ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਪੰਜਾਬੀਓ ਤੁਸੀਂ ਅੱਗੇ ਆਓ : ਬਾਦਲ

ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਪੰਜਾਬੀਓ ਤੁਸੀਂ ਅੱਗੇ ਆਓ : ਬਾਦਲ

ਰਾਮ ਤੀਰਥ (ਅੰਮ੍ਰਿਤਸਰ)/ਬਿਊਰੋ ਨਿਊਜ਼ :
ਸੁਪਰੀਮ ਕੋਰਟ ਵੱਲੋਂ ਐਸਵਾਈਐਲ ਮਾਮਲੇ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਆਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਆਖਿਆ ਕਿ ਸੂਬਾ ਸਰਕਾਰ ਨੇ ਨਹਿਰ ਲਈ ਪ੍ਰਾਪਤ ਕੀਤੀ ਜ਼ਮੀਨ ‘ਡੀ-ਨੋਟੀਫਾਈ’ ਕਰਕੇ ਲੋਕਾਂ ਨੂੰ ਵਾਪਸ ਕਰ ਦਿੱਤੀ ਹੈ ਤੇ ਹੁਣ ਜਨਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਦਰਿਆਈ ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਅੱਗੇ ਆਉਣ। ਉਨ੍ਹਾਂ ਖ਼ੁਦ ਪ੍ਰਣ ਲਿਆ ਤੇ ਲੋਕਾਂ ਕੋਲੋਂ ਵੀ ਪ੍ਰਣ ਕਰਾਇਆ ਕਿ ਦਰਿਆਈ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਇਸ ਦੌਰਾਨ ਪੰਡਾਲ ਵਿੱਚ ਲੋਕਾਂ ਦੀ ਹਾਜ਼ਰੀ ਘੱਟ ਹੋਣ ਕਾਰਨ ਸਮਾਗਮ ਲਗਭਗ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ।
ਇਤਿਹਾਸਕ ਰਾਮ ਤੀਰਥ ਵਿਖੇ ਭਗਵਾਨ ਵਾਲਮੀਕ ਦੀ ਮੂਰਤੀ ਅਤੇ ਮੰਦਿਰ ਲੋਕਾਂ ਨੂੰ ਸਮਰਪਿਤ ਕਰਨ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਮੁੜ ਆਖਿਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ, ਜਿਸ ਤਹਿਤ ਐਸਵਾਈਐਲ ਦੀ ਜ਼ਮੀਨ ‘ਡੀ-ਨੋਟੀਫਾਈ’ ਕਰਕੇ  ਲੋਕਾਂ ਨੂੰ ਦੇ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਨਵੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਤਹਿਤ ਮਹਾਂਪੁਰਖਾਂ ਦੀਆਂ ਯਾਦਗਾਰਾਂ ਬਣਾਈਆਂ ਹਨ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕ ਦੇ ਇਤਿਹਾਸਕ ਮੰਦਿਰ ਰਾਮ ਤੀਰਥ ਵਾਸਤੇ 200 ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਨਾਲ ਇੱਥੇ ਭਵਨ ਨਿਰਮਾਣ ਦਾ ਅਜੂਬਾ ਬਣਾਇਆ ਗਿਆ ਹੈ। ਮੰਦਿਰ ਵਿੱਚ ਭਗਵਾਨ ਵਾਲਮੀਕ ਦੀ ਸੋਨ ਰੰਗੀ ਮੂਰਤੀ ਸਥਾਪਤ ਕੀਤੀ ਹੈ। ਮੰਦਿਰ ਤੋਂ ਇਲਾਵਾ ਸਰਾਂ ਅਤੇ ਸਤਿਸੰਗ ਭਵਨ ਵੀ ਬਣਾਇਆ ਗਿਆ ਹੈ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੇ ਪੰਜ ਸਾਲਾਂ ਵਿੱਚ ਦਸ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਯੋਜਨਾ ਹੇਠ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਸਮਾਗਮ ਨੂੰ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ।

ਖਾਲੀ ਪੰਡਾਲ ਨੇ ਅਧਿਕਾਰੀਆਂ ਨੂੰ ਫ਼ਿਕਰਾਂ ‘ਚ ਪਾਇਆ :
ਸਮਾਗਮ ਦੌਰਾਨ ਪੰਡਾਲ ਵਿੱਚ ਰੌਣਕ ਘੱਟ ਹੋਣ ਕਾਰਨ ਅਕਾਲੀ ਆਗੂਆਂ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸੇ ਕਾਰਨ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਲਗਭਗ ਦੋ ਘੰਟੇ ਦੇਰ ਨਾਲ ਪੁੱਜੇ। ਸਰਕਾਰੀ ਸਮਾਗਮ ਵਾਸਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਲੋਕਾਂ ਨੂੰ ਲਿਆਉਣ ਲਈ ਸਕੂਲੀ ਵਾਹਨਾਂ ਦੀ ਵਰਤੋਂ ਕੀਤੀ ਗਈ।
ਵਰਨਣਯੋਗ ਹੈ ਕਿ ਸਵੇਰੇ 10 ਵਜੇ ਰੱਖੇ ਗਏ ਸਮਾਗਮ ਲਈ ਵਿਸ਼ਾਲ ਪੰਡਾਲ ਬਣਾਇਆ ਗਿਆ ਸੀ, ਜਦੋਂ 12 ਵਜੇ ਤੱਕ ਵੀ ਪੰਡਾਲ ਵਿਚ ਗਿਣਤੀ ਦੇ ਲੋਕ ਹੀ ਪੁੱਜੇ ਤਾਂ ਖਾਲੀ ਕੁਰਸੀਆਂ ਦੇਖ ਕੇ ਪ੍ਰਬੰਧਕਾਂ ਤੇ ਪੁਲੀਸ ਅਧਿਕਾਰੀਆਂ ਦੇ ਚਿਹਰੇ ਮੁਰਝਾ ਗਏ। ਬਾਅਦ ਵਿੱਚ ਕਿਸੇ ਤਰ੍ਹਾਂ ਲੋਕ ਤਾਂ ਪੁੱਜ ਗਏ ਪਰ ਪੰਡਾਲ ਦਾ ਵੱਡਾ ਹਿੱਸਾ ਫਿਰ ਵੀ ਲੋਕਾਂ ਤੋਂ ਸੱਖਣਾ ਰਿਹਾ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਭਾਵੇਂ ਰਾਮ ਤੀਰਥ ਵਿਚ ਪੁੱਜ ਕੇ ਮੰਦਰ ਤੇ ਪੈਨੋਰਮਾ ਦਾ ਉਦਘਾਟਨ ਕਰ ਚੁੱਕੇ ਸਨ, ਪਰ ਉਹ ਪੰਡਾਲ ਵਿਚ ਉਦੋਂ ਹੀ ਪੁੱਜੇ ਜਦੋਂ ਪੰਡਾਲ ਵਿੱਚ ਲੋਕਾਂ ਦੀ ਕੁੱਝ ਆਮਦ ਹੋ ਚੁੱਕੀ ਸੀ। ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਸੋਹਣ ਸਿੰਘ ਠੰਡਲ, ਸੁਰਜੀਤ ਸਿੰਘ ਰੱਖੜਾ, ਅਜੀਤ ਸਿੰਘ ਕੋਹਾੜ, ਡਾ: ਦਲਜੀਤ ਸਿੰਘ ਚੀਮਾ, ਵਿਧਾਇਕ ਬੀਬੀ ਜਗੀਰ ਕੌਰ ਵੀ ਹਾਜ਼ਰ ਸਨ।