ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਹਰਚਰਨ ਕੌਰ ਜੀ ਦੇ ਅਕਾਲ ਚਲਾਣੇ ਦੀ ਅੰਤਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਹਰਚਰਨ ਕੌਰ ਜੀ ਦੇ ਅਕਾਲ ਚਲਾਣੇ ਦੀ ਅੰਤਮ ਅਰਦਾਸ

ਮਿਲਪੀਟਸ/ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਤੇ ਸਿੱਖ ਆਗੂ ਡਾਕਟਰ ਪ੍ਰਿਤਪਾਲ ਸਿੰਘ ਦੇ ਮਾਤਾ ਜੀ ਹਰਚਰਨ ਕੌਰ, ਲਗਪਗ 90 ਸਾਲ ਦੀ ਉਪਰ ਵਿਚ, ਪੰਜਾਬ ਜਲੰਧਰ ਵਿਚ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ ਜਿਥੇ ਉਨਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਸੀ। ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵਿਚ ਇਥੇ ਮਿਲਪੀਟਸ ਗੁਰਦੁਆਰਾ ਸਾਹਿਬ ਵਿਚ ਅੰਤਮ ਅਰਦਾਸ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੀਰਤਨ ਵਿਭਾਗ ਦੇ ਮੁਖੀ ਡਾਕਟਰ ਗੁਰਨਾਮ ਸਿੰਘ ਤੇ ਭਾਈ ਸੁਖਦੇਵ ਸਿੰਘ ਤੇ ਭਾਈ ਗੁਰਮੀਤ ਸਿੰਘ ਜੰਮੂ ਦੇ ਕੀਰਤਨੀ ਜਥਿਆਂ ਨੇ ਵੈਰਾਗ ਮਈ ਕੀਰਤਨ ਕੀਤਾ।
ਦੂਰੋਂ ਨੇੜਿਓਂ ਆਏ ਪੰਥਕ ਬੁਲਾਰਿਆਂ ਤੇ ਗੁਰਦੁਆਂਰਾ ਪ੍ਰਬੰਧਕ ਕਮੇਟੀਆਂ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ, ਉਨਾਂ ਦੀ ਪੰਥਕ ਸੇਵਾ ਨੂੰ ਸਲਾਹਿਆ ਤੇ ਡਾ: ਪ੍ਰਿਤਪਾਲ ਸਿੰਘ ਦੀ ਪੰਥਕ ਸੇਵਾ ਦੀ ਸ਼ਲਾਘਾ ਕਰਦਿਆਂ ਪ੍ਰਵਾਰ ਨੂੰ ਵਾਹਿਗੁਰੂ ਦੇ ਭਾਣੇ ਵਿਚ ਰਹਿੰਦਿਆਂ ਭਾਣਾ ਮੰਨਣ ਲਈ ਅਰਦਾਸ-ਬੇਨਤੀ ਕੀਤੀ।
ਮਾਤਾ ਹਰਚਰਨ ਕੌਰ ਜੀ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨ ਵਾਲੇ ਬੁਲਾਰਿਆਂ ਵਿਚ ਡਾ: ਅਮਰਜੀਤ ਸਿੰਘ ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਦੇ ਸੰਚਾਲਕ ਤੇ ਟੀਵੀ-84 ਦੇ ਹੋਸਟ, ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ  ਹੋਠੀ, ਡਾ: ਹਰਦਮ ਸਿੰਘ ਅਜ਼ਾਦ ਹਿਊਸਟਨ, ਇੰਦਰਜੀਤ ਸਿੰਘ ਥਿੰਦ ਸੈਨ ਹੋਜ਼ੇ, ਜਸਪਾਲ ਸਿੰਘ ਸੈਣੀ ਸੈਨ ਹੋਜ਼ੇ, ਗੁਰਦੇਵ ਸਿੰਘ ਸੰਧੂ ਮਿਲਪੀਟਸ, ਮਨਜੀਤ ਸਿੰਘ ਉਪਲ ਸਟਾਕਟਨ, ਮਿਲਪੀਟਸ ਗੁਰਦੁਆਰਾ ਦੇ ਸਕਤੱਰ ਭਾਈ ਕੰਗ, ਸੁਰਿੰਦਰ ਸਿੰਘ ਫਰਿਜ਼ਨੋ, ਜਸਵਿੰਦਰ ਸਿੰਘ ਜੰਡੀ ਤੇ ਕਸ਼ਮੀਰ ਸਿੰਘ ਸ਼ਾਹੀ ਫਰੀਮਾਂਟ ਤੇ ਹੋਰ ਪਤਵੰਤੇ ਸ਼ਾਮਲ ਸਨ। ਇਸ ਤੋਂ ਇਲਾਵਾ, ਟਰਲਕ, ਯੂਬਾ ਸਿਟੀ, ਡੈਲੋਸ, ਮਨਟੀਕਾ, ਅਲਸਬਰਾਂਟੇ, ਸੈਕਰਾਮੈਂਟੋਂ ਤੇ ਹਿਊਸਟਨ ਤੋਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰੇ ਅਤੇ ਸਥਾਨਕ ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧ ਪਹੁੰਚੇ ਹੋਏ ਸਨ।
ਅੰਤ ਵਿਚ ਗੁਰੂਦੁਆਰਾ ਪ੍ਰਬੰਧਕ ਕਮੇਟੀ ਮਿਲਪੀਟਸ ਵੱਲੋਂ ਡਾ: ਪ੍ਰਿਤਪਾਲ ਸਿੰਘ ਨੂੰ ਸਿਰੋਪਾ ਸਾਹਿਬ ਦੀ ਬਖਸ਼ਿਸ਼ ਕੀਤੀ ਗਈ।
ਮਾਤਾ ਜੀ ਹਰਚਰਨ ਕੌਰ ਦੀ ਅੰਤਮ ਅਰਦਾਸ ਵਿਚ ਅਕਾਲ ਪੁਰਖ ਅੱਗੇ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਲਈ ਅਰਜੋਈ ਕੀਤੀ ਗਈ। ਆਈਆਂ ਸੰਗਤਾਂ ਲਈ ਪਰਿਵਾਰ ਵੱਲੋਂ ਲੰਗਰ ਪਾਣੀ ਦੀ ਸੇਵਾ ਕੀਤੀ ਗਈ।