ਭੁਬਨੇਸ਼ਵਰ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 23 ਮਰੀਜ਼ ਮਰੇ

ਭੁਬਨੇਸ਼ਵਰ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 23 ਮਰੀਜ਼ ਮਰੇ

ਭੁਬਨੇਸ਼ਵਰ/ਬਿਊਰੋ ਨਿਊਜ਼ :
ਇਥੋਂ ਦੇ ਸਮ ਹਸਪਤਾਲ ਦੇ ਡਾਇਲਿਸਿਸ ਵਾਰਡ ਦੇ ਆਈਸੀਯੂ ‘ਚ ਭਿਆਨਕ ਅੱਗ ਲੱਗਣ ਕਾਰਨ 23 ਮਰੀਜ਼ਾਂ ਦੀ ਮੌਤ ਹੋ ਗਈ। ਕਈ ਮਰੀਜ਼ ਜ਼ਖ਼ਮੀ ਹੋਏ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਸੈਂਕੜੇ ਮਰੀਜ਼ਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ। ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾਕਟਰ ਬਸੰਤ ਕੁਮਾਰ ਪੱਤਰੀ ਨੇ ਦੱਸਿਆ ਕਿ ਅੱਗ ਪਹਿਲੀ ਮੰਜ਼ਿਲ ‘ਤੇ ਸ਼ਾਰਟ ਸਰਕਿਟ ਹੋਣ ਕਾਰਨ ਲੱਗੀ ਜਾਪਦੀ ਹੈ। ਸ਼ਹਿਰ ਦੇ ਬਾਹਰਵਾਰ ਸ਼ਾਮਪੁਰ ਵਿਚ ਬਣੇ ਇਸ ਹਸਪਤਾਲ ਵਿਚ ਤੁਰੰਤ ਅੱਗ ਬੁਝਾਊ ਅਮਲਾ ਅਤੇ ਪੁਲੀਸ ਪਹੁੰਚ ਗਈ ਅਤੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ। ਜਦੋਂ ਹਸਪਤਾਲ ਵਿਚ ਅੱਗ ਲੱਗੀ ਤਾਂ ਚਾਰੇ ਪਾਸੇ ਰੌਲਾ ਪੈ ਗਿਆ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਖੁਦ ਹੀ ਅੱਗ ਬੁਝਾਉਣ ਦੇ ਯਤਨ ਕੀਤੇ ਪਰ ਅੱਗ ਬੇਕਾਬੂ ਹੋ ਗਈ। ਮਰੀਜ਼ ਅਤੇ ਉਨ੍ਹਾਂ ਦੀ ਦੇਖ-ਰੇਖ ਵਿਚ ਲੱਗੇ ਲੋਕ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ। ਪੁਲੀਸ ਕਮਿਸ਼ਨਰ ਵਾਈ ਬੀ ਖੁਰਾਨੀਆ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਰ ਕਰਦਿਆਂ ਗੰਭੀਰ ਜ਼ਖ਼ਮੀਆਂ ਨੂੰ ਏਮਜ਼ ਵਿਚ ਦਾਖਲ ਕਰਨ ਦੀ ਹਦਿÂਤ ਦਿੱਤੀ ਹੈ।