ਆਸਟਰੇਲੀਆ ਵੱਲੋਂ ਸਬ ਕਲਾਸ 457 ਵੀਜ਼ਾ ਪ੍ਰੋਗਰਾਮ ਬੰਦ ਕਰਨ ਨਾਲ ਭਾਰਤੀਆਂ ਲਈ ਮੁਸ਼ਕਲਾਂ ਵਧੀਆਂ

ਆਸਟਰੇਲੀਆ ਵੱਲੋਂ ਸਬ ਕਲਾਸ 457 ਵੀਜ਼ਾ ਪ੍ਰੋਗਰਾਮ ਬੰਦ ਕਰਨ ਨਾਲ ਭਾਰਤੀਆਂ ਲਈ ਮੁਸ਼ਕਲਾਂ ਵਧੀਆਂ

ਮੈਲਬਰਨ/ਨਿਊਜ਼ ਬਿਊਰੋ:
ਆਸਟਰੇਲੀਆ ਨੇ ਪਰਵਾਸੀਆਂ ਕਾਮਿਆਂ ਵਿੱਚ ਮਕਬੂਲ ਰੁਜ਼ਗਾਰਦਾਤਾ ਸਪਾਂਸਰਸ਼ਿਪ ਵਾਲੇ ਸਬ ਕਲਾਸ 457 ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੈ, ਜਿਸ ਦੀ ਭਾਰਤੀਆਂ ਵੱਲੋਂ ਆਸਟਰੇਲੀਆ ਜਾਣ ਲਈ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾ ਰਹੀ ਸੀ। ਇਸ ਦੀ ਥਾਂ ਨਵਾਂ ਤੇ ਸਖ਼ਤ ਪ੍ਰੋਗਰਾਮ ਆਇਦ ਕੀਤਾ ਗਿਆ ਹੈ, ਜਿਸ ਵਿੱਚ ਅੰਗਰੇਜ਼ੀ ਜ਼ੁਬਾਨ ਵੀ ਵਧੇਰੇ ਮੁਹਾਰਤ ਅਤੇ ਵੱਧ ਕਿਰਤ ਹੁਨਰਮੰਦੀ ਦੀ ਲੋੜ ਹੋਵੇਗੀ।
ਆਸਟਰੇਲੀਆ ਦੇ 457 ਵੀਜ਼ਾ ਪ੍ਰੋਗਰਾਮ ਦਾ ਇਸਤੇਮਾਲ 95 ਹਜ਼ਾਰ ਤੋਂ ਵੱਧ ਵਿਦੇਸ਼ੀ ਕਾਮਿਆਂ ਵੱਲੋਂ ਕੀਤਾ ਗਿਆ, ਜਿਨ੍ਹਾਂ ਵਿੱਚ ਵਧੇਰੇ ਭਾਰਤੀ ਸਨ। ਇਸ ਪ੍ਰੋਗਰਾਮ ਨੂੰ ਬੀਤੀ 18 ਮਾਰਚ ਨੂੰ ਬੰਦ ਕਰ ਕੇ ਇਸ ਦੀ ਥਾਂ ਟੈਂਪਰੇਰੀ ਸਕਿੱਲਜ਼ ਸ਼ੌਰਟੇਜ (ਹੁਨਰ ਦੀ ਆਰਜ਼ੀ ਘਾਟ) ਵੀਜ਼ਾ ਪ੍ਰੋਗਰਾਮ ਲਾਗੂ ਕੀਤਾ ਹੈ। ਗ਼ੌਰਤਲਬ ਹੈ ਕਿ 457 ਵੀਜ਼ਾ ਪ੍ਰੋਗਰਾਮ ਤਹਿਤ ਆਸਟਰੇਲੀਅਨ ਰੁਜ਼ਗਾਰਦਾਤੇ ਉਨ੍ਹਾਂ ਹੁਨਰਮੰਦੀ ਵਾਲੀਆਂ ਨੌਕਰੀਆਂ ਉਤੇ ਵਿਦੇਸ਼ੀ ਕਾਮਿਆਂ ਨੂੰ ਚਾਰ ਸਾਲ ਲਈ ਰੱਖ ਸਕਦੇ ਸਨ, ਜਿਥੇ ਆਸਟਰੇਲੀਅਨ ਕਾਮਿਆਂ ਦੀ ਘਾਟ ਹੁੰਦੀ ਸੀ। ਇਸ ਵਰਗ ਤਹਿਤ ਆਸਟਰੇਲੀਆ ਵਿੱਚ ਸਭ ਤੋਂ ਵੱਧ ਕਰੀਬ 25 ਫ਼ੀਸਦੀ ਭਾਰਤੀ ਕਾਮੇ ਕੰਮ ਕਰ ਰਹੇ ਹਨ, ਜਿਸ ਤੋਂ ਬਾਅਦ 19.5 ਫ਼ੀਸਦੀ ਬਰਤਾਨੀਆ ਤੇ 5.8 ਫ਼ੀਸਦੀ ਚੀਨ ਨਾਲ ਸਬੰਧਤ ਹਨ।
ਬੀਤੇ ਸਾਲ ਅਪਰੈਲ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਮੁਲਕ ਵਿੱਚ ਬੇਰੁਜ਼ਗਾਰੀ ਵਧਣ ਦੇ ਹਵਾਲੇ ਨਾਲ 457 ਵੀਜ਼ਾ ਪ੍ਰੋਗਰਾਮ ਬੰਦ ਕਰਨ ਦੀ ਗੱਲ ਆਖੀ ਸੀ।