ਐਚਐਸ ਫੂਲਕਾ ਨੇ ਅਸਤੀਫ਼ੇ ਦਾ ਫੈਸਲਾ 20 ਸਤੰਬਰ ਤਕ ਟਾਲਿਆ

ਐਚਐਸ ਫੂਲਕਾ ਨੇ ਅਸਤੀਫ਼ੇ ਦਾ ਫੈਸਲਾ 20 ਸਤੰਬਰ ਤਕ ਟਾਲਿਆ

ਪਟਿਆਲਾ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਦਾਖਾ ਹਲਕੇ ਦੇ ਵਿਧਾਇਕ ਐਚਐਸ ਫੂਲਕਾ ਨੇ ਫਿਲਹਾਲ ਆਪਣਾ ਅਸਤੀਫਾ ਦੇਣ ਦੀ ਕਾਰਵਾਈ ਨੂੰ 20 ਸਤੰਬਰ ਤਕ ਟਾਲ ਦਿੱਤਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਹਾਈ ਕੋਰਟ ਵਿੱਚ ਸੁਣਵਾਈ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਖਿਲਾਫ ਕਿਸੇ ਵੀ ਕਾਰਵਾਈ ਉਤੇ ਲੱਗੀ ਰੋਕ ਦੇ ਮੱਦੇਨਜ਼ਰ ਸ੍ਰੀ ਫੂਲਕਾ ਨੇ 20 ਸਤੰਬਰ ਤੋਂ ਬਾਅਦ ਸਮਾਂ ਤੈਅ ਕਰਕੇ ਅਸਤੀਫ਼ਾ ਦੇਣ ਦੀ ਗੱਲ ਆਖੀ ਹੈ। ਇਸ ਤਰ੍ਹਾਂ ਹੁਣ ਉਨ੍ਹਾਂ ਅਸਤੀਫ਼ੇ ਦਾ ਫ਼ੈਸਲਾ ਹਫ਼ਤੇ ਲਈ ਟਾਲ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੇ ਸਾਰੇ ਆਗੂਆਂ ਨੇ ਐੱਚ ਐੱਸ ਫੂਲਕਾ ‘ਤੇ ਅਸਤੀਫ਼ੇ ਦਾ ਫ਼ੈਸਲਾ ਵਾਪਸ ਲੈਣ ਲਈ ਕਾਫ਼ੀ ਜ਼ੋਰ ਪਾਇਆ ਗਿਆ ਪਰ ਸ੍ਰੀ ਫੂਲਕਾ ਅਸਤੀਫ਼ੇ ਦਾ ਫ਼ੈਸਲਾ ਵਾਪਸ ਲੈਣ ਲਈ ਨਹੀਂ ਮੰਨੇ ਹਨ। ‘ਆਪ’ ਤੋਂ ਵੱਖਰੇ ਹੋ ਕੇ ਵਿਚਰ ਰਹੇ ਖਹਿਰਾ ਧੜੇ ਦੇ ਵਿਧਾਇਕ ਕੰਵਰ ਸੰਧੂ ਵੱਲੋਂ ਵੀ ਇਸ ਗੱਲ ਦਾ ਬੁਰਾ ਮਨਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜਦੋਂ ਤਿੰਨ ਸਾਲਾਂ ਵਿੱਚ ਕਾਰਵਾਈ ਨਹੀਂ ਹੋਈ ਤਾਂ 15 ਦਿਨਾਂ ਵਿੱਚ ਕਾਰਵਾਈ ਕਿਵੇਂ ਹੋ ਸਕਦੀ ਹੈ, ਇਸ ਕਰਕੇ ਸ੍ਰੀ ਫੂਲਕਾ ਅਸਤੀਫ਼ਾ ਦੇ ਕੇ ਇਕ ਤਰ੍ਹਾਂ ਨਾਲ ਪਾਰਟੀ ਨੂੰ ਕਮਜ਼ੋਰ ਹੀ ਕਰਨਗੇ।
ਸ੍ਰੀ ਫੂਲਕਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ 15 ਦਿਨਾਂ ਅੰਦਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ 16 ਸਤੰਬਰ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਜਾ ਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਹਾਈ ਕੋਰਟ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਸੁਣਵਾਈ ਹੋਣ ਕਰਕੇ ਐੱਚ ਐੱਸ ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਫ਼ੈਸਲਾ ਰੱਦ ਨਹੀਂ ਕੀਤਾ, ਸਗੋਂ ਉਨ੍ਹਾਂ ਕਿਹਾ ਕਿ 20 ਸਤੰਬਰ ਨੂੰ ਦੁਬਾਰਾ ਸੁਣਵਾਈ ਹੋਣ ਤੋਂ ਬਾਅਦ ਕੋਈ ਸਮਾਂ ਤੈਅ ਕੀਤਾ ਜਾਵੇਗਾ ਤੇ ਜੇਕਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਦਾ ਅਸਤੀਫ਼ਾ ਦੇਣਾ ਤੈਅ ਹੈ।