ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਵਿਕਾਸ ਬਰਾਲਾ ਤੇ ਅਸ਼ੀਸ਼ ਨੂੰ 12 ਅਗਸਤ ਤਕ ਪੁਲੀਸ ਰਿਮਾਂਡ ‘ਤੇ ਭੇਜਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਆਈਏਐਸ ਦੀ ਬੇਟੀ ਦਾ ਅੱਧੀ ਰਾਤ ਵੇਲੇ ਸ਼ਰੇਰਾਹ ਪਿੱਛਾ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਫੜੇ ਗਏ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਅਸ਼ੀਸ਼ ਕੁਮਾਰ ਨੂੰ ਅੱਜ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਚੰਡੀਗੜ੍ਹ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਬਰਜਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੁਲੀਸ ਨੇ ਕਿਹਾ ਕਿ ਉਹ ਦੋਹਾਂ ਤੋਂ ਪੁੱਛ-ਗਿੱਛ ਦੇ ਨਾਲ ਘਟਨਾ ਦਾ ਪੂਰਾ ਦ੍ਰਿਸ਼ ਤਿਆਰ ਕਰਨਾ ਚਾਹੁੰਦੀ ਹੈ। ਪੁਲੀਸ ਦੋਹਾਂ ਨੂੰ 12 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਹਰਿਆਣਾ ਭਾਜਪਾ ਮੁਖੀ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਅਤੇ ਅਸ਼ੀਸ਼ ਨੂੰ ਚੰਡੀਗੜ੍ਹ ਪੁਲੀਸ ਨੇ ਬੁੱਧਵਾਰ ਨੂੰ ਮੁੜ ਗ੍ਰਿਫ਼ਤਾਰ ਕੀਤਾ ਸੀ। ਸਰਕਾਰੀ ਧਿਰ ਦੇ ਵਕੀਲ ਨੇ ਅਦਾਲਤ ਤੋਂ ਮੁਲਜ਼ਮਾਂ ਦੇ ਦੋ ਦਿਨਾ ਰਿਮਾਂਡ ਦੀ ਮੰਗ ਕੀਤੀ ਸੀ ਜਦੋਂ ਕਿ ਬਚਾਅ ਪੱਖ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਨੂੰ ਮਾਸੂਮ ਅਤੇ ਬੇਕਸੂਰ ਦੱਸਿਆ। ਉਸ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਲੜਕੀ ਦਾ ਰਾਤ ਵੇਲੇ ਪਿੱਛਾ ਨਹੀਂ ਕੀਤਾ ਸੀ ਸਗੋਂ ਦੋਹਾਂ ਨੂੰ ਸ਼ੱਕ ਦੇ ਆਧਾਰ ‘ਤੇ ਫੜਿਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਵੀ ਕੋਈ ਸਬੂਤ ਨਹੀਂ ਹੈ। ਉਸ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਸਾਰਾ ਕੁਝ ਇਕ ਵਿਸ਼ੇਸ਼ ਤਰ੍ਹਾਂ ਦੇ ਦਬਾਅ ਹੇਠ ਹੋ ਰਿਹਾ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਦੋਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ।
Comments (0)