ਬੇਅਦਬੀ ਕਾਂਡ : ਔਰਤ ਦੀ ਹੱਤਿਆ ਦੇ ਮਾਮਲੇ ਵਿਚ 3 ਹੋਰ ਗ੍ਰਿਫ਼ਤਾਰ

ਬੇਅਦਬੀ ਕਾਂਡ : ਔਰਤ ਦੀ ਹੱਤਿਆ ਦੇ ਮਾਮਲੇ ਵਿਚ 3 ਹੋਰ ਗ੍ਰਿਫ਼ਤਾਰ

ਅਦਾਲਤ ਦੇ ਬਾਹਰ ਪੁੱਜੀ ਸਿੱਖ ਸੰਗਤ ਨੇ ਕੀਤਾ ਪਾਠ
ਪੇਸ਼ੀ ਦੌਰਾਨ ਸੰਗਤ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਖਾ
ਲੁਧਿਆਣਾ/ਬਿਊਰੋ ਨਿਊਜ਼ :
ਪਿੰਡ ਆਲਮਗੀਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਪੁਲੀਸ ਵੱਲੋਂ ਇਸ ਮਾਮਲੇ ਵਿਚ ਪਹਿਲਾਂ ਹੀ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਗ੍ਰਿਫ਼ਤਾਰ ਕੀਤੇ ਇਨ੍ਹਾਂ ਸਾਰਿਆਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਇਨ੍ਹਾਂ ਦਾ 7 ਅਗਸਤ ਤੱਕ ਪੁਲੀਸ ਰਿਮਾਂਡ ਦੇ ਦਿੱਤਾ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਔਰਤ ਬਲਵਿੰਦਰ ਕੌਰ ਨੂੰ ਕਤਲ ਕਰਨ ਦੇ ਮਾਮਲੇ ਵਿਚ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਵਿਚ ਹਰਬੰਸ ਸਿੰਘ ਵਾਸੀ ਕੈਲੇ ਮਾਜਰਾ ਨਾਭਾ, ਗੁਰਵਿੰਦਰ ਸਿੰਘ ਵਾਸੀ ਪਿੰਡ ਹੇੜੀਕੇ ਸੰਗਰੂਰ ਤੇ ਜਗਜੀਤ ਸਿੰਘ ਵਾਸੀ ਹੇੜੀਕੇ ਸੰਗਰੂਰ ਸ਼ਾਮਲ ਹਨ, ਜਦ ਕਿ ਇਸ ਤੋਂ ਪਹਿਲਾਂ ਪੁਲੀਸ ਗੁਰਪ੍ਰੀਤ ਸਿੰਘ ਜਾਗਪੁਰ ਤੇ ਨਿਹਾਲ ਸਿੰਘ ਵਾਸੀ ਪਟਿਆਲਾ ਸ਼ਾਮਲ ਹਨ। ਇਨ੍ਹਾਂ ਨੌਜਵਾਨਾਂ ਦੀ ਪੇਸ਼ੀ ਨੂੰ ਲੈ ਕੇ ਸਵੇਰ ਤੋਂ ਹੀ ਸਿੱਖ ਸੰਗਤ ਵੱਡੀ ਗਿਣਤੀ ਵਿਚ ਅਦਾਲਤੀ ਕੰਪਲੈਕਸ ਪਹੁੰਚੀ ਹੋਈ ਸੀ। ਪੁਲੀਸ ਵਲੋਂ ਅਦਾਲਤੀ ਕੰਪਲੈਕਸ ਵਿਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸੰਗਤ ਸਵੇਰ ਤੋਂ ਹੀ ਅਦਾਲਤੀ ਕੰਪਲੈਕਸ ਵਿਚ ਦਰੀ ਵਿਛਾ ਕੇ ਪਾਠ ਕਰ ਰਹੀ ਸੀ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਵੱਲੋਂ 5 ਵਕੀਲ ਹਾਜ਼ਰ ਹੋਏ। ਪੁਲੀਸ ਰਿਮਾਂਡ ਨੂੰ ਲੈ ਕੇ ਅਦਾਲਤ ਵਿਚ ਸਰਕਾਰੀ ਵਕੀਲ ਤੇ ਸਫ਼ਾਈ ਪੱਖ ਦੇ ਵਕੀਲਾਂ ਵਿਚਾਲੇ ਜ਼ੋਰਦਾਰ ਬਹਿਸ ਹੋਈ। ਪੁਲੀਸ ਦਾ ਕਹਿਣਾ ਸੀ ਕਿ ਇਨ੍ਹਾਂ ਨੌਜਵਾਨਾਂ ਪਾਸੋਂ ਹੋਰ ਬਰਾਮਦਗੀ ਕਰਨੀ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਕਤਲ ਤੋਂ ਪਹਿਲਾਂ ਵਿਦੇਸ਼ਾਂ ਤੋਂ ਫ਼ੰਡ ਮੁਹੱਈਆ ਕਰਵਾਏ ਗਏ ਹਨ, ਜਿਸ ਦੀ ਜਾਂਚ ਅਜੇ ਬਾਕੀ ਹੈ। ਜੱਜ ਨੇ ਸਰਕਾਰੀ ਵਕੀਲ ਦੀ ਦਲੀਲਾਂ ਨਾਲ ਸਹਿਮਤ ਹੁੰਦੇ ਇਨ੍ਹਾਂ ਨੌਜਵਾਨਾਂ ਦਾ 7 ਅਗਸਤ ਤੱਕ ਪੁਲੀਸ ਰਿਮਾਂਡ ਦੇ ਦਿੱਤਾ। ਇਨ੍ਹਾਂ ਨੌਜਵਾਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲੀਸ ਹਿਰਾਸਤ ਵਿਚ ਇਨ੍ਹਾਂ ਨੌਜਵਾਨਾਂ ਉਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਅਦਾਲਤ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਨੌਜਵਾਨਾਂ ਦਾ ਡਾਕਟਰੀ ਮੁਆਇਨਾ ਕਰਵਾਇਆ ਜਾਵੇ, ਜਿਸ ‘ਤੇ ਜੱਜ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰਦਿਆਂ ਪੁਲੀਸ ਨੂੰ ਹਰ ਰੋਜ਼ ਇਨ੍ਹਾਂ ਦੀ ਡਾਕਟਰੀ ਜਾਂਚ ਡਾਕਟਰਾਂ ਦੇ ਬੋਰਡ ਤੋਂ ਕਰਵਾਉਣ ਦਾ ਹੁਕਮ ਦਿੱਤਾ ਤੇ ਹਰ ਰੋਜ਼ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ।
ਅਦਾਲਤ ਵਿਚ ਪੇਸ਼ੀ ਦੌਰਾਨ ਸੰਗਤ ਵੱਲੋਂ ਇਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਇਨ੍ਹਾਂ ਨੂੰ ਸਿਰੋਪਾਓ ਵੀ ਦਿੱਤੇ ਗਏ। ਜਾਂਚ ਅਧਿਕਾਰੀ ਐਸ.ਐਚ.ਓ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁਝ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਗ੍ਰਿਫ਼ਤਾਰ ਨੌਜਵਾਨਾਂ ਪਾਸੋਂ 2 ਪਿਸਤੌਲ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।