ਅਮਰੀਕਾ ਦੇ ਫਲੋਰਿਡਾ ਰਾਜ ਵਿਚ ਬੀਚ ਉਪਰ ਹੋਈ ਗੋਲੀਬਾਰੀ ਵਿੱਚ 1 ਮੌਤ ਤੇ 3 ਹੋਰ ਜ਼ਖਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਾਊਨ ਟਾਊਨ ਜੈਕਸਨਵਿਲੇ ਬੀਚ (ਫਲੋਰਿਡਾ) 'ਤੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਬੀਚ ਉਪਰ ਸੇਂਟ ਪੈਟਰਿਕ ਦਿਵਸ ਮਨਾਉਣ ਲਈ ਆਏ ਲੋਕਾਂ ਦਾ ਭਾਰੀ ਇਕੱਠ ਸੀ। ਜੈਕਸਨਵਿਲੇ ਬੀਚ ਪੁਲਿਸ ਮੁੱਖੀ ਜੇਨ ਪਾਲ ਸਮਿਥ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ 3 ਵੱਖ ਵੱਖ ਥਾਵਾਂ 'ਤੇ ਹੋਈ। ਉਨਾਂ ਕਿਹਾ ਕਿ ਸ਼ਾਮ 7.50 ਦੇ ਆਸ ਪਾਸ ਪੁਲਿਸ ਵੱਲੋਂ ਬੀਚ 'ਤੇ ਇਕੱਠੀ ਹੋਈ 400 ਦੇ ਕਰੀਬ ਨਬਾਲਗਾਂ ਦੀ ਭੀੜ ਨੂੰ ਖਿੰਡਾ ਦੇਣ ਬਾਅਦ ਬੈਸਟ ਵੈਸਟਰਨ ਹੋਟਲ ਨੇੜੇ ਦੋ ਜਣਿਆਂ ਨੇ ਇਕ ਦੂਸਰੇ ਦੇ ਗੋਲੀਆਂ ਮਾਰੀਆਂ। ਦੋਨਾਂ ਤੋਂ ਇਲਾਵਾ ਇਸ ਘਟਨਾ ਵਿਚ ਨੇੜੇ ਖੜਾ ਇਕ ਰਾਹਗੀਰ ਵੀ ਜ਼ਖਮੀ ਹੋ ਗਿਆ। ਇਨਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਗੋਲੀਬਾਰੀ ਦੀ ਦੂਸਰੀ ਘਟਨਾ ਡਾਊਨਟਾਊਨ ਬਾਰ ਦੇ ਪਿਛਵਾੜੇ ਹੋਈ ਜਿਥੇ ਇਕ 21 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਨਾਂ ਕਿਹਾ ਕਿ ਸ਼ੱਕੀ 6 ਫੁੱਟ ਉੱਚਾ ਕਾਲਾ ਵਿਅਕਤੀ ਹੈ ਜਿਸ ਨੇ ਛੋਟੀ ਦਾਹੜੀ ਰਖੀ ਹੋਈ ਹੈ। ਉਹ ਮੌਕੇ ਤੋਂ ਫਰਾਰ ਹੋ ਗਿਆ। ਤੀਸਰੀ ਘਟਨਾ ਵਿਚ ਇਕ ਵਿਅਕਤੀ ਪਿਸਤੌਲ ਨਾਲ ਗੋਲੀ ਚਲਾਉਣ ਉਪਰੰਤ ਫਰਾਰ ਹੋ ਗਿਆ। ਇਸ ਘਟਨਾ ਵਿਚ ਕਿਸੇ ਦੇ ਜਖਮੀ ਹੋਣ ਦੀ ਰਿਪੋਰਟ ਨਹੀਂ ਹੈ।
Comments (0)