ਸਿੱਖ ਫੈਡਰੇਸ਼ਨ ਯੂ.ਕੇ. ਨੇ ਸਾਕਾ ਨੀਲਾ ਤਾਰਾ ਸਬੰਧੀ ਫਾਈਲਾਂ ਜਨਤਕ ਕਰਨ ਦੀ ਕੀਤੀ ਅਪੀਲ

ਸਿੱਖ ਫੈਡਰੇਸ਼ਨ ਯੂ.ਕੇ. ਨੇ ਸਾਕਾ ਨੀਲਾ ਤਾਰਾ ਸਬੰਧੀ ਫਾਈਲਾਂ ਜਨਤਕ ਕਰਨ ਦੀ ਕੀਤੀ ਅਪੀਲ

ਲੰਡਨ/ਬਿਊਰੋ ਨਿਊਜ਼ :
ਯੂਕੇ ਦੀ ਸਿੱਖ ਫੈਡਰੇਸ਼ਨ ਨੇ 1984 ਦੇ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਕਥਿਤ ਸ਼ਮੂਲੀਅਤ ਬਾਰੇ ਗੁਪਤ ਫਾਈਲਾਂ ਨੂੰ ਜਨਤਕ ਕਰਨ ਦੀ ਅਪੀਲ ਕੀਤੀ ਹੈ। ਅਪਰੇਸ਼ਨ ਬਲਿਊ ਸਟਾਰ ਵਿਚ ਇੰਗਲੈਂਡ ਦੀ ਭੂਮਿਕਾ ਨਾਲ ਸਬੰਧਤ ਗੁਪਤ ਫਾਈਲਾਂ ਜਨਤਕ ਕੀਤੇ ਜਾਣ ਦੀ ਮੰਗ ਬਰਤਾਨੀਆ ਵਿਚ ਫਿਰ ਉੱਠਣ ਲੱਗੀ ਹੈ। ਬਰਤਾਨੀਆ ਵਿਚ ਸਰਗਰਮ ਸਿੱਖ ਫੈਡਰੇਸ਼ਨ ਨੇ ਮੌਜੂਦਾ ਪ੍ਰਧਾਨ ਮੰਤਰੀ ਥਰੈਸਾ ਮੇਅ ਨੂੰ ਅਪੀਲ ਕੀਤੀ ਹੈ ਕਿ ਅਪਰੇਸ਼ਨ ਬਲਿਊ ਸਟਾਰ ਦੌਰਾਨ ਇੰਗਲੈਂਡ ਦੀ ਭੂਮਿਕਾ ਨਾਲ ਸਬੰਧਤ ਸਾਰੀਆਂ ਗੁਪਤ ਫਾਈਲਾਂ ਜਨਤਕ ਕੀਤੀਆਂ ਜਾਣ । ਸਿੱਖ ਫਾਊਂਡੇਸ਼ਨ ਅਨੁਸਾਰ ਅਪਰੇਸ਼ਨ ਬਲਿਊ ਸਟਾਰ ਦੀਆਂ ਫਾਈਲਾਂ ਜਨਤਕ ਹੋਣ ਤੋਂ ਬਾਅਦ ਇਸ ਗੱਲ ਦਾ ਖ਼ੁਲਾਸਾ ਹੋਵੇਗਾ ਕਿ ਪੂਰੇ ਅਪਰੇਸ਼ਨ ਦੌਰਾਨ ਬਰਤਾਨੀਆ ਦੀ ਭੂਮਿਕਾ ਕੀ ਸੀ।
ਸਿੱਖ ਫੈਡੇਰਸ਼ਨ ਯੂਕੇ ਦੀ ਅਪੀਲ ‘ਤੇ ਸੁਣਵਾਈ ਨਿਊਯਾਰਕ ਵਿੱਚ ਇਨਫਰਮੇਸ਼ਨ ਟ੍ਰਿਬਿਊਨਲ ਵੱਲੋਂ ਕੀਤੀ ਜਾਵੇਗੀ। ਇਸ ਅਪੀਲ ਵਿੱਚ ਚਾਰ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕੀਤੀ ਗਈ ਹੈ। ਸਿੱਖ ਫੈਡਰੇਸ਼ਨ ਨਾਲ ਜੁੜੇ ਦਵਿੰਦਰ ਸਿੰਘ ਅਨੁਸਾਰ ਇਨਫਰਮੇਸ਼ਨ ਟ੍ਰਿਬਿਊਨਲ ਕੋਲ ਇਹ ਮਾਮਲਾ ਵਿਚਾਰ ਅਧੀਨ ਹੈ ਤੇ ਇਸ ਉੱਤੇ ਅਗਲੇ ਸਾਲ ਸੁਣਵਾਈ ਹੋਵੇਗੀ। ਦਵਿੰਦਰ ਸਿੰਘ ਅਨੁਸਾਰ ਬਰਤਾਨੀਆ ਦੀ ਜਨਤਾ ਨੂੰ ਇਹ ਅਧਿਕਾਰ ਹੈ ਕਿ 30 ਸਾਲ ਪਹਿਲਾਂ ਆਖ਼ਰ ਕੀ ਹੋਇਆ ਸੀ? ਇਸ ਤੋਂ ਪਹਿਲਾਂ 2014 ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿ 1984 ਦੇ ਅਪ੍ਰੇਸ਼ਨ ਬਲਿਊ ਸਟਾਰ ਦਾ ਪੂਰਾ ਖ਼ਾਕਾ ਬਰਤਾਨੀਆ ਦੇ ਸਪੈਸ਼ਲ ਐਕਸ਼ਨ ਸੁਰੱਖਿਆ ਗਾਰਡ ਨੇ ਤਿਆਰ ਕੀਤਾ ਸੀ। ਭਾਰਤ ਸਰਕਾਰ ਅਨੁਸਾਰ ਇਸ ਘੱਲੂਘਾਰੇ ਵਿਚ 400 ਲੋਕ ਮਾਰੇ ਗਏ ਸਨ, ਜਦ ਕਿ ਗੈਰ-ਸਰਕਾਰੀ ਅੰਕੜੇ ਇਸ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਕਿਤੇ ਵੱਧ ਦੱਸ ਰਹੇ ਹਨ। ਇਸ ਮੌਕੇ 100 ਤੋਂ ਵੱਧ ਭਾਰਤੀ ਫ਼ੌਜੀ ਵੀ ਮਾਰੇ ਗਏ ਸਨ। ਯੂਕੇ ਦੇ ਕੈਬਨਿਟ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਸੁਣਵਾਈ ਨਿਊਯਾਰਕ ਵਿੱਚ ਹੋਵੇਗੀ ਤੇ ਪਹਿਲੇ ਪੜਾਅ ਦੀ ਸੁਣਵਾਈ ਤੋਂ ਬਾਅਦ ਹੀ ਇਸ ਮਾਮਲੇ ‘ਤੇ ਕੋਈ ਟਿੱਪਣੀ ਕੀਤੀ ਜਾ ਸਕੇਗੀ। ਉਧਰ ਫੈਡਰੇਸ਼ਨ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਇਸ ਮਾਮਲੇ ‘ਤੇ ਰੌਸ਼ਨੀ ਪਾ ਸਕਦੇ ਹਨ।