ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਨਵੇਂ ਨੋਟਾਂ ਵਾਲੀ 27 ਲੱਖ ਦੀ ਕਰੰਸੀ ਬਰਾਮਦ

ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਨਵੇਂ ਨੋਟਾਂ ਵਾਲੀ 27 ਲੱਖ ਦੀ ਕਰੰਸੀ ਬਰਾਮਦ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 27 ਲੱਖ ਦੀ ਨਵੀਂ ਕਰੰਸੀ ਬਰਾਮਦ ਕੀਤੀ। ਇਹ ਕਰੰਸੀ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਬਾਹਰੋਂ ਇਕ ਫਾਰਚੂਨਰ ਕਾਰ ਵਿਚੋਂ ਮਿਲੀ। ਸਾਰੇ ਨੋਟ 2000 ਦੇ ਹਨ ਜੋ ਮੁੰਬਈ ਤੋਂ ਬਦਲ ਕੇ ਦਿੱਲੀ ਲਿਆਂਦੇ ਗਏ ਸਨ। ਅਪਰਾਧ ਸ਼ਾਖਾ ਨੇ ਕਰੰਸੀ ਲਿਆਉਣ ਵਾਲੇ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਅਜੀਤ ਪਾਲ ਸਿੰਘ ਤੇ ਰਜਿੰਦਰ ਸਿੰਘ ਵਜੋਂ ਹੋਈ ਹੈ। ਅਜੀਤ ਤੇ ਰਜਿੰਦਰ ਮੁੰਬਈ ਤੋਂ ਆ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੈਸਾ ਦਿੱਲੀ ਦੇ ਰਹਿਣ ਵਾਲੇ ਸੰਜੇ ਮਲਿਕ ਦਾ ਹੈ, ਜੋ ਬੱਦੀ ਵਿਚ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਹੈ। ਸੰਜੇ ਮਲਿਕ ਅਜੇ ਫਰਾਰ ਹੈ।
ਨੋਟਬੰਦੀ ਕਾਰਨ ਜਿਥੇ ਇਕ ਪਾਸੇ ਦੇਸ਼ ਦੀ ਜਨਤਾ ਦੋ ਦੋ ਹਜ਼ਾਰ ਦੀ ਨਵੀਂ ਕਰੰਸੀ ਲੈਣ ਲਈ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹੀ ਨਜ਼ਰ ਆ ਰਹੀ ਹੈ ਉਥੇ ਦੂਜੇ ਪਾਸੇ ਕੁਝ ਜੁਗਾੜਬਾਜ਼ਾਂ ਨੂੰ ਬਿਨਾਂ ਕਤਾਰ ਵਿਚ ਲੱਗਿਆਂ ਲੱਖਾਂ ਕਰੋੜਾਂ ਦੀ ਨਵੀਂ ਕਰੰਸੀ ਮਿਲ ਰਹੀ ਹੈ।