ਦਸੂਹਾ ਨੇੜੇ ਸਕੂਲੀ ਬੱਸ ਹਾਦਸੇ ਵਿਚ ਤਿੰਨ ਬੱਚਿਆਂ ਤੇ ਡਰਾਈਵਰ ਦੀ ਮੌਤ, 18 ਜਣੇ ਜ਼ਖ਼ਮੀ

ਦਸੂਹਾ ਨੇੜੇ ਸਕੂਲੀ ਬੱਸ ਹਾਦਸੇ ਵਿਚ ਤਿੰਨ ਬੱਚਿਆਂ ਤੇ ਡਰਾਈਵਰ ਦੀ ਮੌਤ, 18 ਜਣੇ ਜ਼ਖ਼ਮੀ

ਕੈਪਸ਼ਨ-ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਸਕੂਲ ਬੱਸ ਤੇ ਮਹਿੰਦਰਾ ਪਿਕਅੱਪ ਅਤੇ ਇਨਸੈੱਟ ਮ੍ਰਿਤਕ ਬੱਚਿਆਂ ਦੀਆਂ ਫਾਈਲ ਫੋਟੋਆਂ।
ਦਸੂਹਾ/ਬਿਊਰੋ ਨਿਊਜ਼ :
ਦਸੂਹਾ-ਹਾਜੀਪੁਰ ਸੜਕ ‘ਤੇ ਪਿੰਡ ਸਿੰਘਪੁਰ ਨੇੜੇ ਸਕੂਲੀ ਬੱਸ ਅਤੇ ਮਹਿੰਦਰਾ ਪਿਕਅੱਪ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਤਿੰਨ ਬੱਚਿਆਂ ਤੇ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ 12 ਬੱਚੇ ਤੇ ਅੱਧੀ ਦਰਜਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਬੱਸ ਪਿੰਡਾਂ ਤੋਂ ਕਰੀਬ 35 ਬੱਚਿਆਂ ਨੂੰ ਲੈ ਕੇ ਤਲਵਾੜਾ ਤੋਂ ਦਸੂਹਾ ਵੱਲ ਆ ਰਹੀ ਸੀ। ਬੱਸ ਵਿੱਚ ਦੋ ਨਿਗਰਾਨ ਵੀ ਸਵਾਰ ਸਨ ਅਤੇ ਇਸ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ। ਜਦੋਂ ਬੱਸ ਦਸੂਹਾ-ਹਾਜੀਪੁਰ ਰੋਡ ‘ਤੇ ਪਿੰਡ ਸਿੰਘਪੁਰ ਨੇੜੇ ਪੁੱਜੀ ਤਾਂ ਦਸੂਹਾ ਵੱਲੋਂ ਤੇਜ਼ ਰਫ਼ਤਾਰ ਆ ਰਹੀ ਆਲੂਆਂ ਨਾਲ ਭਰੀ ਮਹਿੰਦਰਾ ਪਿਕਅੱਪ ਗੱਡੀ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਰਾਹਗੀਰਾਂ ਨੇ ਜ਼ਖ਼ਮੀ ਬੱਚਿਆਂ ਤੇ ਵਾਹਨ ਚਾਲਕਾਂ ਨੂੰ ਬਾਹਰ ਕੱਢਿਆ। ਮ੍ਰਿਤਕ ਬੱਚਿਆਂ ਦੀ ਪਛਾਣ ਤਨਿਸ਼ਕ ਪੁੱਤਰ ਅਨਿਲ  ਕੁਮਾਰ ਵਾਸੀ ਤਲਵਾੜਾ, ਸੁਰਭੀ ਪੁੱਤਰੀ ਰੋਹਿਤ ਸ਼ਰਮਾ, ਅਨਿਰੁਧ ਪੁੱਤਰ ਰੋਹਿਤ ਸ਼ਰਮਾ ਵਾਸੀ ਤਲਵਾੜਾ ਤੇ ਬੱਸ ਚਾਲਕ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦੇਪਰ (ਦਤਾਰਪੁਰ) ਵਜੋਂ ਹੋਈ ਹੈ।
ਹਾਦਸੇ ਦੀ ਖ਼ਬਰ ਸੁਣ ਕੇ ਮਹਿਲਾ ਦੀ ਮੌਤ :
ਤਲਵਾੜਾ : ਹਾਜੀਪੁਰ-ਦਸੂਹਾ ਸੜਕ ‘ਤੇ ਹਾਦਸੇ ਵਿੱਚ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਸੁਣ ਕੇ ਪਿੰਡ ਖਟਗੜ੍ਹ ਦੀ ਵਸਨੀਕ ਪੂਜਾ ਦੇਵੀ (32) ਪਤਨੀ ਪ੍ਰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੂਜਾ ਦੇਵੀ ਦੇ ਦੋਵੇਂ ਬੱਚੇ ਇਸ ਸਕੂਲ ਵਿੱਚ ਹੀ ਪੜ੍ਹਦੇ ਹਨ। ਇਸ ਦੌਰਾਨ ਤਿੰਨਾਂ ਬੱਚਿਆਂ ਦਾ ਇੱਕੋ ਥਾਂ ਸਸਕਾਰ  ਕੀਤਾ ਗਿਆ।