ਨਾਭਾ ਜੇਲ੍ਹ ਬਰੇਕ ਕਾਂਡ ਦਾ ਮਾਸਟਰ ਮਾਈਂਡ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫ਼ਤਾਰ

ਨਾਭਾ ਜੇਲ੍ਹ ਬਰੇਕ ਕਾਂਡ ਦਾ ਮਾਸਟਰ ਮਾਈਂਡ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫ਼ਤਾਰ

ਕੈਪਸ਼ਨ-ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਕੇਐਲਐਫ’ ਦੇ ਨਾਅਰੇ ਲਿਖੀ ਕੰਧ ਅੱਗੇ ਖੜ੍ਹੀ ਪੁਲੀਸ ਪਾਰਟੀ (ਇਨਸੈੱਟ) ਪੁਲੀਸ ਵੱਲੋਂ ਕਾਬੂ ਕੀਤੇ ਗਏ ਗੁਰਪ੍ਰੀਤ ਸੇਖੋਂ ਦੀ ਫਾਈਲ ਫੋਟੋ।  
ਮੋਗਾ/ਅਜੀਤਵਾਲ/ਬਿਊਰੋ ਨਿਊਜ਼ :
ਇੱਥੇ ਪਿੰਡ ਢੁੱਡੀਕੇ ਵਿੱਚ ਗੋਲੀਬਾਰੀ ਤੋਂ ਬਾਅਦ ਪੁਲੀਸ ਨੇ ਸੁੱਖਾ ਕਾਹਲਵਾਂ ਹੱਤਿਆ ਅਤੇ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਲੋੜੀਂਦੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਸਮੇਤ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗੈਂਗਸਟਰ ਇਕ ਪਰਵਾਸੀ ਪੰਜਾਬੀ ਦੀ ਕੋਠੀ ਵਿੱਚ ਲੁਕੇ ਹੋਏ ਸਨ। ਪੁਲੀਸ ਨੇ ਮੌਕੇ ਤੋਂ ਤਿੰਨ ਪਿਸਤੌਲ ਅਤੇ ਇਕ 12 ਬੋਰ ਦੀ ਬੰਦੂਕ ਤੇ ਦੋ ਗੱਡੀਆਂ ਕਬਜ਼ੇ ਵਿੱਚ ਲਈਆਂ ਹਨ।
ਪਿੰਡ ਢੁੱਡੀਕੇ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਅਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਪਟਿਆਲਾ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਟਿਆਲਾ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀਕੇ ਵਿੱਚ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਜੋ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਮੁੱਦਕੀ ਦਾ ਰਹਿਣ ਵਾਲਾ ਹੈ, ਨੇ ਆਪਣੇ ਤਿੰਨ ਸਾਥੀਆਂ ਨਾਲ ਪਰਵਾਸੀ ਪੰਜਾਬੀ ਦੇ ਘਰ ਪਨਾਹ ਲਈ ਹੋਈ ਹੈ। ਪਟਿਆਲਾ ਪੁਲੀਸ ਦੇ ਐਸਪੀ  ਦੀ ਅਗਵਾਈ ਹੇਠ ਪੁਲੀਸ ਨੇ ਦੁਪਹਿਰ ਬਾਅਦ ਪਿੰਡ ਢੁੱਡੀਕੇ ਵਿੱਚ ਸਬੰਧਤ ਘਰ ਨੂੰ ਘੇਰਾ ਪਾ ਲਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅੰਦਰ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਪੰਦਰਾਂ ਮਿੰਟ ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਪਰ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਕੋਈ ਗੋਲੀਬਾਰੀ ਨਹੀਂ ਹੋਈ, ਜਿਸ ਮਕਾਨ ਵਿੱਚ ਇਹ ਖ਼ਤਰਨਾਕ ਗੈਂਗਸਟਰ ਰੁਕੇ ਹੋਏ ਸਨ, ਉਹ ਮਕਾਨ ਲਾਲਾ ਲਾਜਪਤ ਰਾਏ ਯਾਦਗਾਰੀ ਭਵਨ ਦੇ ਬਿਲਕੁਲ ਨੇੜੇ ਹੈ ਅਤੇ ਇਸ ਮਕਾਨ ਵਿੱਚ ਪਰਵਾਸੀ ਪੰਜਾਬੀ ਰਹਿ ਰਿਹਾ ਹੈ। ਇਸ ਮੁਕਾਬਲੇ ਵਿੱਚ ਕਿਸੇ ਵੀ ਗੈਂਗਸਟਰ ਜਾਂ ਪੁਲੀਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਬਾਅਦ ਪੁਲੀਸ ਨੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਪਿੰਡ ਮੰਗੇਵਾਲਾ, ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਕਾਬੂ ਕਰ ਲਿਆ। ਇਸ ਘਟਨਾ ਸਮੇਂ ਪਿੰਡ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਅਤੇ ਪੁਲੀਸ ਦਾ ਦੰਗਾ ਰੋਕੂ ਦਸਤਾ ਤੇ ਹੋਰ ਤਕਰੀਬਨ ਡੇਢ ਦਰਜਨ ਗੱਡੀਆਂ ਪਿੰਡ ਵਿੱਚ ਘੁੰਮ ਰਹੀਆਂ ਸਨ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਸੀ।

ਮੁਲਜ਼ਮਾਂ ਨੂੰ ਪਟਿਆਲਾ ਲਿਆਂਦਾ :
ਪਟਿਆਲਾ : ਗੁਰਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਪੁਲੀਸ ਪਟਿਆਲਾ ਪੁੱਜ ਗਈ ਹੈ। ਗ੍ਰਿਫ਼ਤਾਰ ਗੈਂਗਸਟਰਾਂ ਨੂੰ ਸੀਆਈਏ ਸਟਾਫ ਪਟਿਆਲਾ ਵਿੱਚ ਰੱਖਿਆ ਗਿਆ ਹੈ। ਇਹ ਗ੍ਰਿਫ਼ਤਾਰੀਆਂ ਕਾਊਂਟਰ ਇੰਟੈਲੀਜੈਂਸ ਅਤੇ ਮੋਗਾ ਪੁਲੀਸ ਦੀ ਮਦਦ ਨਾਲ ਪਟਿਆਲਾ ਦੇ ਐਸ.ਪੀ (ਡੀ) ਹਰਵਿੰਦਰ ਵਿਰਕ ਦੀ ਅਗਵਾਈ ਹੇਠ ਸੀਆਈਏ ਸਟਾਫ਼ ਪਟਿਆਲਾ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਟੀਮ ਨੇ ਕੀਤੀਆਂ। ਇਨ੍ਹਾਂ ਚਾਰਾਂ ਗੈਂਗਸਟਰਾਂ ਨੂੰ ਭਲਕੇ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਨਾਭਾ ਜੇਲ੍ਹ ਬਰੇਕ ਕਾਂਡ ਦੇ ਛੇ ਮੁਲਜ਼ਮਾਂ ਵਿੱਚੋਂ ਤਿੰਨ ਫੜੇ ਗਏ ਹਨ। ਇਨ੍ਹਾਂ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹਰਮਿੰਦਰ ਸਿੰਘ ਮਿੰਟੂ ਪਹਿਲੀ ਰਾਤ ਹੀ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਨੂੰ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਪਲਵਿੰਦਰ ਪਿੰਦਾ ਉਸੇ ਦਿਨ ਉੱਤਰ ਪ੍ਰਦੇਸ਼ ਤੋਂ ਫੜ ਲਿਆ ਗਿਆ ਸੀ, ਜਦੋਂ ਕਿ ਇਕ ਹੋਰ ਭਗੌੜਾ ਗੈਂਗਸਟਰ ਨੀਟਾ ਦਿਓਲ ਪਿਛਲੇ ਮਹੀਨੇ ਇੰਦੌਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ ਸੇਖੋਂ :
ਗੁਰਪ੍ਰੀਤ ਸੇਖੋਂ ਵਿਦੇਸ਼ ਭੱਜਣ  ਦੀ ਤਾਕ ਵਿੱਚ ਸੀ। ਉਸ ਨੇ ਫ਼ਰਜ਼ੀ ਨਾਮ ਤੇ ਪਤੇ ਉਤੇ ਪਾਸਪੋਰਟ ਵੀ ਬਣਾਇਆ ਹੋਇਆ ਸੀ, ਜੋ ਪੁਲੀਸ ਦੇ ਹੱਥ ਲੱਗ ਗਿਆ। ਉਨ੍ਹਾਂ ਕੋਲੋਂ ਬਰਾਮਦ ਹੋਏ ਹਥਿਆਰਾਂ ਨਾਲ ਉਹ ਕਿਸੇ ਹੋਰ ਵੱਡੀ  ਵਾਰਦਾਤ ਨੂੰ ਅੰਜ਼ਾਮ ਦੇਣ ਦੇ ਰੌਂਅ ਵਿੱਚ ਸਨ।  ਬਰਾਮਦ ਹੋਈਆਂ ਦੋਵੇਂ ਗੱਡੀਆਂ ਵੀ ਉਨ੍ਹਾਂ ਹਥਿਆਰਾਂ ਦੀ ਨੋਕ ‘ਤੇ  ਖੋਹੀਆਂ ਸਨ। ਪੁਲੀਸ ਨੂੰ ਚਮਕਾ ਦੇਣ ਲਈ ਸੇਖੋਂ ਹੁਣ ਪੱਗ ਬੰਨ੍ਹ ਕੇ ਰੱਖਦਾ ਸੀ।