ਰਾਗੀ ਗ੍ਰੰਥੀ ਸਭਾ ਨੇ ਡੇਰੇ ਦੀ ਹਮਾਇਤ ਲੈਣ ਦਾ ਲਿਆ ਗੰਭੀਰ ਨੋਟਿਸ

ਰਾਗੀ ਗ੍ਰੰਥੀ ਸਭਾ ਨੇ ਡੇਰੇ ਦੀ ਹਮਾਇਤ ਲੈਣ ਦਾ ਲਿਆ ਗੰਭੀਰ ਨੋਟਿਸ

ਕੈਪਸ਼ਨ-ਸੰਗਰੂਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਤੇ ਹੋਰ ਮੈਂਬਰ।
ਸੰਗਰੂਰ/ਬਿਊਰੋ ਨਿਊਜ਼ :
ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਨੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਤੋਂ ਸਮਰਥਨ ਲੈਣ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਫ਼ੈਸਲੇ ਨੂੰ ਸਿੱਖ ਕੌਮ ਨਾਲ ਧ੍ਰੋਹ ਕਰਾਰ ਦਿੱਤਾ ਹੈ। ਸਭਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਿੱਖ ਪੰਥ ਦੇ ਦੋਖੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੋਟ ਸ਼ਕਤੀ ਨਾਲ ਸਬਕ ਸਿਖਾਉਣ ਦਾ ਸੱਦਾ ਦਿੱਤਾ ਹੈ।
ਇੱਥੇ ਗੁਰਮਿਤ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਨੇ ਸਭਾ ਦੀ ਮੀਟਿੰਗ ਮਗਰੋਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਸਿਰਸਾ ਕੋਲੋਂ ਸਮਰਥਨ ਹਾਸਲ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵਿੱਚ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੀਆਂ ਵਾਪਰੀਆਂ ਘਟਨਾਵਾਂ ਵਿਰੁੱਧ ਰੋਸ ਹੈ ਪਰ ਹੁਣ ਅਕਾਲੀ ਦਲ ਨੇ ਵੋਟਾਂ ਦੇ ਲਾਲਚ ਵਿੱਚ ਡੇਰਾ ਸਿਰਸਾ ਦਾ ਸਮਰਥਨ ਹਾਸਲ ਕਰਕੇ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਜਿਸ ਦਾ ਅਕਾਲ ਤਖ਼ਤ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਮੌਕੇ ਤਾਰਾ ਸਿੰਘ ਦੁੱਗਾਂ, ਗੁਰਸੇਵਕ ਸਿੰਘ, ਨਾਜਰ ਸਿੰਘ, ਹਰਵਿੰਦਰ ਸਿੰਘ, ਨਿਰੰਜਣ ਸਿੰਘ, ਇਕਬਾਲ ਸਿੰਘ, ਦਲਜੀਤ ਸਿੰਘ ਤਾਨ ਤੇ ਸੁੰਦਰ ਸਿੰਘ ਹਾਜ਼ਰ ਸਨ।
ਅਖੰਡ ਕੀਰਤਨੀ ਜਥੇ ਨੇ ਪ੍ਰਗਟਾਇਆ ਰੋਸ :
ਐਸ.ਏ.ਐਸ. ਨਗਰ (ਮੁਹਾਲੀ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੇ ਸਮਰਥਨ ਦਾ ਅਖੰਡ ਕੀਰਤਨੀ ਜਥੇ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਡੇਰੇ ਦੇ ਸਮਰਥਨ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਡੇਰਾ ਮੁਖੀ ਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ।
ਇੱਥੇ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ ਫਗਵਾੜਾ ਅਤੇ ਮੁੱਖ ਬੁਲਾਰੇ ਭਾਈ ਆਰ.ਪੀ. ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਡੇਰਾ ਸਿਰਸਾ ਦੀ ਹਮਾਇਤ ਲੈਣ ਲਈ ਪੰਜਾਬ ਵਿੱਚ ਡੇਰਾ ਮੁਖੀ ਦੇ ਸਤਿਸੰਗ ਕਰਵਾਉਣ ਸਬੰਧੀ ਵਾਅਦਾ ਕਰਕੇ ਅਕਾਲੀ ਦਲ ਅਕਾਲ ਤਖ਼ਤ ਤੋਂ ਬਾਗ਼ੀ ਹੋ ਗਿਆ ਹੈ।
ਅਖੰਡ ਕੀਰਤਨੀ ਜਥੇ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਦੇ ਲਾਲਚ ਵਿੱਚ ਸ਼ੁਰੂ ਤੋਂ ਹੀ ਪੰਥ ਨਾਲ ਗ਼ੱਦਾਰੀ ਕੀਤੀ ਹੈ। ਸਿੱਖ ਆਗੂਆਂ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਡੇਰਾ ਸਿਰਸਾ ਦੇ ਬਾਈਕਾਟ ਦਾ ਹੁਕਮਨਾਮਾ ਬਹੁਤ ਸਪਸ਼ਟ ਹੈ ਅਤੇ ਪੰਥਕ ਜਥੇਬੰਦੀ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ ਹੁਕਮਨਾਮੇ ਨੂੰ ਟਿੱਚ ਜਾਣਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਹਮੇਸ਼ਾ ਆਪਣੀ ਸਿਆਸਤ ਕਾਰਨ ਪੰਥਕ ਪਰੰਪਰਾਵਾਂ ਤੇ ਸਿਧਾਂਤਾਂ ਨੂੰ ਅਣਗੌਲਿਆ ਕੀਤਾ ਹੈ।
ਪੰਜੋਲੀ ਨੇ ਅਕਾਲੀ ਆਗੂਆਂ ਖ਼ਿਲਾਫ਼ ਕਾਰਵਾਈ ਮੰਗੀ :
ਪਟਿਆਲਾ : ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਸੱਚਾ ਸੌਦਾ ਦੀ ਸ਼ਰਨ ਵਿੱਚ ਗਏ ਅਕਾਲੀ ਆਗੂਆਂ ਵਿਰੁੱਧ ਤੁਰੰਤ ਢੁਕਵੀਂ ਕਾਰਵਾਈ ਕਰਨ ਤਾਂ ਜੋ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਕਾਲ ਤਖ਼ਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਬਾਈਕਾਟ ਦਾ ਹੁਕਮ ਦਿੱਤਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਬਠਿੰਡਾ ਵਿੱਚ ਡੇਰੇ ਦੀ ਮੀਟਿੰਗ ਵਿੱਚ ਜਾ ਕੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।