ਡੈਲੀਗੇਟ ਚੋਣਾਂ ‘ਚ ਸ. ਰੰਧਾਵਾ ਨੂੰ ਮਿਲ ਰਿਹਾ ਹੈ ਭਰਪੂਰ ਸਮਰਥਨ

ਡੈਲੀਗੇਟ ਚੋਣਾਂ ‘ਚ ਸ. ਰੰਧਾਵਾ ਨੂੰ ਮਿਲ ਰਿਹਾ ਹੈ ਭਰਪੂਰ ਸਮਰਥਨ

ਸੈਕਰਾਮੈਂਟੋ/ਬਿਊਰੋ ਨਿਊਜ਼ :
ਕੈਲੀਫੋਰਨੀਆ ਵਿਚ 7 ਜਨਵਰੀ, 2017 ਨੂੰ ਡੈਮੋਕ੍ਰੇਟ ਡੈਲੀਗੇਟ ਲਈ ਹੋ ਰਹੀਆਂ ਚੋਣਾਂ ਵਿਚ ਸ. ਗੁਰਜਤਿੰਦਰ ਸਿੰਘ ਰੰਧਾਵਾ 2 ਅਹੁਦਿਆਂ ਲਈ ਚੋਣਾਂ ਲੜ ਰਹੇ ਹਨ। ਉਹ ਡੈਮੋਕ੍ਰੇਟ ਡੈਲੀਗੇਟ ਦੇ ਨਾਲ-ਨਾਲ ਐਗਜ਼ੈਕਟਿਵ ਬੋਰਡ ਲਈ ਵੀ ਚੋਣ ਮੈਦਾਨ ਵਿਚ ਨਿਤਰੇ ਹਨ। ਸ. ਰੰਧਾਵਾ ਕੈਲੀਫੋਰਨੀਆ ਅਸੈਂਬਲੀ ਡਿਸਟ੍ਰਿਕ-9 ਤੋਂ ਇਹ ਚੋਣਾਂ ਲੜ ਰਹੇ ਹਨ। ਐਲਕ ਗਰੋਵ ਦੇ ਮੇਅਰ ਸਟੀਵ ਲੀ ਵੀ ਉਨ੍ਹਾਂ ਨਾਲ ਸਲੇਟ ਵਿਚ ਸ਼ਾਮਲ ਹਨ ਅਤੇ ਉਹ ਵੀ ਡੈਲੀਗੇਟ ਦੀ ਚੋਣ ਲੜ ਰਹੇ ਹਨ। ਇਹ ਦੋਵਾਂ ਦੇ ਇਕ ਸਲੇਟ ਵਿਚ ਹੋਣ ਕਾਰਨ ਇਨ੍ਹਾਂ ਦੀ ਸਥਿਤੀ ਕਾਫੀ ਮਜ਼ਬੂਤ ਹੈ। ਹਰ ਪਾਸਿਓਂ ਇਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ, ਜਿਸ ਕਰਕੇ ਇਨ੍ਹਾਂ ਦੀ ਜਿੱਤ ਯਕੀਨੀ ਹੈ।
ਗੁਰਜਤਿੰਦਰ ਸਿੰਘ ਰੰਧਾਵਾ ਪਹਿਲਾਂ ਵੀ ਡੈਮੋਕ੍ਰੇਟ ਪਾਰਟੀ ਦੇ ਨੈਸ਼ਨਲ ਡੈਲੀਗੇਟ ਦੀ ਚੋਣ ਜਿੱਤ ਚੁੱਕੇ ਹਨ ਅਤੇ ਉਹ ਹਿਲੇਰੀ ਕਲਿੰਟਨ ਲਈ ਫਿਲਾਡੇਲਫੀਆ ਵਿਖੇ ਹੋਏ 5 ਦਿਨਾ ਕਨਵੈਨਸ਼ਨ ਵਿਚ ਵੀ ਹਿੱਸਾ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਹ ਡੈਮੋਕ੍ਰੇਟ ਪਾਰਟੀ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਡੈਮੋਕ੍ਰੇਟ ਪਾਰਟੀ ਬਾਰੇ ਕਾਫੀ ਗਿਆਨ ਪ੍ਰਾਪਤ ਹੈ। ਇਸੇ ਲਈ ਉਹ ਡੈਮੋਕ੍ਰੇਟ ਡੈਲੀਗੇਟ ਦੀ ਚੋਣਾਂ ਦੇ ਨਾਲ-ਨਾਲ ਐਗਜ਼ੈਕਟਿਵ ਬੋਰਡ ਦੀ ਵੀ ਚੋਣ ਲੜ ਰਹੇ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਹਾਂ ਮੁਕਾਬਲਿਆਂ ਲਈ ਉਨ੍ਹਾਂ ਨੂੰ ਵੋਟ ਕਰਨ, ਤਾਂ ਕਿ ਦੋਹਾਂ ਅਹੁਦਿਆਂ ‘ਤੇ ਰਹਿ ਕੇ ਉਹ ਸਿੱਖ ਕੌਮ ਦੀ ਆਵਾਜ਼ ਅਮਰੀਕੀ ਲੋਕਾਂ ਤੱਕ ਪਹੁੰਚਾ ਸਕਣ, ਜਿਸ ਨਾਲ ਇਥੇ ਸਿੱਖਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਕੋਈ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਵਿਚ ਹਰ ਕੌਮ ਦਾ ਸਤਿਕਾਰ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਇਹ ਚੋਣਾਂ 7 ਜਨਵਰੀ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਕੰਜ਼ਿਊਮਨਸ ਰਿਵਰ ਕਾਲਜ, 8401 ਸੈਂਟਰ ਪਾਰਕਵੇਅ, ਸੈਕਰਾਮੈਂਟੋ ਵਿਖੇ ਪੈਣਗੀਆਂ, ਜੋ ਕਿ ਕੈਲਵਾਈਨ ਰੋਡ ਦੇ ਬਿਲਕੁਲ ਨਜ਼ਦੀਕ ਹੈ। ਸ. ਰੰਧਾਵਾ ਨੇ ਵੋਟਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਇਲਾਕੇ ਵਿਚ ਅਸੈਂਬਲੀਮੈਨ ਜਿਮ ਕੂਪਰ ਹੈ, ਉਸ ਇਲਾਕੇ ਦੇ ਡੈਮੋਕ੍ਰੇਟਿਕ ਰਜਿਸਟਰਡ ਵੋਟਰ ਸ. ਰੰਧਾਵਾ ਨੂੰ ਵੋਟ ਪਾ ਸਕਦੇ ਹਨ। ਹੋਰ ਜਾਣਕਾਰੀ ਲਈ 916-320-9444 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।