‘ਸਿਫ਼ਾਰਸ਼ੀ’ ਦਾ ਚਲਾਨ ਕੱਟਣ ‘ਤੇ ਪੁਲੀਸ ਕਮਿਸ਼ਨਰ ਨੇ 3 ਪੁਲੀਸ ਮੁਲਾਜ਼ਮਾਂ ਨੂੰ ਕੀਤਾ ਜਬਰੀ ਸੇਵਾਮੁਕਤ

‘ਸਿਫ਼ਾਰਸ਼ੀ’ ਦਾ ਚਲਾਨ ਕੱਟਣ ‘ਤੇ ਪੁਲੀਸ ਕਮਿਸ਼ਨਰ ਨੇ 3 ਪੁਲੀਸ ਮੁਲਾਜ਼ਮਾਂ ਨੂੰ ਕੀਤਾ ਜਬਰੀ ਸੇਵਾਮੁਕਤ

ਕੈਪਸ਼ਨ-ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਟਰੈਫ਼ਿਕ ਪੁਲੀਸ ਮੁਲਾਜ਼ਮ।
ਲੁਧਿਆਣਾ/ਬਿਊਰੋ ਨਿਊਜ਼ :
ਲੁਧਿਆਣਾ ਦੇ ਨਵੇਂ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸ਼ਹਿਰ ਵਿੱਚ ਨਾਕੇ ਦੌਰਾਨ ਚਲਾਨ ਕੱਟਣ ਵਾਲੇ ਤਿੰਨ ਪੁਲੀਸ ਕਰਮੀਆਂ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਦਾ ਕਸੂਰ ਸੀ ਕਿ ਪੁਲੀਸ ਕਮਿਸ਼ਨਰ ਨੇ ਲੁਧਿਆਣਾ ਦਾ ਚਾਰਜ ਸੰਭਾਲਣ ਤੋਂ ਬਾਅਦ ਟਰੈਫਿਕ ਪੁਲੀਸ ਨੂੰ ਚਲਾਨ ਕੱਟਣ ਲਈ ਮਨ੍ਹਾ ਕੀਤਾ ਸੀ, ਇਸ ਦੇ ਬਾਵਜੂਦ ਟਰੈਫ਼ਿਕ ਮੁਲਾਜ਼ਮਾਂ ਨੇ ਮਹਿਲਾ ਵਾਹਨ ਚਾਲਕਾਂ ਦਾ ਚਲਾਨ ਕੱਟ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇੱਕ ਔਰਤ ਪੁਲੀਸ ਦੇ ਉੱਚ ਅਧਿਕਾਰੀ ਦੀ ਜਾਣਕਾਰ ਸੀ। ਉਧਰ, ਟਰੈਫ਼ਿਕ ਪੁਲੀਸ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਪੂਰਾ ਦਿਨ ਵਿਰੋਧ ਜ਼ਾਹਰ ਕੀਤਾ।
ਜਾਣਕਾਰੀ ਅਨੁਸਾਰ ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੋ ਦਿਨ ਪਹਿਲਾਂ ਪ੍ਰੈੱਸ ਮਿਲਣੀ ਵਿੱਚ ਹੁਕਮ ਦਿੱਤੇ ਸਨ ਕਿ ਟਰੈਫ਼ਿਕ ਪੁਲੀਸ ਕਰਮੀ ਇੱਕ ਮਹੀਨੇ ਤੱਕ ਕਿਸੇ ਦਾ ਚਲਾਨ ਨਾ ਕੱਟਣ। ਇਸ ਦੇ ਬਾਵਜੂਦ ਨਾਕੇ ‘ਤੇ ਚਲਾਨ ਕੱਟ ਦਿੱਤੇ ਗਏ। ਟਰੈਫ਼ਿਕ ਪੁਲੀਸ ਮੁਲਾਜ਼ਮਾਂ ਨੇ ਨਾਕੇ ਦੌਰਾਨ ਐਕਟਿਵਾ ਸਕੂਟਰ ਸਵਾਰ ਲੜਕੀ ਨੂੰ ਰੋਕ ਲਿਆ। ਪੁਲੀਸ ਨੇ ਉਸ ਦਾ ਚਲਾਨ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਉੱਚ ਪੁਲੀਸ ਅਧਿਕਾਰੀ ਨੂੰ ਦੱਸਿਆ, ਜਿਨ੍ਹਾਂ ਨੇ ਪੁਲੀਸ ਕਮਿਸ਼ਨਰ ਨਾਲ ਗੱਲ ਕੀਤੀ। ਪੁਲੀਸ ਕਮਿਸ਼ਨਰ ਨੇ ਟਰੈਫ਼ਿਕ ਪੁਲੀਸ ਕਰਮੀਆਂ ਨੂੰ ਦਫ਼ਤਰ ਵਿੱਚ ਬੁਲਾ ਲਿਆ ਤੇ ਤਿੰਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਨਾਕਾਬੰਦੀ ਕੀਤੀ ਗਈ ਸੀ। ਦੇਰ ਰਾਤ ਨੂੰ ਸਾਰੇ ਕਰਮੀਆਂ ਨੂੰ ਇੱਕ ਵਾਰ ਭੇਜ ਦਿੱਤਾ ਗਿਆ ਤੇ ਸਵੇਰੇ 8 ਵਜੇ ਸਾਰੇ ਟਰੈਫ਼ਿਕ ਪੁਲੀਸ ਕਰਮੀਆਂ ਨੂੰ ਪੁਲੀਸ ਲਾਈਨ ਬੁਲਾ ਲਿਆ। ਦੁਪਹਿਰ ਤੱਕ ਪੁਲੀਸ ਕਮਿਸ਼ਨਰ ਨੇ ਤਿੰਨ ਮੁਲਜ਼ਮਾਂ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ। ਪੁਲੀਸ ਸੂਤਰਾਂ ਅਨੁਸਾਰ ਤਿੰਨੇ ਕਰਮੀਆਂ ਦੇ ਬੈਂਕ ਖਾਤੇ ਵਿੱਚ ਤਿੰਨ ਮਹੀਨੇ ਦੀ ਐਂਡਵਾਸ ਤਨਖ਼ਾਹ ਤੇ ਹੋਰ ਫੰਡ ਵੀ ਪਾ ਦਿੱਤੇ ਗਏ ਹਨ। ਜਬਰੀ ਸੇਵਾਮੁਕਤ ਕੀਤੇ ਏਐਸਆਈ ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਨੀਲਕੰਠ ਨੇ ਕਿਹਾ ਕਿ ਦਫ਼ਤਰ ਵਿੱਚ ਨਾਕਿਆਂ ਬਾਰੇ ਮੀਟਿੰਗ ਹੋਈ। ਦੁਪਹਿਰ ਸਮੇਂ ਕਾਲਜ ਦੇ ਬਾਹਰ ਨਾਕਾ ਲਾਇਆ ਗਿਆ। ਇਸੇ ਦੌਰਾਨ ਇੱਕ ਲੜਕੀ ਨੂੰ ਰੋਕਿਆ ਗਿਆ ਤਾਂ ਉਸ ਦਾ ਹੈਲਮੈਟ ਦਾ ਚਲਾਨ ਕਰ ਦਿੱਤਾ। ਤਿੰਨਾਂ ਟਰੈਫ਼ਿਕ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਨੇ ਹੀ ਸਿਰਫ਼ ਚਲਾਨ ਨਹੀਂ ਕੱਟੇ, ਬਲਕਿ ਸਾਰੇ ਪੁਲੀਸ ਕਰਮੀਆਂ ਨੇ ਵੀ ਚਲਾਨ ਕੀਤੇ ਸਨ।
ਪੁਲੀਸ ਕਮਿਸ਼ਨਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹੁਕਮ ਕੀਤਾ ਸੀ ਕਿ ਇੱਕ ਮਹੀਨਾ ਚਲਾਨ ਨਾ ਕੱਟੇ ਜਾਣ। ਇਸ ਦੇ ਬਾਵਜੂਦ ਸਾਜ਼ਿਸ਼ ਤਹਿਤ ਨਾਕੇ ਦੌਰਾਨ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲੇ ਕਰਮੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਤੇ ਅੱਗੇ ਵੀ ਜਾਰੀ ਰਹੇਗੀ।