ਪੰਜ ਸਿੰਘਾਂ ਵਲੋਂ ਸਰਬੱਤ ਖ਼ਾਲਸਾ ਦੇ ਵਿਧੀ-ਵਿਧਾਨ ਬਾਰੇ 13 ਮੈਂਬਰੀ ਕਮੇਟੀ ਕਾਇਮ

ਪੰਜ ਸਿੰਘਾਂ ਵਲੋਂ ਸਰਬੱਤ ਖ਼ਾਲਸਾ ਦੇ ਵਿਧੀ-ਵਿਧਾਨ ਬਾਰੇ 13 ਮੈਂਬਰੀ ਕਮੇਟੀ ਕਾਇਮ

ਕਮੇਟੀ ਦੀ ਰਿਪੋਰਟ ਛੇਤੀ; ਤਿੰਨ ਮੈਂਬਰ ਵਿਦੇਸ਼ਾਂ ਤੋਂ, ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਏ ਜਾਣ ਦੀ ਮੰਗ
ਵਿਧੀ-ਵਿਧਾਨ ਤੋਂ ਬਿਨ੍ਹਾਂ ਕੋਈ ਸਰਬੱਤ ਖ਼ਾਲਸਾ ਪ੍ਰਵਾਨ ਨਹੀਂ: ਪੰਥਕ ਜਥੇਬੰਦੀਆਂ
ਕਰਮਜੀਤ ਸਿੰਘ ਚੰਡੀਗੜ੍ਹ (ਮੋਬਾਈਲ (99150-91063)
ਚੰਡੀਗੜ੍ਹਸ: 49 ਪੰਥਕ ਜਥੇਬੰਦੀਆਂ, ਉਨ੍ਹਾਂ ਜਥੇਬੰਦੀਆਂ ਦੇ 100 ਨੁਮਾਂਇੰਦਿਆਂ ਅਤੇ ਕਰੀਬ ਇਕ ਦਰਜਨ ਵਿਦਵਾਨਾਂ ਅਤੇ ਵਕੀਲ਼ਾਂ ਨੇ ਮੰਗਲਵਾਰ ਨੂੰ ਇਥੇ ਸਰਬੱਤ ਖ਼ਾਲਸਾ ਅਤੇ ਅਕਾਲ ਤਖ਼ਤ ਸਮੇਤ ਬਾਕੀ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ, ਵਿਧੀ-ਵਿਧਾਨ ਅਤੇ ਇਨ੍ਹਾਂ ਨਾਲ ਜੁੜੇ ਹੋਰ ਮਾਮਲਿਆਂ ਦੀ ਲੋੜ, ਮਹੱਤਤਾ ਅਤੇ ਮਹਾਨਤਾ ਉਤੇ ਮੋਹਰ ਲਾ ਕੇ ਇਹ ਸਪਸ਼ਟ ਕਰ ਦਿੱਤਾ ਕਿ ਖ਼ਾਲਸਾ ਪੰਥ ਨੂੰ ਅਜਿਹਾ ਕੋਈ ਵੀ ਸਰਬੱਤ ਖ਼ਾਲਸਾ ਪ੍ਰਵਾਨ ਨਹੀਂ ਜੋ ਵਿਧੀ ਵਿਧਾਨ ਅਤੇ ਗੁਰਮਤਿ ਮਰਿਯਾਦਾ ਤੋਂ ਸੱਖਣਾ ਹੋਵੇਗਾ।
38 ਸੈਕਟਰ ਦੇ ਗੁਰਦੁਆਰਾ ਸਾਹਿਬ ਵਿਚ ਚੋਨਵੇਂ ਨੁਮਾਇੰਦਿਆਂ ਦੀ ਇਹ ਇਕਤਰਤਾ ਪੰਜ ਸਿੰਘਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈ ਸਤਨਾਮ ਸਿੰਘ ਖੰਡਾ ਨੇ ਸਮੁੱਚੀ ਬਹਿਸ ਮਗਰੋਂ ਵਿਧੀ-ਵਿਧਾਨ ਕਾਇਮ ਕਰਨ ਬਾਰੇ ਇਕ ਕਮੇਟੀ ਦਾ ਐਲਾਨ ਕੀਤਾ ਜਿਸ ਵਿਚ ਹੋਰਨਾਂ ਤੋਂ ਇਲਾਵਾ ਤਿੰਨ ਮੈਂਬਰ ਭਾਈ ਹਰਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਸ਼ਾਮ ਸਿੰਘ ਸ਼ਾਮਿਲ ਹਨ ਜੋ ਕਰਮਵਾਰ ਅਮਰੀਕਾ, ਯੂ.ਕੇ ਅਤੇ ਆਸਟਰੇਲੀਆ ਨਾਲ ਸਬੰਧਿਤ ਹਨ। ਇਨ੍ਹਾਂ ਤਿੰਨ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਵਿਚ ਭਾਈ ਕਰਮਜੀਤ ਸਿੰਘ, ਭਾਈ ਹਰਸਿਮਰਨ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਜਸਵਿੰਦਰ ਸਿੰਘ ਐਡਵੋਕੇਟ, ਭਾਈ ਗੁਰਪ੍ਰੀਤ ਸਿੰਘ, ਭਾਈ ਤਰਸੇਮ ਸਿੰਘ ਦਿੱਲੀ, ਡਾ. ਸੁਖਪ੍ਰੀਤ ਸਿੰਘ ਉਦੋਕੇ, ਪ੍ਰੋ. ਬਲਜਿੰਦਰ ਸਿੰਘ, ਮਾਸਟਰ ਹਰਬੰਸ ਸਿੰਘ ਅਤੇ ਭਾਈ ਬਲਜੀਤ ਸਿੰਘ ਖ਼ਾਲਸਾ ਸ਼ਾਮਿਲ ਹਨ।
ਵਰਨਣਯੋਗ ਗੱਲ ਇਹ ਹੈ ਕਿ ਭਾਈ ਕਰਮਜੀਤ ਸਿੰਘ ਅਤੇ ਭਾਈ ਹਰਸਿਮਰਨ ਸਿੰਘ ਵਲੋਂ ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਦਾ ਖਰੜਾ 2015 ਦੇ ਸਰਬੱਤ ਖ਼ਾਲਸਾ ਵਲੋਂ ਕਾਇਮ ਕੀਤੇ ਤਿੰਨ ਜਥੇਦਾਰਾਂ ਨੇ ਵੀ ਜਾਰੀ ਕੀਤਾ ਹੋਇਆ ਹੈ। ਡਾ. ਸੁਖਪ੍ਰੀਤ ਸਿੰਘ ਉਦੋਕੇ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ ਜੋ ਕਮੇਟੀ ਦੇ ਮੈਂਬਰਾਂ ਦੀਆਂ ਮੀਟਿੰਗਾਂ ਸੱਦਣ, ਮੈਂਬਰਾਂ ਨਾਲ ਤਾਲਮੇਲ ਰੱਖਣ ਦੀ ਜਿੰਮੇਵਾਰੀ ਸੰਭਾਲਣਗੇ।
ਭਾਈ ਸੁਖਪ੍ਰੀਤ ਸਿੰਘ ਉਦੋਕੇ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਅਗਲੇ ਇਕ ਹਫਤੇ ਵਿਚ ਇਨ੍ਹਾਂ ਮੈਂਬਰਾਂ ਦੀ ਇਕ ਮੀਟਿੰਗ ਸੱਦਣਗੇ ਜੋ ਚੰਡੀਗੜ੍ਹ ਵਿਚ ਹੋਵੇਗੀ। ਏਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਅਮਰੀਕਾ ਸਥਿਤ ਭਾਈ ਹਰਿੰਦਰ ਸਿੰਘ ਵਲੋਂ’ਫਰੀ ਅਕਾਲ ਤਖ਼ਤ’ ਦੇ ਨਾਂ ਹੇਠ ਇਕ ਖਰੜਾ ਅੰਗਰੇਜ਼ੀ ਅਤੇ ਪੰਜਾਬੀ ਵਿਚ ਪਹਿਲਾਂ ਹੀ ਆਨਲਾਈਨ ਵੈਬਸਾਈਟ ‘ਤੇ ਪਾਇਆ ਗਿਆ ਹੈ ਤੇ ਉਨ੍ਹਾਂ ਵਲੋਂ ਇਸ ਸਬੰਧੀ ਹੋਰ ਵਿਚਾਰ ਵਟਾਂਦਰਾ ਅਜੇ ਵੀ ਜਾਰੀ ਹੈ।
ਜਿਨ੍ਹਾਂ ਪੰਜਾ ਸਿੰਘਾਂ ਦੀ ਪ੍ਰਧਾਨਗੀ ਹੇਠ 18 ਅਕਤੂਬਰ ਨੂੰ ਇਹ ਮੀਟਿੰਗ ਹੋਈ, ਅਸਲ ਵਿਚ ਇਹ ਉਹ ਹੀ ਪੰਜ ਸਿੰਘ ਹਨ ਜਿਨ੍ਹਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ ਸੀ।
ਗੁਰਦੁਆਰਾ ਸਾਹਿਬ ਦੇ ਹਾਲ ਵਿਚ ਦੁਪਿਹਰ ਬਾਅਦ 1:00 ਵਜੇ ਤੋਂ ਲੈ ਕੇ 4.30 ਵਜੇ ਤਕ ਚੱਲੀ ਇਸ ਮੀਟਿੰਗ ਵਿਚ ਕਰੀਬ 25 ਤੋਂ ਵੱਧ ਨੁਮਾਂਇੰਦਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਾਰੇ ਨੁਮਾਂਇੰਦਿਆਂ ਨੇ ਇਕ ਅਵਾਜ਼ ਵਿਚ ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਤਿਆਰ ਕਰਨ ਬਾਰੇ ਇਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਜਿਸ ਨੂੰ ਪੰਜ ਸਿੰਘਾਂ ਨੇ ਮਤੇ ਦੇ ਰੂਪ ਵਿਚ ਪ੍ਰਵਾਨ ਕਰ ਲਿਆ। ਜੇ ਅੱਜ ਦੀ ਇਸ ਮੀਟਿੰਗ ਦਾ ਗੰਭੀਰ ਤੇ ਨਿਰਪੱਖ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਬਹੁਤੇ ਮੈਂਬਰਾਂ ਨੇ ਸਪਸ਼ਟ ਐਲਾਨ ਕੀਤਾ ਕਿ 2015 ਸਰਬੱਤ ਖ਼ਾਲਸਾ ਵਿਧੀ-ਵਿਧਾਨ ਮੁਤਾਬਕ ਸਰਬੱਤ ਖ਼ਾਲਸਾ ਨਹੀਂ ਸੀ, ਪਰ ਹੋਰ ਵੀ ਕਈ ਮੈਂਬਰਾਂ ਨੇ ਇਹ ਦਲੀਲ ਦਿੱਤੀ ਕਿ ਭਾਵੇਂ ਉਹ ਸਰਬੱਤ ਖ਼ਾਲਸਾ ਨਹੀਂ ਸੀ ਤਾਂ ਵੀ ਉਸ ਇਕੱਠ ਦੀ ਭਾਵਨਾ ਅਤੇ ਜਜ਼ਬਾ ਐਨਾ ਬਲਵਾਨ ਤੇ ਮਜ਼ਬੂਤ ਸੀ ਕਿ ਜਦੋਂ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਣ ਦਾ ਐਲਾਨ ਕੀਤਾ ਗਿਆ ਤਾਂ 10-15 ਮਿੰਟ ਉੱਚੀ ਅਵਾਜ਼ ਵਿਚ ਜੈਕਾਰੇ ਵੱਜਦੇ ਰਹੇ। ਪਰ ਜਦੋਂ ਬਾਕੀ ਤਿੰਨ ਜਥੇਦਾਰਾਂ ਦੀ ਚੋਣ ਦਾ ਐਲਾਨ ਕੀਤਾ ਗਿਆ ਤਾਂ ਉਸ ਦਾ ਹੁੰਗਾਰਾ ਬਹੁਤ ਮੱਠਾ ਸੀ। ਕੁਝ ਮੈਂਬਰਾਂ ਨੇ ਇਹ ਤਰਕ ਪੇਸ਼ ਕੀਤਾ ਕਿ ਜੇ ਤਿੰਨ ਜਥੇਦਾਰ ਅਤੇ ਉਨ੍ਹਾਂ ਦੇ ਸਾਥੀ ਆਪਣੇ ਵਲੋਂ ਕਾਇਮ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਤਾਂ ਫੇਰ ਪੰਥਕ ਧਿਰਾਂ ਨੂੰ ਇਸ ਸਾਲ ਉਨ੍ਹਾਂ ਵਲੋਂ ਸੱਦੇ ਗਏ ਸਰਬੱਤ ਖ਼ਾਲਸਾ ਵਿਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਇਕ ਬੁਲਾਰੇ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਤਿੰਨ ਜਥੇਦਾਰਾਂ ਦੀ ਹੋਂਦ ਸਿਰਫ ਭਾਈ ਜਗਤਾਰ ਸਿੰਘ ਹਵਾਰਾ ਕਰਕੇ ਹੈ, ਪਰ ਭਾਈ ਜਗਤਾਰ ਸਿੰਘ ਹਵਾਰਾ ਦੀ ਹੋਂਦ ਬਾਕੀ ਤਿੰਨ ਜਥੇਦਾਰਾਂ ਕਰਕੇ ਨਹੀਂ ਹੈ।
ਕਈ ਬੁਲਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਉਤੇ ਆਪਣੇ ਗੁੱਸੇ ਅਤੇ ਰੋਸ ਦਾ ਇਸ ਹੱਦ ਤਕ ਪ੍ਰਗਟਾਵਾ ਕਰ ਦਿੱਤਾ ਕਿ ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਦਾ ਬਾਈਕਾਟ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ 2015 ਦੇ ਚੱਬਾ ਵਾਲੇ ਇਕੱਠ ਦੇ ਪ੍ਰਬੰਧਕਾਂ ਨੇ ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਬਾਈਕਾਟ ਦਾ ਮਤਾ ਨਹੀਂ ਪਾਸ ਕੀਤਾ।
ਇਸ ਨੁਮਾਂਇੰਦਾ ਇਕੱਠ ਦੀ ਵਰਨਣਯੋਗ ਗੱਲ ਇਹ ਸੀ ਕਿ ਇਸ ਵਿਚ ਦੋ ਪ੍ਰਸਿੱਧ ਇਤਿਹਾਸਕਾਰਾਂ ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸਰਦਾਰ ਗੁਰਤੇਜ ਸਿੰਘ ਆਈ.ਏ.ਐਸ. ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਅਸਿੱਧੇ ਰੂਪ ਵਿਚ ਪ੍ਰਕਾਸ਼ ਸਿੰਘ ਬਾਦਲ, ਡੀ.ਜੀ.ਪੀ ਅਤੇ ਚੀਫ ਸੈਕਟਰੀ ਨੂੰ ਦੋਸ਼ੀ ਕਰਾਰ ਦਿੱਤਾ। ਸ. ਗੁਰਤੇਜ ਸਿੰਘ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਹਿੰਦੂ ਜਮਾਤ ਆਰ.ਐਸ.ਐਸ. ਹੁਣ ਗੁਰਦੁਆਰਿਆਂ ਉਤੇ ਕਬਜਾ ਕਰਨ ਜਾ ਰਹੀ ਹੈ।
ਜਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਇਕ ਤਰਜਮਾਨ ਨੇ ਐਲਾਨ ਕੀਤਾ ਕਿ ਅਸੀਂ ਪੰਜ ਸਿੰਘਾਂ ਦੇ ਨਾਲ ਹਾਂ ਅਤੇ ਪੰਥ ਜੋ ਵੀ ਫੈਂਸਲਾ ਕਰੇਗਾ ਅਸੀਂ ਉਸ ਫੈਂਸਲੇ ਦੀ ਪੁਰਜੋਰ ਹਮਾਇਤ ਕਰਾਂਗੇ। ਜਦੋਂ ਪੁੱਛਿਆ ਗਿਆ ਕਿ ਭਾਈ ਰਣਜੀਤ ਸਿੰਘ ਅੱਜ ਦੇ ਇਕੱਠ ਵਿਚ ਕਿਉਂ ਨਹੀਂ ਪਹੁੰਚੇ ਤਾਂ ਉਨ੍ਹਾਂ ਦੇ ਤਰਜਮਾਨ ਨੇ ਕਿਹਾ ਕਿ ਉਹ ਵਿਦੇਸ਼ ਗਏ ਹਨ। ਇਕੱਤਰਤਾ ਵਿਚ ਵੀਡੀਓ ਕਾਨਫਰੰਸ ਜਰੀਏ ਵਿਦੇਸ਼ਾਂ ਦੇ ਨੁਮਾਂਇੰਦਿਆਂ ਨਾਲ ਬਕਾਇਦਾ ਸੰਪਰਕ ਬਣਾਇਆ ਹੋਇਆ ਸੀ, ਪਰ ਸਮੇਂ ਦੀ ਘਾਟ ਕਾਰਨ 50 ਰਜਿਸਟਰਡ ਨੁਮਾਇੰਦਿਆਂ ਵਿਚੋਂ ਚਾਰ-ਪੰਜ ਵਿਅਕਤੀ ਹੀ ਆਪਣੇ ਵਿਚਾਰ ਪ੍ਰਗਟ ਕਰ ਸਕੇ।
ਇਸ ਇਕੱਠ ਵਿਚ ਦਲ ਖ਼ਾਲਸਾ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਅਕਾਲੀ ਦਲ ਸਰਨਾ ਗਰੁੱਪ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਜਿਹੜੇ ਹੋਰ ਉੱਘੇ ਵਿਅਕਤੀਆਂ ਨੇ ਲਿਆ ਉਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਸੁਖਦੇਵ ਸਿੰਘ ਭੌਰ, ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਸ. ਰਜਿੰਦਰ ਸਿੰਘ, ਪੰਥਕ ਤਾਲਮੇਲ ਸੰਗਠਨ ਦੇ ਆਗੂ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਮਦਮੀ ਟਕਸਾਲ ਤੋਂ ਗਿਆਨੀ ਰਾਮ ਸਿੰਘ ਦੇ ਸਪੁੱਤਰ, ‘ਵੰਗਾਰ’ ਰਸਾਲੇ ਦੇ ਸੰਪਾਦਕ ਭਾਈ ਬਲਜੀਤ ਸਿੰਘ ਖ਼ਾਲਸਾ, ਸ. ਈਸ਼ਰ ਸਿੰਘ ਮਸਤੂਆਣਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਿੰਸੀਪਲ ਖੁਸ਼ਹਾਲ ਸਿੰਘ, ਪੰਜਾਬੀ ਲੇਖਕ ਸੁਖਮਿੰਦਰ ਸਿੰਘ ਗੱਜਣਵਾਲਾ, ਯੂ.ਐਨ.ਆਈ ਦੇ ਸ. ਜਸਪਾਲ ਸਿੰਘ ਸਿੱਧੂ, ਇੰਡੀਅਨ ਐਕਸਪ੍ਰੈਸ ਦੇ ਸਾਬਕਾ ਰਿਪੋਰਟਰ ਸ. ਜਗਤਾਰ ਸਿੰਘ, ਸ਼ਹੀਦ ਸੁਬੇਗ ਸਿੰਘ ਦੇ ਭਰਾ ਭਾਈ ਬੇਅੰਤ ਸਿੰਘ, ਅਕਾਲੀ ਦਲ 1920 ਦੇ ਸ. ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸ. ਬਲਵੰਤ ਸਿੰਘ ਨੰਦਗੜ੍ਹ, ਬਹੁਜਮ ਸਮਾਜ ਪਾਰਟੀ ਦੇ ਸ. ਸ਼ਿੰਗਾਰਾ ਸਿੰਘ, ਅਖੰਡ ਕੀਰਤਨੀ ਜਥੇ ਦੇ ਆਰ.ਪੀ. ਸਿੰਘ, ਭੁਪਿੰਦਰ ਸਿੰਘ, ਉੱਘੇ ਵਕੀਲ ਸ. ਅਮਰ ਸਿੰਘ ਚਾਹਲ, ਵਕੀਲ ਸ. ਨਵਕਿਰਨ ਸਿੰਘ, ਸ. ਕਮਿਕਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਤੋਂ ਸ. ਪ੍ਰਭਜੋਤ ਸਿੰਘ ਸ਼ਾਮਿਲ ਸਨ। ਇਸ ਮੌਕੇ ਪਹਿਰੇਦਾਰ ਦੇ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ। ਗੌਰਤਲਬ ਹੈ ਕਿ ਇਸ ਇਕੱਤਰਤਾ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਕ ਨੁਮਾਇੰਦੇ ਭਾਈ ਮਨਜੀਤ ਸਿੰਘ ਵੀ ਪਹੁੰਚੇ ਹੋਏ ਸਨ।
ਭਾਈ ਹਰਸਿਮਰਨ ਸਿੰਘ ਨੇ ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਬਾਰੇ ਆਪਣੇ ਖਰੜੇ ਦੇ ਕੁਝ ਮਹੱਤਵਪੂਰਣ ਨੁਕਤੇ ਨੁਮਾਂਇੰਦਿਆਂ ਨਾਲ ਸਾਂਝੇ ਕੀਤੇ ਜਿਸ ਦੀ ਸੰਗਤਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਇਕੱਤਰਤਾ ਦਾ ਵਿਸ਼ੇਸ਼ ਅਤੇ ਵੇਖਣ ਵਾਲ ਪਹਿਲੂ ਇਹ ਸੀ ਕਿ ਸੰਗਤ ਵਿਚ ਸਰਬੱਤ ਖ਼ਾਲਸੇ ਦੇ ਵਿਧੀ-ਵਿਧਾਨ ਬਾਰੇ ਚੇਤੰਨਤਾ ਦਾ ਉਭਾਰ ਭਰ ਜੋਬਨ ਵਿਚ ਸੀ, ਪਰ ਇਸ ਹਕੀਕਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਚੇਤੰਨਤਾ ਅਜੇ ਪੂਰੀ ਤਰ੍ਹਾਂ ਇਕ ਸੁਰ ਅਤੇ ਜਥੇਬੰਦਕ ਨਹੀਂ ਬਣ ਸਕੀ। ਸਰਬੱਤ ਖ਼ਾਲਸਾ ਦਾ ਵਿਧੀ-ਵਿਧਾਨ ਤਿਆਰ ਕਰਨ ਦੇ ਸੰਧਰਬ ਵਿਚ ਇਸ ਤਰ੍ਹਾਂ ਦਾ ਰੁਝਾਨ ਪਹਿਲੀ ਵਾਰ ਵੇਖਣ ਵਿਚ ਆਇਆ ਹੈ।
ਭਾਈ ਸਤਨਾਮ ਸਿੰਘ ਖੰਡਾ ਨੇ ਸ਼ੁਰੂ ਵਿਚ ਹੀ ਇਹ ਐਲਾਨ ਕੀਤਾ ਸੀ ਕਿ ਕੋਈ ਵੀ ਬੁਲਾਰਾ ਵਿਵਾਦਤ ਮਸਲਾ ਨਾ ਛੇੜੇ ਤੇ ਆਪਣੇ ਵਿਚਾਰਾਂ ਨੂੰ ਵਿਧੀ-ਵਿਧਾਨ ਤਕ ਹੀ ਸੀਮਤ ਰੱਖੇ। ਪਰ ਇਸ ਦੇ ਬਾਵਜੂਦ ਕੁਝ ਬੁਲਾਰੇ ਇਨ੍ਹਾਂ ਹੱਦਾਂ ਦੀ ਥੋੜੀ-ਬਹੁਤੀ ਉਲੰਘਣਾ ਕਰਦੇ ਪਾਏ ਗਏ। ਇਕੱਤਰਤਾ ਵਿਚ ਲਗਭਗ ਸਾਰੇ ਬੁਲਾਰਿਆਂ ਵਲੋਂ ਪੰਜ ਪਿਆਰਿਆਂ ਦੀ ਇਤਿਹਾਸਕ ਸੰਸਥਾ ਦੀ ਮਹੱਤਤਾ ਅਤੇ ਮਹਾਨਤਾ ਨੂੰ ਸਤਿਕਾਰ ਨਾਲ ਯਾਦ ਕੀਤਾ ਗਿਆ ਉੱਥੇ ਇਸ ਦਿਸ਼ਾ ਵਿਚ ਪੰਜ ਸਿੰਘਾਂ ਵਲੋਂ ਇਤਿਹਾਸ ਦੇ ਨਾਜ਼ੁਕ ਮੌੜ ਉਤੇ ਨਿਭਾਈ ਗਈ ਜ਼ਿੰਮੇਵਾਰੀ ਅਤੇ ਉਸ ਤੋਂ ਪਿਛੋਂ ਉਨ੍ਹਾਂ ਵਲੋਂ ਪੰਥਕ ਸਮੱਸਿਆਵਾਂ ਪ੍ਰਤੀ ਅਖਤਿਆਰ ਕੀਤੀ ਗਈ ਪਹੁੰਚ, ਨਜ਼ਰੀਏ ਅਤੇ ਵਿਚਾਰਾਂ ਦੀ ਸ਼ਲਾਘਾ ਕੀਤੀ ਗਈ। ਇਸ ਤਰ੍ਹਾਂ ਲੱਗਦਾ ਹੈ ਕਿ ਪੰਥ ਦੇ ਇਤਿਹਾਸ ਵਿਚ ਇਹ ਬੜੀ ਦੇਰ ਤੋਂ ਬਾਅਦ ਪੰਜ ਪਿਆਰਿਆਂ ਦੀ ਸੰਸਥਾ ਦੀ ਇਤਿਹਾਸਿਕ ਮਹਾਨਤਾ ਮੁੜ ਪੱਕੇ ਪੈਰਾਂ ‘ਤੇ ਸਥਾਪਿਤ ਹੋਈ ਹੈ।
ਇੱਥੇ ਇਹ ਵੀ ਚੇਤੇ ਕਰਵਾਇਆ ਜਾਂਦਾ ਹੈ ਕਿ ਇਕੱਤਰਤਾ ਸ਼ੁਰੂ ਹੋਣ ਤੋਂ ਪਹਿਲਾਂ ਸੰਗਤਾਂ ਦਾ ਇਕੱਠ ਗੁਰਦੁਆਰਾ ਹਾਲ ਵਿਚ ਹੋਇਆ, ਜਿੱਥੇ ਵਕੀਲ ਸ. ਅਮਰ ਸਿੰਘ ਚਾਹਲ ਨੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਭੇਜੀ ਗਈ ਤਾਜ਼ਾ ਹੱਥ ਲਿਖਤ ਚਿੱਠੀ ਪੜ ਕੇ ਸੁਣਾਈ। ਇਸ ਚਿੱਠੀ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੇ ਅਪੀਲ ਕੀਤੀ ਕਿ ਇਕ ਐਗਜ਼ੈਕਟਿਵ ਕਮੇਟੀ ਕਾਇਮ ਕੀਤੀ ਜਾਵੇ, ਜਿਸ ਦੇ ਕਨਵੀਨਰ ਸ. ਸਿਮਰਨਜੀਤ ਸਿੰਘ ਮਾਨ ਹੋਣ। ਪਰ ਇਕੱਤਰਤਾ ਵਿਚ ਕੇਵਲ ਵਿਧੀ-ਵਿਧਾਨ ਉਤੇ ਹੀ ਬਹਿਸ ਹੋਈ ਅਤੇ ਇਸ ਚਿੱਠੀ ਦਾ ਜ਼ਿਕਰ ਨਹੀਂ ਕੀਤਾ ਗਿਆ, ਕਿਉਂਕਿ ਇਕੱਤਰਤਾ ਵਿਚ ਵਿਧੀ ਵਿਧਾਨ ਦਾ ਨੁਕਤਾ ਪ੍ਰਮੁੱਖ ਤੌਰ ‘ਤੇ ਬਹਿਸ ਅਧੀਨ ਸੀ।
ਇਕੱਤਰਤਾ ਦੀ ਸਮਾਪਤੀ ‘ਤੇ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਇਸ ਇਕੱਤਰਤਾ ਵਿਚ ਆਏ ਸਾਰੇ ਸੁਝਾਅ ਅਤੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਭੇਜੇ ਗਏ ਤਾਜ਼ਾ ਸੁਝਾਵਾਂ ਬਾਰੇ ਉਹ ਸ਼ੁਕਰਵਾਰ ਨੂੰ ਉਨ੍ਹਾਂ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਕਰਕੇ ਵਿਚਾਰ ਕਰਨਗੇ।