ਪਤਨੀ ਅਤੇ 5 ਹੋਰ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਪਤਨੀ ਅਤੇ 5 ਹੋਰ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਬੇਕਰਜ਼ਫੀਲਡ/ਹੁਸਨ ਲੜੋਆ ਬੰਗਾ :
ਕੈਲੀਫੋਰਨੀਆ ਵਿਚ ਇਕ ਅਣਪਛਾਤੇ ਬੰਦੂਕਧਾਰੀ ਵੱਲੋਂ ਆਪਣੀ ਪਤਨੀ ਸਮੇਤ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਸ ਬੰਦੂਕਧਾਰੀ ਨੇ ਬਾਅਦ ਵਿਚ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਬੇਕਰਜ਼ਫੀਲਡ ਸ਼ਹਿਰ ਵਿਚ ਵੱਖ-ਵੱਖ ਸਥਾਨਾਂ ‘ਤੇ ਇਹ ਸਾਰੇ ਕਤਲ ਹੋਏ। ਪੁਲਿਸ ਅਨੁਸਾਰ ਇਸ ਘਟਨਾ ਦੀ ਸ਼ੁਰੂਆਤ ਇਕ ਟਰੱਕ ਵਾਲੀ ਕੰਪਨੀ ਤੋਂ ਹੋਈ ਜਿਥੇ ਕਾਤਲ ਆਪਣੀ ਪਤਨੀ ਨਾਲ ਪਹੁੰਚਿਆ। ਜਾਣਕਾਰੀ ਅਨੁਸਾਰ ਦੋਸ਼ੀ ਨੇ ਇਥੇ ਇਕ ਵਿਅਕਤੀ ਨੂੰ ਬਹਿਸ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਵੀ ਗੋਲੀ ਮਾਰ ਦਿੱਤੀ। ਇਸੇ ਸਥਾਨ ‘ਤੇ ਉਸ ਨੇ ਇਕ ਹੋਰ ਵਿਅਕਤੀ ਨੂੰ ਗੋਲੀ ਮਾਰੀ ਅਤੇ ਉਹ ਇਸ ਤੋਂ ਬਾਅਦ ਘਰ ਚਲਾ ਗਿਆ ਜਿਥੇ ਉਸ ਨੇ ਦੋ ਹੋਰ ਲੋਕਾਂ ਨੂੰ ਗੋਲੀ ਮਾਰ ਦਿੱਤੀ। ਫਿਰ ਉਸ ਨੇ ਇਕ ਗੱਡੀ ਅਗਵਾ ਕਰ ਲਈ ਜਿਸ ਵਿਚ ਇਕ ਮਾਂ-ਬੇਟਾ ਸਵਾਰ ਸਨ ਪਰ ਕਿਸਮਤ ਨਾਲ ਉਹ ਬਚ ਕੇ ਭੱਜਣ ਵਿਚ ਕਾਮਯਾਬ ਰਹੇ। ਜਦੋਂ ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਕਥਿਤ ਦੋਸ਼ੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।