ਭਾਜਪਾ ਨੇ 17 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ

ਭਾਜਪਾ ਨੇ 17 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਜਪਾ ਨੇ ਪੰਜਾਬ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਜਵਾਨਾਂ ਨੂੰ ਸਿਆਸਤ ਵਿਚ ਵਧੇਰੇ ਮੌਕੇ ਦੇਣ ਅਤੇ ਬਜ਼ੁਰਗ ਸਿਆਸਤਦਾਨਾਂ ਨੂੰ ‘ਮਾਰਗਦਰਸ਼ਕ’ ਦੀ ਭੂਮਿਕਾ ਨਿਭਾਉਣ ਦੇ ਪਹਿਲਾਂ ਕੀਤੇ ਐਲਾਨ ਦੀ ਤਰਜ਼ ‘ਤੇ ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਗਠਜੋੜ ਭਾਈਵਾਲ ਭਾਜਪਾ ਆਪਸੀ ਸਮਝੌਤੇ ਮੁਤਾਬਕ 23 ਸੀਟਾਂ ‘ਤੇ ਚੋਣ ਲੜਦੀ ਹੈ। ਮੌਜੂਦਾ ਵਿਧਾਨ ਸਭਾ ਵਿਚੋਂ ਪਾਰਟੀ ਦੇ 11 ਵਿਧਾਇਕ ਹਨ, ਜਿਨ੍ਹਾਂ ਵਿਚੋਂ ਜਾਰੀ ਕੀਤੇ 17 ਉਮੀਦਵਾਰਾਂ ਦੀ ਸੂਚੀ ਵਿਚ 5 ਵਿਧਾਇਕਾਂ ਦੇ ਹੀ ਨਾਂਅ ਸ਼ਾਮਲ ਹਨ, ਜਿਨ੍ਹਾਂ 6 ਵਿਧਾਇਕਾਂ ਦੇ ਟਿਕਟ ਰੋਕੇ ਗਏ ਹਨ ਉਨ੍ਹਾਂ ਵਿਚ 4 ਮੰਤਰੀ ਸ਼ਾਮਲ ਹਨ, ਜਿਨ੍ਹਾਂ ਵਿਚੋਂ 2 ਮੰਤਰੀ ਉਮਰ ਦੇ ਘੇਰੇ ਹੇਠ ਆਉਂਦੇ ਹਨ। 81 ਸਾਲਾ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਅਤੇ 84 ਸਾਲਾ ਕਿਰਤ ਮੰਤਰੀ ਚੂਨੀ ਲਾਲ ਭਗਤ ਦਾ ਨਾਂਅ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ। ਹਲਕਿਆਂ ਮੁਤਾਬਕ ਦੋਵੇਂ ਬਜ਼ੁਰਗ ਨੇਤਾ ਆਪਣੀ ਥਾਂਅ ‘ਤੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਟਿਕਟ ਦੀ ਮੰਗ ਕਰ ਰਹੇ ਹਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੇ ਸਕੱਤਰ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਬਾਕੀ ਨਾਵਾਂ ਦਾ ਐਲਾਨ ਅਗਲੀ ਸੂਚੀ ਵਿਚ ਕੀਤਾ ਜਾਏਗਾ। ਰਸਮੀ ਤੌਰ ‘ਤੇ ਐਲਾਨੀ ਸੂਚੀ ਬਾਰੇ ਫ਼ੈਸਲੇ ਲਈ ਨਵੀਂ ਦਿੱਲੀ ਵਿਖੇ ਬੈਠਕ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਚੋਟੀ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਈ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਮੌਜੂਦਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਦੀ ਥਾਂ ‘ਤੇ ਰਾਜੇਸ਼ ਹਨੀ ਨੂੰ ਟਿਕਟ ਦਿੱਤੀ ਗਈ ਹੈ, ਜਿਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਨੂੰ ਅਲਵਿਦਾ ਕਹਿਣ ਵਾਲੇ ਅਤੇ ਫਿਲਹਾਲ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨਾਲ ਹੋਵੇਗਾ। ਦੱਸਣਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਤੋਂ ਇਹ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਥਾਂ ‘ਤੇ ਸਿੱਧੂ ਇਸ ਸੀਟ ਤੋਂ ਲੜਨਗੇ। ਇਕ ਪਰਿਵਾਰ ਇਕ ਟਿਕਟ ਦਾ ਸਿਧਾਂਤ ਅਪਣਾ ਰਹੀ ਕਾਂਗਰਸ ਨੇ ਇਹ ਸੀਟ ਸਿੱਧੂ ਜੋੜੇ ਲਈ ਰਾਖਵੀਂ ਰੱਖੀ ਹੈ। ਜਿਨ੍ਹਾਂ ਮੌਜੂਦਾ ਵਿਧਾਇਕਾਂ ਦੇ ਨਾਂਅ ਪਹਿਲੀ ਸੂਚੀ ਵਿਚ ਆਏ ਹਨ ਉਹ ਹਨ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਭੋਆ ਤੋਂ ਸੀਮਾ ਕੁਮਾਰੀ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਦਸੂਹਾ ਤੋਂ ਸੁਖਜੀਤ ਕੌਰ ਸਾਹੀ ਅਤੇ ਜਲੰਧਰ (ਉੱਤਰੀ) ਤੋਂ ਕੇ.ਡੀ. ਭੰਡਾਰੀ। ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੂੰ ਅੰਮ੍ਰਿਤਸਰ (ਕੇਂਦਰੀ) ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ, ਅਬੋਹਰ ਤੋਂ ਅਰੁਣ ਨਾਰੰਗ, ਫਿਰੋਜ਼ਪੁਰ ਸ਼ਹਿਰ ਤੋਂ ਸੁਖਪਾਲ ਸਿੰਘ ਨੰਨੂ, ਲੁਧਿਆਣਾ (ਪੱਛਮੀ) ਤੋਂ ਕਮਲ ਚੇਤਲੀ, ਲੁਧਿਆਣਾ (ਉੱਤਰੀ) ਤੋਂ ਪ੍ਰਵੀਨ ਬਾਂਸਲ, ਲੁਧਿਆਣਾ (ਕੇਂਦਰੀ) ਤੋਂ ਗੁਰਦੇਵ ਸ਼ਰਮਾ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ ਅਤੇ ਮੁਕੇਰੀਆਂ ਤੋਂ ਅਰੁਣੇਸ਼ ਸ਼ਾਕਰ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਅੰਮ੍ਰਿਤਸਰ (ਪੱਛਮੀ) ਤੋਂ ਰਾਕੇਸ਼ ਗਿੱਲ ਅਤੇ ਦੀਨਾਨਗਰ ਤੋਂ ਬੀ. ਡੀ. ਧੁੱਪੜ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਛੀਨਾ ਲੋਕ ਸਭਾ ਲਈ ਅੰਮ੍ਰਿਤਸਰ ਤੋਂ ਉਮੀਦਵਾਰ :
ਚੰਡੀਗੜ੍ਹ : ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਭਾਜਪਾ ਨੇ ਸ. ਰਜਿੰਦਰ ਮੋਹਨ ਸਿੰਘ ਛੀਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਨਵੀਂ ਦਿੱਲੀ ਵਿਚ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਵਿਚ ਸ. ਛੀਨਾ ਦੇ ਨਾਂਅ ‘ਤੇ ਮੋਹਰ ਲਾਈ ਗਈ। ਬੈਠਕ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਸਮੇਤ 6 ਕਮੇਟੀ ਮੈਂਬਰ ਮੌਜੂਦ ਸਨ। ਛੀਨਾ ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਆਲ ਇੰਡੀਆ ਡਾਇਰੈਕਟਰ ਹਨ। ਸਾਲ 2007 ਵਿੱਚ ਅੰਮ੍ਰਿਤਸਰ ਪੱਛਮੀ ਤੋਂ ਭਾਜਪਾ ਵੱਲੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਛੀਨਾ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਛੋਟੀਆਂ ਉਦਯੋਗਿਕ ਇਕਾਈਆਂ ਵਿਭਾਗ ਪੰਜਾਬ ਦੇ ਉਪ ਚੇਅਰਮੈਨ ਦੇ ਅਹੁਦੇ ‘ਤੇ ਵੀ ਉਨ੍ਹਾਂ ਕੰਮ ਕੀਤਾ ਹੈ।