ਭਾਰਤੀ ਹਾਕੀ ਟੀਮ ਨੇ ਆਸਟਰੀਆ ਨੂੰ 4-3 ਨਾਲ ਹਰਾਇਆ
ਐਮਸਟਲਵੀਨ/ਬਿਊਰੋ ਨਿਊਜ਼ :
ਰਮਨਦੀਪ ਸਿੰਘ ਅਤੇ ਚਿੰਗਲੇਨਸਨਾ ਸਿੰਘ ਕਾਂਗੁਜ਼ਮ ਦੇ ਦੇ ਦੋ-ਦੋ ਗੋਲਾਂ ਦੀ ਮੱਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੀਆ ਨੂੰ 4-3 ਗੋਲਾਂ ਨਾਲ ਹਰਾਕੇ ਯੂਰਪ ਦੌਰੇ ਦਾ ਅੰਤ ਜਿੱਤ ਨਾਲ ਕੀਤਾ। ਰਮਨਦੀਪ ਸਿੰਘ ਨੇ 25ਵੇਂ ਅਤੇ 32 ਮਿੰਟ ਵਿੱਚ ਗੋਲ ਕੀਤੇ ਜਦੋਂ ਕਿ ਚਿੰਗਲੇਨਸਨਾ ਨੇ 37ਵੇਂ ਅਤੇ 60ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਨੇ ਯੂਰਪ ਦੌਰੇ ਦਾ ਅੰਤ ਤਿੰਨ ਜਿੱਤਾਂ ਅਤੇ ਦੋ ਹਾਰਾਂ ਨਾਲ ਕੀਤਾ। ਆਸਟਰੀਆ ਦੇ ਲਈ ਓਲੀਵਰ ਬਿੰਡਰ 14ਵੇਂ, ਮਾਈਕਲ ਕੋਰਪਰ, 53ਵੇਂ ਮਿੰਟ ਅਤੇ ਪੈਟਰਿਕ ਏਸ ਨੇ 55 ਵੇਂ ਮਿੰਟ ਵਿੱਚ ਗੋਲ ਕੀਤੇ।
ਦੁਨੀਆ ਦੀ ਚੌਥੇ ਨੰਬਰ ਦੀ ਟੀਮ ਨੈਦਰਲੈਂਡ ਨੂੰ ਲਗਾਤਾਰ ਦੋ ਮੈਚਾਂ ਵਿੱੱਚ ਹਰਾਉਣ ਬਾਅਦ ਭਾਰਤ ਨੇ ਆਸਟਰੀਆ ਵਿਰੁੱਧ ਧੀਮੀ ਸ਼ੁਰੂਆਤ ਕੀਤੀ। ਗੇਂਦ ਉੱਤੇ ਕੰਟਰੋਲ ਵਿੱਚ ਭਾਰਤ ਅੱਗੇ ਰਿਹਾ ਪਰ ਡੀ ਦੇ ਅੰਦਰ ਹਮਲੇ ਬੋਲਣ ਦੀ ਘਾਟ ਰਹੀ। ਆਸਟਰੀਆ ਨੇ 14ਵੇਂ ਮਿੰਟ ਵਿੱਚ ਬਿੰਡੇਰ ਦੇ ਗੋਲ ਦੇ ਦਮ ਉੱਤੇ ਪਹਿਲੇ ਕੁਆਰਟਰ ਵਿੱਚ 1-0 ਦੀ ਲੀਡ ਲੈ ਲਈ। ਭਾਰਤ ਨੇ ਹਾਲਾਂ ਕਿ ਦੂਜੇ ਕੁਆਰਟਰ ਵਿੱਚ ਆਪਣੀਆਂ ਗਲਤੀਆਂ ਸੁਧਾਰ ਦਿਆਂ 25ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕਰਕੇ ਲੀਡ ਲੈ ਲਈ। ਅਮਿਤ ਰੋਹੀਦਾਸ ਨੇ ਗੇਂਦ ਰਮਨਦੀਪ ਸਿੰਘ ਸੈਣੀ ਨੂੰ ਸੌਂਪੀ ਜਿਸਨੇ ਗੋਲ ਕਰਨ ਵਿੱਚ ਕੋਈ ਭੁੱਲ ਨਾ ਕੀਤੀ। ਬਰੇਕ ਤੋਂ ਬਾਅਦ ਭਾਰਤੀ ਟੀਮ ਵਧੇਰੇ ਹਮਲਾਵਰ ਹੋ ਗਈ ਅਤੇ ਰਮਨਦੀਪ ਸਿੰਘ ਨੇ 32 ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕੀਤਾ। ਭਾਰਤ ਦੀ ਕੌਮੀ ਹਾਕੀ ਟੀਮ ਵਿੱਚ ਸ਼ਾਮਲ ਨਵੇਂ ਖਿਡਾਰੀ ਯੂਰਪ ਦੇ ਦੌਰੇ ਦੌਰਾਨ ਆਪਣੀ ਕਾਬਲੀਅਤ ਦਾ ਲੋਹਾ ਮਨਾਉਣ ਵਿੱਚ ਕਾਮਯਾਬ ਹੋਏ ਹਨ। ਟੀਮ ਨੇ ਆਪਣੇ ਆਖ਼ਰੀ ਤਿੰਨ ਮੈਚ ਜਿੱਤ ਕੇ ਜਿਸ ਤਰ੍ਹਾਂ ਵਾਪਸੀ ਕੀਤੀ ਉਹ ਪ੍ਰਸੰਸਾ ਦੇ ਯੋਗ ਹੈ।
Comments (0)