ਪ੍ਰੋ. ਦਰਬਾਰੀ ਲਾਲ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ

ਪ੍ਰੋ. ਦਰਬਾਰੀ ਲਾਲ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ

‘ਆਪ’ ਨੇ ਆਪਣਾ ਉਮੀਦਵਾਰ ਬਦਲਿਆ 
ਅੰਮ੍ਰਿਤਸਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਵਾਸਤੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਦੀ ਚੋਣ ਸਿਰਦਰਦੀ ਬਣ ਗਈ ਹੈ, ਜਿਸ ਤਹਿਤ ਤੀਜੀ ਵਾਰ ਉਮੀਦਵਾਰ ਦੀ ਚੋਣ ਕੀਤੀ ਗਈ ਹੈ। ਪਾਰਟੀ ਨੇ ਪਹਿਲਾਂ ਚੁਣੇ ਉਮੀਦਵਾਰ ਪ੍ਰੋ. ਦਰਬਾਰੀ ਲਾਲ ਨੂੰ ਰੱਦ ਕਰਦਿਆਂ ਹੁਣ ਡਾ. ਅਜੈ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉਧਰ ਪ੍ਰੋ. ਦਰਬਾਰੀ ਲਾਲ ਵੀ ‘ਆਪ’ ਦਾ ਝਾੜੂ ਛੱਡ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
‘ਆਪ’ ਵੱਲੋਂ ਇੱਕ ਹਫ਼ਤੇ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਲਈ ਤਿੰਨ ਉਮੀਦਵਾਰ ਬਣਾਏ ਗਏ ਹਨ। ਸਭ ਤੋਂ ਪਹਿਲਾਂ ਕੈਪਟਨ ਰਜਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਜਿਸ ਦਾ ਪਾਰਟੀ ਵਲੰਟੀਅਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਅਤੇ ਉਮੀਦਵਾਰ ਨੂੰ ਕੇਂਦਰੀ ਹਲਕੇ ਵਿੱਚ ਖੜੇ ਕਾਂਗਰਸੀ ਉਮੀਦਵਾਰ ਦਾ ਨੇੜਲਾ ਦੱਸਿਆ ਗਿਆ। ਇਸ ਵਿਰੋਧ ਤੋਂ ਬਾਅਦ 24 ਘੰਟਿਆਂ ਵਿੱਚ ਹੀ ਪਾਰਟੀ ਨੇ ਇਸ ਉਮੀਦਵਾਰ ਨੂੰ ਰੱਦ ਕਰਕੇ ਪ੍ਰੋ. ਦਰਬਾਰੀ ਲਾਲ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ, ਪਰ ਪਾਰਟੀ ਵਲੰਟੀਅਰਾਂ ਨੇ ਇਸ ਉਮੀਦਵਾਰ ਦਾ ਵੀ ਵਿਰੋਧ ਕੀਤਾ। ਪ੍ਰੋ. ਦਰਬਾਰੀ ਲਾਲ 2002 ਵਿੱਚ ਕਾਂਗਰਸ ਸਰਕਾਰ ਵੇਲੇ ਡਿਪਟੀ ਸਪੀਕਰ ਸਨ। 2014 ਵਿਚ ਲੋਕ ਸਭਾ ਚੋਣਾਂ ਸਮੇਂ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਬੀਤੇ ਦਿਨ ਭਾਜਪਾ ਛੱਡ ਕੇ ‘ਆਪ’ ਦੇ ਉਮੀਦਵਾਰ ਬਣੇ ਸਨ। ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪ੍ਰੋ. ਦਰਬਾਰੀ ਲਾਲ ਖ਼ਿਲਾਫ਼ ਭ੍ਰਿਸ਼ਟਾਚਾਰ ਸਬੰਧੀ ਕੁਝ ਦੋਸ਼ ਸਨ, ਜਿਸ ਕਾਰਨ ਉਨ੍ਹਾਂ ਦੀ ਉਮੀਦਵਾਰੀ ਰੱਦ ਕੀਤੀ ਗਈ ਹੈ।
ਨਾਟਕੀ ਢੰਗ ਨਾਲ ਕੱਟੀ ਦਰਬਾਰੀ ਲਾਲ ਦੀ ਟਿਕਟ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਦਰਬਾਰੀ ਲਾਲ ਦੀ ਟਿਕਟ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਕੱਟੀ ਗਈ ਹੈ। ਫਿਰ ਪਾਰਟੀ ਦੇ ਮੁੱਖ ਦਫ਼ਤਰ ਨੇ 37 ਮਿੰਟਾਂ ਬਾਅਦ ਦੂਸਰਾ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਦਰਬਾਰੀ ਲਾਲ ਦੀ ਟਿਕਟ ਉਨ੍ਹਾਂ ਦੇ ਬਿਮਾਰ ਹੋਣ ਕਾਰਨ ਨਹੀਂ ਸਗੋਂ ਉਨ੍ਹਾਂ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਕੱਟੀ ਗਈ ਹੈ।