ਡਾ. ਮਨਮੋਹਨ ਸਿੰਘ ਬੋਲੇ-ਨੋਟਬੰਦੀ ਸੋਚੀ ਸਮਝੀ ਲੁੱਟ, 2 % ਤਕ ਡਿੱਗੇਗੀ ਜੀ.ਡੀ.ਪੀ.
ਜੇਤਲੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ 2ਜੀ ਵਾਲੀ ਲੁੱਟ ਚੇਤੇ ਕਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ :
ਨੋਟਬੰਦੀ ‘ਤੇ ਸਰਕਾਰ ਨੂੰ ਘੇਰ ਰਹੀ ਵਿਰੋਧੀ ਧਿਰ ਦੇ ਤਰਕਾਂ ਨੂੰ ਉਸਲ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕਰਦਿਆਂ ਰਾਜ ਸਭਾ ਵਿਚ ਬਹਿਸ ਦੌਰਾਨ ਕਿਹਾ ਕਿ ਇਹ ਸੋਚੀ ਸਮਝੀ ਅਤੇ ਕਾਨੂੰਨੀ ਲੁੱਟ ਦਾ ਮਾਮਲਾ ਹੈ ਅਤੇ ਪ੍ਰਬੰਧਨ ਦੀ ਵਿਰਾਟ ਨਾਕਾਮੀ ਹੈ। ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਬਖੀਏ ਉਧੇੜਦਿਆਂ ਕਿਹਾ ਕਿ ਨੋਟਬੰਦੀ ਦਾ ਅਸਰ ਅਰਥਚਾਰੇ ‘ਤੇ ਪਏਗਾ ਅਤੇ ਕੁਲ ਘਰੇਲੂ ਉਤਪਾਦ (ਜੀਡੀਪੀ) ਦਰ ਵਿਚ ਘੱਟੋ ਘੱਟ 2 ਫ਼ੀਸਦੀ ਤਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਸੰਸਦ ਵਿਚ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਬਣਿਆ ਅੜਿੱਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਝ ਸਮੇਂ ਲਈ ਰਾਜ ਸਭਾ ਵਿਚ ਆਉਣ ‘ਤੇ ਟੁੱਟ ਗਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਰਾਜ ਸਭਾ ਮੁੜ ਜੁੜੀ ਤਾਂ ਸਦਨ ਵਿਚ ਸ੍ਰੀ ਮੋਦੀ ਦੇ ਹਾਜ਼ਰ ਨਾ ਰਹਿਣ ਕਾਰਨ ਫਿਰ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਅਤੇ ਕਾਰਵਾਈ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।
ਪੰਜ ਦਿਨਾਂ ਦੇ ਟਕਰਾਅ ਤੋਂ ਬਾਅਦ ਵਿਰੋਧੀ ਅਤੇ ਹੁਕਮਰਾਨ ਧਿਰ ਵਿਚ ਕੁਝ ਸੁਲ੍ਹਾ ਸਫ਼ਾਈ ਮਗਰੋਂ ਪ੍ਰਧਾਨ ਮੰਤਰੀ ਦੀ ਹਾਜ਼ਰੀ ਨਾਲ ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਅਤੇ ਪ੍ਰਸ਼ਨਕਾਲ ਦੀ ਥਾਂ ‘ਤੇ ਸਿੱਧੇ ਬਹਿਸ ਸ਼ੁਰੂ ਕਰਾਉਣ ਨੂੰ ਤਰਜੀਹ ਦਿੱਤੀ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਮਨਮੋਹਨ ਸਿੰਘ ਜਦੋਂ ਭਾਸ਼ਨ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਪੂਰੇ ਸਦਨ ਨੇ ਧਿਆਨ ਨਾਲ ਸੁਣਿਆ ਅਤੇ ਸਖ਼ਤ ਟਿੱਪਣੀਆਂ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੇਜ਼ ਥਪਥਪਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੀ ਯੋਜਨਾ ਦੇ ਉਦੇਸ਼ ਨਾਲ ਤਾਂ ਉਹ ਸਹਿਮਤ ਹਨ ਪਰ ਇਸ ਕਦਮ ਨਾਲ ਆਮ ਲੋਕਾਂ ਅਤੇ ਗ਼ਰੀਬਾਂ ਨੂੰ ਪਈ ਮਾਰ ਨੂੰ ਉਜਾਗਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ”ਮੇਰਾ ਇਰਾਦਾ ਇਧਰ-ਉਧਰ ਦੀਆਂ ਖਾਮੀਆਂ ਲੱਭਣ ਦਾ ਨਹੀਂ ਹੈ ਪਰ ਮੈਂ ਆਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਬਿਨਾਂ ਸਮਾਂ ਗੁਆਇਆਂ ਵਿਹਾਰਕ ਰਾਹ ਲੱਭ ਕੇ ਲੋਕਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣਗੇ।”
ਜਦੋਂ ਘੰਟੇ ਮਗਰੋਂ ਦੁਪਹਿਰ ਦੋ ਵਜੇ ਸਦਨ ਮੁੜ ਜੁੜਿਆ ਤਾਂ ਪ੍ਰਧਾਨ ਮੰਤਰੀ ਹਾਜ਼ਰ ਨਹੀਂ ਹੋਏ। ਇਸ ‘ਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਪ ਸਭਾਪਤੀ ਪੀ.ਜੇ. ਕੁਰੀਅਨ ਨੇ ਕਿਹਾ ਕਿ ਬਹਿਸ ਅੱਗੇ ਵਧਾਉਣੀ ਚਾਹੀਦੀ ਹੈ ਕਿਉਂਕਿ ਸਦਨ ਦੇ ਆਗੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜ਼ਰੂਰ ਆਉਣਗੇ। ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ‘ਕਾਲਾ ਧਨ ਵਾਪਸ ਲਿਆਉ, ਝੂਠੇ ਵਾਅਦੇ ਕਰਨੇ ਬੰਦ ਕਰੋ’ ਜਿਹੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਉਧਰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕੋਈ ਕੰਮਕਾਰ ਨਹੀਂ ਹੋ ਸਕਿਆ। ਨੋਟਬੰਦੀ ਦੇ ਮੁੱਦੇ ‘ਤੇ ਕੰਮ ਰੋਕੂ ਮਤੇ ਤਹਿਤ ਬਹਿਸ ਕਰਾਉਣ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਅਤੇ ਕੁਝ ਮੈਂਬਰਾਂ ਨੇ ਸਪੀਕਰ ਵਲ ਕਾਗ਼ਜ਼ ਵੀ ਸੁੱਟੇ ਜਿਸ ਤੋਂ ਬਾਅਦ ਸਪੀਕਰ ਨੇ ਸਦਨ ਨੂੰ ਦਿਨ ਭਰ ਲਈ ਉਠਾ ਦਿੱਤਾ।
ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਨੋਟਬੰਦੀ ‘ਤੇ ਕੀਤੀ ਗਈ ਆਲੋਚਨਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਉਹ ਸਰਕਾਰ ਦੇ ਫ਼ੈਸਲੇ ਤੋਂ ਨਾਖੁਸ਼ ਹਨ ਕਿਉਂਕਿ ਸਭ ਤੋਂ ਵੱਧ ਕਾਲਾ ਧਨ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਹੀ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਜਿਹੜੇ ਆਪਣੀ ਸਰਕਾਰ ਵੇਲੇ ਕਾਲਾ ਧਨ ਅਤੇ ਘੁਟਾਲੇ ਹੋਣ ਨੂੰ ਵੱਡੀ ਗ਼ਲਤੀ ਨਹੀਂ ਮੰਨਦੇ, ਹੁਣ ਉਹ ਕਾਲੇ ਧਨ ਖ਼ਿਲਾਫ਼ ਮੁਹਿੰਮ ਨੂੰ ਗ਼ਲਤੀ ਕਰਾਰ ਦੇ ਰਹੇ ਹਨ। ਜੀਡੀਪੀ ਦੋ ਫ਼ੀਸਦੀ ਤਕ ਡਿੱਗਣ ਦੇ ਅੰਦੇਸ਼ੇ ਬਾਰੇ ਸ੍ਰੀ ਜੇਤਲੀ ਨੇ ਕਿਹਾ ਕਿ ਕਾਲੇ ਧਨ ਵਾਲਾ ਪੈਸਾ ਹੁਣ ਮੁੱਖ ਧਾਰਾ ਵਿਚ ਆਏਗਾ ਜਿਸ ਨਾਲ ਅਰਥਚਾਰੇ ‘ਤੇ ਸਾਰਥਿਕ ਪ੍ਰਭਾਵ ਪਏਗਾ।
ਪ੍ਰਧਾਨ ਮੰਤਰੀ ਖ਼ਿਲਾਫ਼ ਸੰਸਦੀ ਤੌਹੀਨ ਦਾ ਨੋਟਿਸ :
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਦਨ ਵਿਚ ਨਾ ਆਉਣ ‘ਤੇ ਸੀਪੀਐਮ ਨੇ ਉਨ੍ਹਾਂ ਖ਼ਿਲਾਫ਼ ਰਾਜ ਸਭਾ ਵਿਚ ਸੰਸਦ ਦੀ ਤੌਹੀਨ ਦਾ ਨੋਟਿਸ ਪੇਸ਼ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦੱਸਿਆ ਕਿ ਉਨ੍ਹਾਂ ਨਿਯਮਾਂ ਮੁਤਾਬਕ ਰਾਜ ਸਭਾ ਦੇ ਸਕੱਤਰ ਜਨਰਲ ਅਤੇ ਚੇਅਰਮੈਨ ਨੂੰ ਨੋਟਿਸ ਦਿੱਤੇ ਹਨ। ਉਨ੍ਹਾਂ ਆਸ ਜਤਾਈ ਕਿ ਇਹ ਨੋਟਿਸ ਸਵੀਕਾਰ ਹੋਣਗੇ ਪਰ ਜੇਕਰ ਇੰਜ ਨਾ ਹੋਇਆ ਤਾਂ ਉਹ ਇਸ ਦਾ ਕਾਰਨ ਜਾਨਣਾ ਚਾਹੁਣਗੇ।
Comments (0)