ਵਿਰੋਧੀ ਧਿਰ ਦੇ ਆਗੂ ਲਈ ਨਿਰਧਾਰਤ ਰਿਹਾਇਸ਼ ਨਾ ਮਿਲਣ ‘ਤੇ ਫੂਲਕਾ ਨੇ ਸੈਕਟਰ 16 ਵਾਲੀ ਕੋਠੀ ਠੁਕਰਾਈ

ਵਿਰੋਧੀ ਧਿਰ ਦੇ ਆਗੂ ਲਈ ਨਿਰਧਾਰਤ ਰਿਹਾਇਸ਼ ਨਾ ਮਿਲਣ ‘ਤੇ ਫੂਲਕਾ ਨੇ ਸੈਕਟਰ 16 ਵਾਲੀ ਕੋਠੀ ਠੁਕਰਾਈ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੈਕਟਰ 16 ਵਿੱਚ ਅਲਾਟ ਕੀਤੀ ਸਰਕਾਰੀ ਕੋਠੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਫੂਲਕਾ ਪੰਜਾਬ ਭਵਨ ਵਿੱਚ ਰਾਤਾਂ ਕੱਟ ਕੇ ਡੰਗ ਟਪਾ ਰਹੇ ਹਨ।
ਸ੍ਰੀ ਫੂਲਕਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਵਿਰੋਧੀ ਧਿਰ ਦੇ ਆਗੂ ਲਈ ਸੈਕਟਰ 2 ਸਥਿਤ ਨਿਰਧਾਰਿਤ ਕੋਠੀ ਨੰਬਰ 46 ਦੇਣ ਦੀ ਥਾਂ ਸੈਕਟਰ 16 ਵਿੱਚ ਕੋਠੀ ਨੰਬਰ 500 ਅਲਾਟ ਕੀਤੀ ਹੈ। ਦੱਸਣਯੋਗ ਹੈ ਕਿ ਬਾਦਲ ਸਰਕਾਰ ਵੇਲੇ ਜਦੋਂ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੂੰ ਸੈਕਟਰ 16 ਵਾਲੀ ਇਹ ਕੋਠੀ ਅਲਾਟ ਕੀਤੀ ਸੀ ਤਾਂ ਉਨ੍ਹਾਂ ਵੀ ਇਸ ਰਿਹਾਇਸ਼ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਸਰਕਾਰ ਨੇ ਬਾਅਦ ਵਿਚ ਉਨ੍ਹਾਂ ਨੂੰ ਸੈਕਟਰ 2 ਵਾਲੀ ਕੋਠੀ ਨੰਬਰ 46 ਹੀ ਅਲਾਟ ਕੀਤੀ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਸੈਕਟਰ 2 ਸਥਿਤ ਕੋਠੀ ਨੰਬਰ 46 ਹੀ ਸ਼ੁਰੂ ਤੋਂ ਵਿਰੋਧੀ ਧਿਰ ਦੇ ਆਗੂ ਨੂੰ ਮੁਹੱਈਆ ਕਰਨ ਦੀ ਰਵਾਇਤ ਹੈ ਪਰ ਸਰਕਾਰ ਉਨ੍ਹਾਂ ਨੂੰ ਅਹੁਦੇ ਦੇ ਪੱਧਰ ਵਾਲੀ ਕੋਠੀ ਨਾ ਦੇ ਕੇ ਵਿਰੋਧੀ ਧਿਰ ਨੂੰ ਬਣਦੀ ਮਹੱਤਤਾ ਨਹੀਂ ਦੇ ਰਹੀ। ਦੱਸਣਯੋਗ ਹੈ ਕਿ ਸੈਕਟਰ 2 ਵਾਲੀ ਕੋਠੀ ਪਹਿਲਾਂ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਕੋਲ ਸੀ ਅਤੇ ਹੁਣ ਮੰਤਰੀ ਬਣਨ ਤੋਂ ਬਾਅਦ ਉਹ ਉਥੇ ਹੀ ਡੱਟੇ ਹੋਏ ਹਨ। ਸ੍ਰੀ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਵੱਲੋਂ ਸੈਕਟਰ 16 ਵਿੱਚ ਕੋਠੀ ਦੇਣ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਜਿਸ ਕੋਠੀ ਨੂੰ ਪਹਿਲਾਂ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਠੁਕਰਾ ਚੁੱਕੇ ਹਨ, ਹੁਣ ਕਾਂਗਰਸ ਸਰਕਾਰ ਹੀ ਉਸ ਕੋਠੀ ਨੂੰ ਵਿਰੋਧੀ ਧਿਰ ਦੇ ਆਗੂ ਨੂੰ ਅਲਾਟ ਕਰ ਰਹੀ ਹੈ। ਦੂਜੇ ਪਾਸੇ ਸਰਕਾਰੀ ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਆਗੂ ਨੂੰ ਸੈਕਟਰ 2 ਦੀ ਕੋਠੀ ਨੰਬਰ 46 ਹੀ ਦੇਣ ਦਾ ਕੋਈ ਨਿਯਮ ਨਹੀਂ ਹੈ ਅਤੇ ਵਿਰੋਧੀ ਧਿਰ ਫਜ਼ੂਲ ਦਾ ਮੁੱਦਾ ਖੜ੍ਹਾ ਕਰ ਰਹੀ ਹੈ। ਪਤਾ ਲੱਗਾ ਹੈ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਸ੍ਰੀ ਚੰਨੀ ਨੇ ਸੈਕਟਰ 2 ਵਾਲੀ ਕੋਠੀ ਖਾਲੀ ਕਰਨ ਤੋਂ ਇਨਕਾਰ ਕਰ ਦਿਤਾ ਹੈ।