ਰੈਫਰੰਡਮ 2020 ਬਾਰੇ ਸਿੱਖਾਂ ‘ਚ ਭੰਬਲਭੂਸਾ ਵਧਿਆ

ਰੈਫਰੰਡਮ 2020 ਬਾਰੇ ਸਿੱਖਾਂ ‘ਚ ਭੰਬਲਭੂਸਾ ਵਧਿਆ

ਅੰਮ੍ਰਿਤਸਰ/ਬਿਊਰੋ ਨਿਉਜ਼ :
ਪੰਜਾਬ ਵਿਚ ਖਾੜਕੂਵਾਦ ਵੇਲੇ ਤੋਂ ਸਰਗਰਮ ਕਈ ਸਿੱਖ ਜਥੇਬੰਦੀਆਂ ਖਾਲਿਸਤਾਨ ਦੀਆਂ ਹਾਮੀ ਚਲੀਆਂ ਆ ਰਹੀਆਂ ਹਨ। ‘ਸਿੱਖਜ਼ ਫਾਰ ਜਸਟਿਸ’ ਨਾਂ ਦੀ ਸਿੱਖ ਜਥੇਬੰਦੀ ਵੱਲੋਂ ਵੱਖਰੇ ਸਿੱਖ ਰਾਜ ਖਾਲਿਸਤਾਨ ਦੇ ਮੁੱਦੇ ‘ਤੇ ਕਰਵਾਈ ਜਾ ਰਹੀ ਰਾਏਸ਼ੁਮਾਰੀ ‘ਰੈਫਰੰਡਮ 2020’ ਬਾਰੇ ਫਿਲਹਾਲ ਪੰਜਾਬ ਵਿਚਲੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਚੁੱਪ ਹਨ ਅਤੇ ਕਿਸੇ ਵੀ ਜਥੇਬੰਦੀ ਵੱਲੋਂ ਖੁੱਲ੍ਹ ਕੇ ਸਮਰਥਨ ਨਹੀਂ ਦਿੱਤਾ ਗਿਆ ਹੈ।
ਖਾਲਿਸਤਾਨ ਬਾਰੇ ਇਹ ਰਾਏਸ਼ੁਮਾਰੀ ਭਾਵੇਂ 2020 ਵਿੱਚ ਕਰਵਾਈ ਜਾਵੇਗੀ ਪਰ ਇਸ ਤੋਂ ਪਹਿਲਾਂ 12 ਅਗਸਤ ਨੂੰ ਲੰਡਨ ਵਿੱਚ ਇਸ ਸਬੰਧੀ ਇਕ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿਚ ਵਿਸ਼ਵ ਭਰ ਤੋਂ ਸਿੱਖਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਸੱਦੇ ਤਹਿਤ ਭਾਰਤ ਵਿਚਲੀਆਂ ਖਾਲਿਸਤਾਨ ਪੱਖੀ ਸਿੱਖ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਦਾ ਸੱਦਾ ਮਿਲਿਆ ਹੈ ਪਰ ਫਿਲਹਾਲ ਕੋਈ ਵੀ ਪੰਜਾਬ ਵਿਚਲੀ ਸਿੱਖ ਜਥੇਬੰਦੀ ਨੇ ਇਸ ਦਾ ਹੁੰਗਾਰਾ ਨਹੀਂ ਦਿੱਤਾ।
ਪੰਜਾਬ ਵਿਚਲੀਆਂ ਸਿੱਖ ਜਥੇਬੰਦੀਆਂ ਹਨ ਸਿੱਧੇ ਤੌਰ ‘ਤੇ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਗੱਲ ਕਰਦੀਆਂ ਹਨ। ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਹਰਪਾਲ ਸਿੰਘ ਚੀਮਾ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਜ਼ ਫਾਰ ਜਸਟਿਸ ਨੂੰ ਇਕ ਪੱਤਰ ਭੇਜ ਕੇ ਰੈਫਰੈਂਡਮ 2020 ਬਾਰੇ ਸਪੱਸ਼ਟਤਾ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਫਿਲਹਾਲ ਇਸ ਰਾਏਸ਼ੁਮਾਰੀ ਦਾ ਸਮਰਥਨ ਨਹੀਂ ਕੀਤਾ ਪਰ ਉਨ੍ਹਾਂ ਸਿੱਧੇ ਢੰਗ ਨਾਲ ਵਿਰੋਧ ਵੀ ਨਹੀਂ ਪ੍ਰਗਟਾਇਆ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਰਾਏਸ਼ੁਮਾਰੀ ਕਰਾਉਣ ਵਾਲੀ ਜਥੇਬੰਦੀ ਕੋਲ ਕੁਝ ਖਦਸ਼ੇ ਪ੍ਰਗਟਾਏ ਗਏ ਹਨ ਅਤੇ ਸਪੱਸ਼ਟ ਕਰਨ ਲਈ ਆਖਿਆ ਹੈ ਪਰ ਹੁਣ ਤੱਕ ਕੋਈ ਹੁੰਗਾਰਾ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਲੰਡਨ ਵਿੱਚ ਹੋਣ ਵਾਲੇ ਸਮਾਗਮ ਵਿਚ ਸ਼ਮੂਲੀਅਤ ਨਹੀਂ ਕਰਨਗੇ। ਸਿੱਖਜ਼ ਫਾਰ ਜਸਟਿਸ ਦੀ ਹਮਖਿਆਲੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਉਹ ਲੰਡਨ ਵਿਚ 12 ਅਗਸਤ ਨੂੰ ਸੱਦੇ ਗਏ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ ਪਰ ਉਹ ਸਿੱਖ ਆਜ਼ਾਦੀ ਦੇ ਹਾਮੀ ਹਨ। ਉਨ੍ਹਾਂ ਆਖਿਆ ਕਿ ਕਿਸੇ ਵੀ ਸਰਕਾਰ ਵੱਲੋਂ ਸਿੱਖ ਕੌਮ ਨੂੰ ਨਿਆਂ ਨਾ ਮਿਲਣ ਕਰਕੇ ਹੀ ਸਿੱਖ ਕੌਮ ਦਾ ਰਾਏਸ਼ੁਮਾਰੀ ਵੱਲ ਝੁਕਾਅ ਹੋਇਆ ਹੈ। ਇਨ੍ਹਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਮਤ ਹੈ ਕਿ ਜੇਕਰ ਇਸ ਰਾਏਸ਼ੁਮਾਰੀ ਵਿਚ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਤਾਂ ਪੰਜਾਬ ਦੇ ਲੋਕਾਂ ਲਈ ਕੀਤੀ ਜਾ ਰਹੀ ਇਹ ਰਾਏਸ਼ੁਮਾਰੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਸ ਨਾਲ ਖਾਲਿਸਤਾਨੀ ਹਮਾਇਤੀ ਲੋਕਾਂ ਦਾ ਮਨੋਬਲ ਟੁੱਟ ਸਕਦਾ ਹੈ।