ਪੰਜਾਬੀ ਸੂਬਾ ਉਤਸਵ- ਸਟੇਡੀਅਮ ਦੀ ਸਮਰੱਥਾ 15 ਹਜ਼ਾਰ, ਖਾਲੀ ਰਹਿਣ ਦੇ ਡਰੋ 25 ਹਜ਼ਾਰ ਵਿਦਿਆਰਥੀ ਸੱਦੇ

ਪੰਜਾਬੀ ਸੂਬਾ ਉਤਸਵ- ਸਟੇਡੀਅਮ ਦੀ ਸਮਰੱਥਾ 15 ਹਜ਼ਾਰ, ਖਾਲੀ ਰਹਿਣ ਦੇ ਡਰੋ 25 ਹਜ਼ਾਰ ਵਿਦਿਆਰਥੀ ਸੱਦੇ

ਦਸ ਹਜ਼ਾਰ ਵਿਦਿਆਰਥੀਆਂ ਨੂੰ ਦਾਖ਼ਲ ਹੀ ਨਹੀਂ ਹੋਣ ਦਿੱਤਾ, ਭੁੱਖੇ-ਪਿਆਸੇ ਸੜਕਾਂ ‘ਤੇ ਘੁੰਮਦੇ ਰਹੇ
ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਦੀ 50ਵੀਂ ਵਰ੍ਹੇਗੰਢ ‘ਤੇ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਏ ਗਏ ਸਮਾਗਮ ਵਿਚ ਦੁਰਪ੍ਰਬੰਧਾਂ ਦੇ ਚਲਦਿਆਂ ਵਿਦਿਆਰਥੀਆਂ ਨਾਲ ਅਧਿਆਪਕ ਵੀ ਪ੍ਰੇਸ਼ਾਨ ਹੁੰਦੇ ਰਹੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਸਮੇਂ ਸਟੇਡੀਅਮ ਖਾਲੀ ਨਾ ਰਹਿ ਜਾਵੇ, ਇਸ ਲਈ ਸਿੱਖਿਆ ਵਿਭਾਗ ਨੇ ਭਰਿਆ ਦਿਖਾਉਣ ਦੇ ਚੱਕਰ ਵਿਚ 25 ਹਜ਼ਾਰ ਵਿਦਿਆਰਥੀਆਂ ਨੂੰ ਸੱਦ ਲਿਆ ਪਰ ਇਹ ਭੁੱਲ ਗਏ ਕਿ ਸਟੇਡੀਅਮ ਦੀ ਸਮਰੱਥਾ 15 ਹਜ਼ਾਰ ਹੈ। ਕਰੀਬ 10000 ਵਿਦਿਆਰਥੀਆਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਉਹ ਸੜਕਾਂ ‘ਤੇ ਰਖ਼ ਬਾਗ਼ ਵਿਚ ਘੁੰਮਦੇ ਰਹੇ। ਉਧਰ ਜੋ ਵਿਦਿਆਰਥੀ ਸਟੇਡੀਅਮ ਵਿਚ ਸਨ, ਉਨ੍ਹਾਂ ਨੂੰ 6 ਘੰਟੇ ਧੁੱਪ ਵਿਚ ਹੀ ਬੈਠਣ ਲਈ ਮਜਬੂਰ ਹੋਣਾ ਪਿਆ। ਛਾਂ ਦਾ ਕੋਈ ਪ੍ਰਬੰਧ ਨਹੀਂ ਸੀ। ਪੀਣ ਲਈ ਪਾਣੀ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ। ਪਾਣੀ ਦੇ ਟੈਂਕਰ ਵੀ ਸਟੇਡੀਅਮ ਦੇ ਬਾਹਰ ਸਨ। ਪ੍ਰੋਗਰਾਮ ਲੰਬਾ ਚੱਲਣ ਕਾਰਨ ਕੁਝ ਅਧਿਆਪਕ ਅਨੁਸ਼ਾਸਨ ਕਮੇਟੀ ਦੇ ਮੈਂਬਰਾਂ ਨੂੰ ਪਾਣੀ ਪੀਣ ਦੀ ਗੱਲ ਕਹਿ ਕੇ ਸਟੇਡੀਅਮ ਤੋਂ ਖਿਸਕ ਗਏ। ਸੁਖਬੀਰ ਬਾਦਲ ਦੇ ਸਟੇਡੀਅਮ ਵਿਚ ਪਹੁੰਚਣ ਦਾ ਸਮਾਂ 12 ਵਜੇ ਸੀ ਜਦਕਿ ਵਿਦਿਆਰਥੀਆਂ ਦਾ 9 ਵਜੇ। ਮਹਿਮਾਨਾਂ ਨੂੰ 11 ਵਜੇ ਸੱਦਿਆ ਗਿਆ ਸੀ। ਇਸ ਦੇ ਬਾਵਜੂਦ ਸੁਖਬੀਰ ਬਾਦਲ ਸਟੇਡੀਅਮ ਵਿਚ ਪੌਣਾ ਘੰਟਾ ਦੇਰੀ ਨਾਲ ਪਹੁੰਚੇ ਅਤੇ ਆਪਣੀ 9 ਵਰ੍ਹਿਆਂ ਦੀ ਸਫਲਤਾ ਦੇ ਸੋਹਲੇ ਗਾ ਕੇ ਕਰੀਬ ਦੋ ਵਜੇ ਸਟੇਡੀਅਮ ਤੋਂ ਚਲੇ ਵੀ ਗਏ।
ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ ਕਿ ਉਹ ਸੂਬਾ ਸਰਕਾਰ ਨੂੰ ਆਪਣੀ ਸਪੈਸ਼ਲ ਟਾਸਕ ਫੋਰਸ ਤਿਆਰ ਕਰ ਕੇ ਸਰਹੱਦ ‘ਤੇ ਤਾਇਨਾਤ ਕਰਨ ਦੀ ਆਗਿਆ ਦੇਵੇ ਤਾਂ ਜੋ ਸਰਹੱਦ ਰਾਹੀਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਅਥਾਹ ਉਪਰਾਲਿਆਂ ਸਦਕਾ ਪੰਜਾਬ ਸਿੱਖਿਆ ਸੁਧਾਰਾਂ ਸਬੰਧੀ ਦੇਸ਼ ਵਿਚੋਂ ਪਹਿਲੇ ਸਥਾਨ ‘ਤੇ ਹੈ। ਇਸ ਮੌਕੇ ਵਿਸ਼ਵ ਪ੍ਰਸਿੱਧ ਪਹਿਲਵਾਨ ਖਲੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ।
ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ‘ਤੇ ਉਪ ਮੁੱਖ ਮੰਤਰੀ ਨੇ ਸ਼ਬਦੀ ਹੱਲਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਯਾਤਰਾ ਨਾਲ ਕੈਪਟਨ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਜੇ ਕੈਪਟਨ ਸੱਚੀਂ ਕਾਂਗਰਸ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਸਕਦੇ ਹਨ ਤਾਂ ਕਿਸਾਨਾਂ ਦੇ ਫਾਰਮ ਭਰਵਾਉਣ ਦੇ ਨਾਲ ਇੱਕ ਹਲਫ਼ਨਾਮਾ ਦੇਣ ਕਿ ਜੇ ਕਰਜ਼ਾ ਮੁਆਫ਼ ਨਾ ਹੋਇਆ ਤਾਂ ਕੈਪਟਨ ਦੇ ਮੋਤੀ ਮਹਿਲ ਨੂੰ ਵੇਚ ਕੇ ਕਿਸਾਨਾਂ ਦਾ ਕਰਜ਼ਾ ਉਤਾਰ ਦਿੱਤਾ ਜਾਵੇ। ਇਸੇ ਤਰ੍ਹਾਂ ਲੋਕਾਂ ਕੋਲੋਂ ਫਾਰਮ ਭਰਵਾਉਣ ਜਾ ਰਹੇ ਕਾਂਗਰਸ ਦੇ ਵਿਧਾਇਕ ਅਤੇ ਉਮੀਦਵਾਰ ਵੀ ਹਲਫ਼ਨਾਮਾ ਦੇਣ। ਬੇਅਦਬੀ ਮਾਮਲਿਆਂ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਦੋ ਮਾਮਲਿਆਂ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ।
ਅਰਵਿੰਦ ਕੇਜਰੀਵਾਲ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੰਜਾਬ ਵਿੱਚ ਨਾ ਹੀ ਆਉਣ ਤਾਂ ਚੰਗਾ ਹੈ। ਜਦੋਂ ਵੀ ਅਜਿਹੇ ਲੋਕ ਆਉਂਦੇ ਹਨ, ਉਦੋਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ।
ਸਮਾਗਮ ਦੌਰਾਨ ਜਦੋਂ ਪਹਿਲਵਾਨ ਖਲੀ ਭਾਸ਼ਣ ਦੇ ਰਹੇ ਸਨ ਤਾਂ ਮਾਈਕ ਬੰਦ ਹੋ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਮਾਈਕ ਬੰਦ ਹੋਇਆ। ਸਕੂਲੀ ਬੱਚਿਆਂ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮ ਦੌਰਾਨ ਕੈਸੇਟ ਰੁੱਕ ਗਈ, ਜਿਸ ਕਾਰਨ ਉਨ੍ਹਾਂ ਬੱਚਿਆਂ ਦਾ ਪ੍ਰੋਗਰਾਮ ਰੱਦ ਕਰ ਕੇ ਅਗਲਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੀ ਗੱਡੀ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਟੇਡੀਅਮ ਦਾ ਚੱਕਰ ਲਾਇਆ ਸੀ। ਉਸ ਦਾ ਡਰਾਈਵਰ ਉਸ ਨੂੰ ਸਟੇਡੀਅਮ ਵਿੱਚ ਬਣੇ ਰਨਿੰਗ ਟਰੈਕ ‘ਤੇ ਲੈ ਕੇ ਘੁੰਮਦਾ ਰਿਹਾ। ਇਸ ਟਰੈਕ ਦੀ ਹਾਲਾਤ ਪਹਿਲਾਂ ਹੀ ਖਸਤਾ ਹੈ।
ਮੁਹੰਮਦ ਸਦੀਕ ਵੀ ਪੁੱਜੇ ਸਮਾਗਮ ਵਿਚ :
ਬਾਦਲ ਸਰਕਾਰ ਵੱਲੋਂ ਰੱਖੇ ਸਮਾਗਮ ‘ਚ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਵੀ ਪਹੁੰਚੇ, ਜਿਨ੍ਹਾਂ ਦੀ ਮੌਜੂਦਗੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੁਹੰਮਦ ਸਦੀਕ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਗਮ ਸਬੰਧੀ ਚਿੱਠੀ ਮਿਲੀ। ਇਸੇ ਕਰ ਕੇ ਉਹ ਆਏ ਹਨ, ਹੋ ਸਕਦਾ ਹੈ ਬਾਕੀ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਨਾ ਮਿਲੀ ਹੋਵੇ।
ਦਰਬਾਰ ਸਾਹਿਬ ਦੀ ਫੋਟੋ ਦੀ ‘ਬੇਅਦਬੀ’ :
ਸਟੇਡਿਅਮ ਵਿੱਚ ਪੋਸਟਰਾਂ ‘ਤੇ ਸਭ ਤੋਂ ਉਪਰ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਲਾਈ ਗਈ ਸੀ। ਅਜਿਹਾ ਇੱਕ ਪੋਸਟਰ ਸਟੇਡੀਅਮ ਵਿੱਚ ਡਿੱਗ ਗਿਆ ਤੇ ਲੋਕ ਉਸ ਉਪਰੋਂ ਲੰਘਦੇ ਰਹੇ। ਇੰਨਾ ਹੀ ਨਹੀਂ ਉਪ ਮੁੱਖ ਮੰਤਰੀ ਵੀ ਇਸ ਦੇ ਕੋਲੋਂ ਹੀ ਲੰਘੇ, ਪਰ ਕਿਸੇ ਨੇ ਵੀ ਪੋਸਟਰ ਨੂੰ ਚੁੱਕਣ ਦੀ ਖੇਚਲ ਨਹੀਂ ਕੀਤੀ।