ਬੇਅਦਬੀ ਕਾਂਡ : ਕਤਲ ਮਾਮਲੇ ‘ਚ ਨਾਮਜ਼ਦ 2 ਸਿੱਖ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ

ਬੇਅਦਬੀ ਕਾਂਡ : ਕਤਲ ਮਾਮਲੇ ‘ਚ ਨਾਮਜ਼ਦ 2 ਸਿੱਖ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ

ਲੁਧਿਆਣਾ/ਬਿਊਰੋ ਨਿਊਜ਼ :
ਪਿੰਡ ਘਵੱਦੀ ਵਿਚ ਜੁਲਾਈ ਮਹੀਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਨਾਮਜਦ ਔਰਤ ਨੂੰ ਕਤਲ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤੇ ਦੋ ਸਿੱਖ ਨੌਜਵਾਨਾਂ ਨੂੰ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਪਿੰਡ ਘਵੱਦੀ ਸਥਿਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਤਹਿਤ ਪੁਲੀਸ ਨੇ ਬਲਵਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਸੀ, ਪਰ ਕੁਝ ਦਿਨ ਬਾਅਦ ਹੀ ਬਲਵਿੰਦਰ ਕੌਰ ਦੀ ਜ਼ਮਾਨਤ ਹੋ ਗਈ ਸੀ। ਘਟਨਾ ਵਾਲੇ ਦਿਨ ਇਸ ਸਾਲ 26 ਜੁਲਾਈ ਨੂੰ ਬਲਵਿੰਦਰ ਕੌਰ ਆਲਮਗੀਰ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੇ ਬਾਹਰ ਜਾ ਰਹੀ ਸੀ ਕਿ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਵਾਸੀ ਜੋਧਪੁਰ ਅਤੇ ਫੌਜਾ ਸਿੰਘ ਉਰਫ ਭੁਪਿੰਦਰ ਸਿੰਘ ਵਾਸੀ ਪਟਿਆਲਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ। ਨਾਮਜ਼ਦ ਨੌਜਵਾਨਾਂ ਵੱਲੋਂ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਪਿਛਲੇ 4 ਮਹੀਨਿਆਂ ਤੋਂ ਇਹ ਨੌਜਵਾਨ ਜੇਲ੍ਹ ਵਿਚ ਬੰਦ ਸਨ। ਇਨ੍ਹਾਂ ਨੌਜਵਾਨਾਂ ਦੀ ਅਰਜ਼ੀ ‘ਤੇ ਸੁਣਵਾਈ ਸੀ। ਜਾਂਚ ਦੌਰਾਨ ਵੀ ਪੁਲੀਸ ਇਨ੍ਹਾਂ ਖਿਲਾਫ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਜੱਜ ਸ. ਜਤਿੰਦਰਪਾਲ ਸਿੰਘ ਖੁਰਮੀ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ। ਸ. ਮੰਝਪੁਰ ਨੇ ਦੱੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।