ਹੈ।
ਭਾਜਪਾ ਦੀ ਇਸ ਤੁਰਪ ਚਾਲ ਤੋਂ ਬਾਅਦ ਲੜੀਵਾਰ ਟਵੀਟਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ”ਮੈਨੂੰ ਯਕੀਨ ਹੈ ਕਿ ਸ੍ਰੀ ਕੋਵਿੰਦ ਇਕ ਲਾਸਾਨੀ ਰਾਸ਼ਟਰਪਤੀ ਸਾਬਤ ਹੋਣਗੇ ਤੇ ਉਹ ਗ਼ਰੀਬਾਂ, ਦਲਿਤਾਂ ਤੇ ਪਛੜਿਆਂ ਦੀ ਮਜ਼ਬੂਤ ਆਵਾਜ਼ ਬਣੇ ਰਹਿਣਗੇ।” ਉਨ੍ਹਾਂ ਨਾਲ ਹੀ ਕਿਹਾ, ”ਸ੍ਰੀ ਕੋਵਿੰਦ ਇਕ ਕਿਸਾਨ ਦੇ ਪੁੱਤਰ ਤੇ ਨਿਮਾਣੇ ਪਿਛੋਕੜ ਨਾਲ ਸਬੰਧਤ ਹਨ।” ਸ੍ਰੀ ਕੋਵਿੰਦ (71) ਵਲੋਂ 23 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਨਾਮਜ਼ਦਗੀ ਭਰੇ ਜਾਣ ਦੇ ਆਸਾਰ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਐਨਡੀਏ ਵਲੋਂ ਰਾਸ਼ਟਰਪਤੀ ਉਮੀਦਵਾਰ ਵਜੋਂ ਅਨੇਕਾਂ ਨਾਵਾਂ ਨੂੰ ਵਿਚਾਰਿਆ ਗਿਆ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰਨਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਟੀਆਰਐਸ, ਵਾਈਐਸਆਰ ਕਾਂਗਰਸ, ਅੰਨਾ ਡੀਐਮਕੇ ਦੇ ਦੋਵੇਂ ਧੜਿਆਂ ਨੇ ਸ੍ਰੀ ਕੋਵਿੰਦ ਨੂੰ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਐਨਡੀਏ ਦੇ ਕਈ ਭਾਈਵਾਲ ਜਿਵੇਂ ਐਲਜੇਪੀ, ਆਰਐਲਐਸਪੀ, ਟੀਡੀਪੀ, ਆਰਪੀਆਈ ਤੇ ਅਕਾਲੀ ਦਲ ਪਹਿਲਾਂ ਹੀ ਹਮਾਇਤ ਐਲਾਨ ਚੁੱਕੇ ਹਨ। ਐਨਡੀਏ ਵਲੋਂ ਤਿਆਰ ਨਾਮਜ਼ਦਗੀ ਦੇ ਚਾਰ ਸੈੱਟਾਂ ਵਿਚੋਂ ਦੋ ਦੀ ਅਗਵਾਈ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਟੀਡੀਪੀ ਦੇ ਐਨ. ਚੰਦਰਬਾਬੂ ਨਾਇਡੂ ਨੇ ਹੀ ਕੀਤੀ ਹੈ। ਸ੍ਰੀ ਕੋਵਿੰਦ ਦੀ ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ ਤੇ ਉਹ ਦੇਸ਼ ਦੇ 14ਵੇਂ ਤੇ ਸ੍ਰੀ ਕੇ.ਆਰ. ਨਰਾਇਣਨ ਤੋਂ ਬਾਅਦ ਦੂਜੇ ਦਲਿਤ ਰਾਸ਼ਟਰਪਤੀ ਹੋ ਸਕਦੇ ਹਨ।
ਉਧਰ ਕਾਂਗਰਸ ਨੇ ਕਿਹਾ ਕਿ ਉਸ ਵਲੋਂ 22 ਜੂਨ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ ਕੀਤਾ ਜਾਵੇਗਾ। ਭਾਜਪਾ ਉਤੇ ‘ਇਕਪਾਸੜ ਫ਼ੈਸਲਾ’ ਲੈਣ ਦਾ ਦੋਸ਼ ਲਾਉਂਦਿਆਂਂ ਪਾਰਟੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਯੂਪੀ ਦੇ ਸਹਾਰਨਪੁਰ ਵਿਚ ਪਿਛਲੇ ਦਿਨੀਂ ਦਲਿਤਾਂ ਉਤੇ ਹੋਏ ਜ਼ੁਲਮਾਂ ਤੋਂ ਜ਼ਾਹਰ ਹੈ ਕਿ ਭਾਜਪਾ ਨੂੰ ‘ਦਲਿਤਾਂ ਦੀ ਕੋਈ ਫ਼ਿਕਰ ਨਹੀਂ’ ਹੈ।
ਬਹੁਜਨ ਸਮਾਜ ਪਾਰਟੀ ਪ੍ਰਧਾਨ ਬੀਬੀ ਮਾਇਆਵਤੀ ਨੇ ਕਿਹਾ ਕਿ ਇਕ ਦਲਿਤ ਉਮੀਦਵਾਰ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਨਾਂਹਪੱਖੀ ਸਟੈਂਡ ਨਹੀਂ ਲੈ ਸਕਦੀ। ਉਨ੍ਹਾਂ ਕਿਹਾ, ”ਸਾਡਾ ਸਟੈਂਡ (ਸ੍ਰੀ ਕੋਵਿੰਦ ਲਈ) ਹਾਂਪੱਖੀ ਹੋਵੇਗਾ, ਬਸ਼ਰਤੇ ਵਿਰੋਧੀ ਧਿਰ ਵਲੋਂ ਕੋਈ ਦਲਿਤ ਆਗੂ ਮੈਦਾਨ ਵਿਚ ਨਹੀਂ ਉਤਾਰਿਆ ਜਾਂਦਾ।” ਉਨ੍ਹਾਂ ਕਿਹਾ ਕਿ ਜੇ ਵਿਰੋਧੀ ਧਿਰ ਕੋਈ ਵੱਧ ਮਕਬੂਲ ਦਲਿਤ ਆਗੂ ਲਿਆਉਂਦੀ ਹੈ ਤਾਂ ਪਾਰਟੀ ਵਿਚਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ ਲਈ ਇਕ ਗ਼ੈਰਸਿਆਸੀ ਦਲਿਤ ਉਮੀਦਵਾਰ ਦੀ ਉਮੀਦ ਕਰਦੇ ਸਨ।
ਵਿਰੋਧੀ ਪਾਰਟੀਆਂ ਦੀ ਮੀਟਿੰਗ 22 ਨੂੰ:
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਵਲੋਂ ਰਾਸ਼ਟਰਪਤੀ ਦੀ ਚੋਣ ਲਈ ਸਰਬਸੰਮਤੀ ਨਾਲ ਉਮੀਦਵਾਰ ਉਤਾਰਨ ਸਬੰਧੀ 22 ਜੂਨ ਨੂੰ ਇਥੇ ਮੀਟਿੰਗ ਕੀਤੀ ਜਾਵੇਗੀ। ਵਿਰੋਧੀ ਪਾਰਟੀਆਂ ਮਿਲ ਕੇ ਫ਼ੈਸਲਾ ਕਰਨਗੀਆਂ ਕਿ ਉਮੀਦਵਾਰ ਉਤਾਰਨਾ ਹੈ ਜਾਂ ਨਹੀਂ। ਸੀਪੀਆਈ ਦੇ ਕੌਮੀ ਸਕੱਤਰ ਡੀ. ਰਾਜਾ ਨੇ ਕਿਹਾ, ”ਭਾਜਪਾ ਨੇ ਅਚਾਨਕ ਆਰਐਸਐਸ ਪਿਛੋਕੜ ਵਾਲੇ ਆਗੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਦੇ ਅਸੀਂ ਖ਼ਿਲਾਫ਼ ਹਾਂ।”
Comments (0)