ਦਿੱਲੀ ਦੇ ਇਕ ਪਰਿਵਾਰ ਦੀਆਂ ਘਰ ‘ਚੋਂ ਹੀ ਮਿਲੀਆਂ 11 ਲਾਸ਼ਾਂ

ਦਿੱਲੀ ਦੇ ਇਕ ਪਰਿਵਾਰ ਦੀਆਂ ਘਰ ‘ਚੋਂ ਹੀ ਮਿਲੀਆਂ 11 ਲਾਸ਼ਾਂ

ਨਵੀਂ ਦਿੱਲੀ/ਬਿਊਰੋ ਨਿਊਜ਼ :
ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਦੇ ਇਕ ਘਰ ਵਿੱਚੋਂ ਪਰਿਵਾਰਕ ਮੈਂਬਰਾਂ ਦੀਆਂ 11 ਲਾਸ਼ਾਂ ਭੇਤਭਰੀ ਹਾਲਤ ਵਿਚ ਮਿਲਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ ਹੈ। 10 ਲਾਸ਼ਾਂ ਛੱਤ ਨਾਲ ਲਟਕਦੀਆਂ ਮਿਲੀਆਂ ਜਦੋਂ ਕਿ ਇਕ ਬਜ਼ੁਰਗ ਔਰਤ ਦੀ ਲਾਸ਼ ਫਰਸ਼ ‘ਤੇ ਮਿਲੀ। ਲਾਸ਼ਾਂ ਵਿਚੋਂ ਕਈਆਂ ਦੇ ਮੂੰਹ ਅਤੇ ਕੁਝ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਦੋ ਮੰਜ਼ਿਲਾ ਮਕਾਨ ਵਿਚ ਸਵੇਰੇ ਗੁਆਂਢੀ ਨੇ ਪਹਿਲਾਂ ਲਾਸ਼ਾਂ ਛੱਤ ‘ਤੇ ਲੱਗੇ ਲੋਹੇ ਦੇ ਜਾਲ ਨਾਲ ਲਟਕਦੀਆਂ ਦੇਖੀਆਂ ਅਤੇ ਰੌਲਾ ਪਾ ਦਿੱਤਾ। ਇਸ ਮਗਰੋਂ ਲੋਕਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੀ ਪੁਲੀਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਸੰਯੁਕਤ ਪੁਲੀਸ ਕਮਿਸ਼ਨਰ ਰਾਜੇਸ਼ ਖੰਨਾ ਮੁਤਾਬਕ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ ਅਤੇ ਪੁਲੀਸ ਹਰ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ। ਪਰਿਵਾਰ ਦੀ ਗਲੀ ਵਿਚ ਹੀ ਪਲਾਈਵੁੱਡ ਤੇ ਪਰਚੂਨ ਦੀ ਦੁਕਾਨ ਹੈ ਅਤੇ ਗੁਆਂਢੀ ਹੇਮੰਤ ਸਵੇਰੇ ਦੁਕਾਨ ਦੇਰ ਤਕ ਬੰਦ ਰਹਿਣ ਕਰਕੇ ਘਰ ਦੁੱਧ ਲੈਣ ਗਿਆ ਤਾਂ ਉਸ ਨੂੰ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲਿਆ ਤੇ 6-7 ਲਾਸ਼ਾਂ ਲਟਕੀਆਂ ਦੇਖੀਆਂ ਜਿਨ੍ਹਾਂ ਦੇ ਮੂੰਹ ਚਿੱਟੇ ਕੱਪੜੇ ਨਾਲ ਬੰਨ੍ਹੇ ਹੋਏ ਸਨ। ਪੁਲੀਸ ਨੇ ਆ ਕੇ ਦੇਖਿਆ ਤਾਂ ਕੁੱਲ 11 ਲਾਸ਼ਾਂ ਪਾਈਆਂ ਗਈਆਂ। ਹੇਮੰਤ ਮੁਤਾਬਕ 75 ਸਾਲਾਂ ਦੀ ਬਜ਼ੁਰਗ ਮਾਂ ਨਰਾਇਣਾ, ਉਸ ਦੇ ਦੋ ਪੁੱਤਰ ਭੁਪਿੰਦਰ (46) ਤੇ ਲਲਿਤ ਸਿੰਘ (42) ਅਤੇ ਦੋਹਾਂ ਦੀਆਂ ਪਤਨੀਆਂ, ਇੱਕ ਵਿਧਵਾ ਧੀ, 4 ਪੋਤੇ ਅਤੇ ਇਕ ਦੋਹਤੀ ਘਰ ਵਿਚ ਰਹਿੰਦੇ ਸਨ। ਦੋਵੇਂ ਭਰਾਵਾਂ ਦੀਆਂ ਵੱਖ-ਵੱਖ ਦੁਕਾਨਾਂ ਹਨ ਅਤੇ ਉਹ  ਰਾਜਸਥਾਨ ਤੋਂ ਇੱਥੇ ਕਰੀਬ 23 ਸਾਲ ਪਹਿਲਾਂ ਆ ਕੇ ਵਸੇ ਸਨ। ਇੱਕ ਭਰਾ ਰਾਜਸਥਾਨ ਦੇ ਚਿਤੌੜਗੜ੍ਹ ਵਿਖੇ ਰਹਿੰਦਾ ਹੈ। ਗੁਆਂਢੀਆਂ ਨੇ ਦੱਸਿਆ ਕਿ ਪਰਿਵਾਰ ਵਿਚ ਕੋਈ ਕਲੇਸ਼ ਨਹੀਂ ਸੀ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵੀ ਨਹੀਂ ਸੀ।
ਇਸ ਦੌਰਾਨ ਦਿੱਲੀ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫੋਰੈਂਸਿਕ ਟੀਮ ਨਾਲ ਜੁੜੇ ਸੂਤਰਾਂ ਮੁਤਾਬਕ ਘਟਨਾ ਵਾਲੀ ਰਾਤ ਨੂੰ ਪਰਿਵਾਰਕ ਮੈਂਬਰਾਂ ਨੂੰ ਖਾਣਾ ਦਿੱਤਾ ਗਿਆ ਜਿਸ ਵਿਚ ਨਸ਼ੀਲਾ ਪਦਾਰਥ ਮਿਲਾਇਆ ਗਿਆ ਸੀ। ਸੂਤਰਾਂ ਮੁਤਾਬਕ ਰਾਤ ਨੂੰ ਕੋਈ ਵੀ ਘਰ ਤੋਂ ਬਾਹਰ ਅਤੇ ਅੰਦਰ ਨਹੀਂ ਗਿਆ ਅਤੇ ਲੁੱਟ ਦਾ ਵੀ ਕੋਈ ਨਿਸ਼ਾਨ ਦਿਖਾਈ ਨਹੀਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਹੀ ਕਿਸੇ ਮੈਂਬਰ ਨੇ ਬਾਕੀ ਮੈਂਬਰਾਂ ਦਾ ਕਤਲ ਕੀਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਬਜ਼ੁਰਗ ਨਰਾਇਣਾ ਦਾ ਗਲਾ ਦਬਾਅ ਕੇ ਕਥਿਤ ਤੌਰ ‘ਤੇ ਕਤਲ ਕੀਤਾ ਗਿਆ ਅਤੇ ਵਿਧਵਾ ਧੀ ਪ੍ਰਤਿਭਾ ਦਾ ਵੀ ਗਲਾ ਵੱਢਿਆ ਗਿਆ ਹੈ। ਪਾਲਤੂ ਕੁੱਤੇ ਨੂੰ ਘਰ ਦੀ ਛੱਤ ਉਪਰ ਬੰਨ੍ਹ ਦਿੱਤਾ ਗਿਆ ਸੀ ਤਾਂ ਜੋ ਵਾਰਦਾਤ ਨੂੰ ਆਸਾਨੀ ਨਾਲ ਅੰਜਾਮ ਦਿੱਤਾ ਜਾ ਸਕੇ। ਪ੍ਰਤਿਭਾ ਦੀ ਧੀ ਪ੍ਰਿਅੰਕਾ (33) ਦਾ ਪਿਛਲੇ ਮਹੀਨੇ ਹੀ ਮੰਗਣਾ ਹੋਇਆ ਹੈ ਅਤੇ ਉਸ ਦਾ ਇਸ ਸਾਲ ਦੇ ਅਖੀਰ ‘ਚ ਵਿਆਹ ਹੋਣਾ ਤੈਅ ਸੀ। ਭੇਤਭਰੀ ਢੰਗ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੀ ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਪੁਲੀਸ ਨੂੰ ਮੌਕੇ ਤੋਂ ਹੱਥ ਨਾਲ ਲਿਖੇ ਕੁਝ ਧਾਰਮਿਕ ਦਸਤਾਵੇਜ਼ ਵੀ ਮਿਲੇ ਹਨ ਜਿਸ ਤੋਂ ਸ਼ੱਕ ਜਾਪਦਾ ਹੈ ਕਿ ਪਰਿਵਾਰ ਦੇ ਮੈਂਬਰ ਕੋਈ ਪੂਜਾ-ਪਾਠ ‘ਚ ਲੱਗੇ ਹੋਏ ਸਨ। ਜਿਸ ਢੰਗ ਨਾਲ ਮ੍ਰਿਤਕਾਂ ਦੇ ਮੂੰਹ ਅਤੇ ਅੱਖਾਂ ਬੰਨ੍ਹੀਆਂ ਹੋਈਆਂ ਸਨ, ਉਹ ਦਸਤਾਵੇਜ਼ਾਂ ਨਾਲ ਮੇਲ ਖਾਂਦੀਆਂ ਹਨ।