ਸਰਬੱਤ ਖਾਲਸਾ : ਪਿਛੋਕੜ ਤੋਂ ਵਰਤਮਾਨ

ਸਰਬੱਤ ਖਾਲਸਾ : ਪਿਛੋਕੜ ਤੋਂ ਵਰਤਮਾਨ

ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਦੇ ਪ੍ਰਤੀਨਿਧਾਂ ਨੂੰ ਵੀ ਇਸ ਸੰਸਥਾ ਦਾ ਹਿੱਸਾ ਬਣਾਉਣ ਲਈ ਯਤਨ ਕਰਨ ਦੀ ਲੋੜ ਹੈ

ਸਰੱਬਤ ਖ਼ਾਲਸਾ ਸਿੱਖਾਂ ਦੀ ਅਜਿਹੀ ਸੰਸਥਾ ਹੈ ਜਿਹੜੀ ਕਿ ਸਮੇਂ ਦੀਆਂ ਸਮੱਸਿਆਵਾਂ ਦੇ ਸਨਮੁਖ ਸਾਂਝੀ ਸੁਰ ਅਤੇ ਸੋਚ ਨੂੰ ਸਥਾਪਿਤ ਕਰਨ ਦੀ ਭਾਵਨਾ ’ਤੇ ਅਧਾਰਿਤ ਹੈ। ਸਮੁੱਚੇ ਖ਼ਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਕਰਨਾ ਅਤੇ ਸਾਂਝੀਆਂ ਕੌਮੀ ਸਮੱਸਿਆਵਾਂ ਦੇ ਸਨਮੁਖ ਸਮੂਹ ਭੇਦ-ਭਾਵ ਮਿਟਾ ਕੇ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਇਕ ਸਾਂਝੇ ਫੈਸਲੇ ’ਤੇ ਪਹੁੰਚਣਾ ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸੱਚਾਈ, ਸਵੈਮਾਨ ਅਤੇ ਸਰਬੱਤ ਦੀ ਭਲਾਈ ’ਤੇ ਕੇਂਦਰਿਤ ਹੈ ਜਿਸ ਵਿਚੋਂ ਸੁਤਤੰਤਰ ਸੋਚ ਅਤੇ ਸਾਂਝੇ ਯਤਨਾਂ ਦੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਇਸ ਵਿਚਾਰਧਾਰਾ ਦਾ ਪ੍ਰਤੱਖ ਰੂਪ ਵਿਚ ਦਰਸ਼ਨ ਕਰਾਉਂਦਾ ਹੈ। ਇਸ ਦ੍ਰਿਸ਼ਟੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੇਵਲ ਇੱਟਾਂ ਦੀ ਇਮਾਰਤ ਹੀ ਨਹੀਂ ਸਮਝਿਆ ਜਾਂਦਾ ਬਲਕਿ ਇਸ ਨੂੰ ਸਿਧਾਂਤ ਅਤੇ ਅਮਲ ਦੇ ਸਾਂਝੇ ਰੂਪ ਦੀ ਭਾਵਨਾ ਅਤੇ ਪ੍ਰਗਟਾਵੇ ਵਜੋਂ ਦੇਖਿਆ ਜਾਂਦਾ ਹੈ।    

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ’ ਦੀ ਵਿਚਾਰਧਾਰਾ ਸਪਸ਼ਟ ਰੂਪ ਵਿਚ ਇਹ ਵਿਖਿਆਨ ਕਰਦੀ ਹੈ ਕਿ ਸੰਗਤ ਵਿਚ ਪਰਮਾਤਮਾ ਦੀ ਹੋਂਦ ਸਦੀਵੀ ਤੌਰ ’ਤੇ ਮੌਜੂਦ ਹੈ। ਇਸ ਦ੍ਰਿਸ਼ਟੀ ਤੋਂ ਸੰਗਤ ਨੂੰ ਸਰਬੋਤਮ ਮੰਨਿਆ ਗਿਆ ਹੈ ਅਤੇ ਇਸ ਰਾਹੀਂ ਕੀਤੇ ਗਏ ਸਮੂਹ ਫ਼ੈਸਲੇ ਸਹੀ ਦਿਸ਼ਾ ਅਤੇ ਦ੍ਰਿਸ਼ਟੀ ਪ੍ਰਦਾਨ ਕਰਨ ਵਾਲੇ ਮੰਨੇ ਜਾਂਦੇ ਹਨ। ਪਹਿਲੇ ਨੌਂ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਰਕੇ ਪੰਜ ਪਿਆਰਿਆਂ ਦੇ ਰੂਪ ਵਿਚ ਇਕ ਅਜਿਹੇ ਲੋਕਤੰਤਰੀ ਪ੍ਰਬੰਧ ਦੀ ਸਥਾਪਨਾ ਕਰ ਦਿੱਤੀ ਸੀ ਜਿਸ ਤੋਂ ਸਿੱਖ ਨਿਰੰਤਰ ਅਗਵਾਈ ਪ੍ਰਾਪਤ ਕਰਦੇ ਆ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਨੂੰ ਸਾਂਝੇ ਰੂਪ ਵਿਚ ਗੁਰਿਆਈ ਪ੍ਰਦਾਨ ਕਰਨ ਨਾਲ ਮੀਰੀ-ਪੀਰੀ ਦਾ ਸਿਧਾਂਤ ਸਦੀਵ ਕਾਲ ਲਈ ਕਾਰਜਸ਼ੀਲ ਹੋ ਗਿਆ ਹੈ ਅਤੇ ਜਦੋਂ ਵੀ ਸਿੱਖਾਂ ਨੂੰ ਕਿਸੇ ਕੌਮੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਮੀਰੀ-ਪੀਰੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੋ ਜਾਂਦੇ ਹਨ।

 ਅਠਾਰ੍ਹਵੀਂ ਸਦੀ ਵਿਚ ਅਫ਼ਗ਼ਾਨਾਂ ਦੇ ਹਮਲਿਆਂ ਦੌਰਾਨ ਜਦੋਂ ਸਿੱਖਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਆਪਣੀ ਰਣਨੀਤੀ ਅਨੁਸਾਰ ਸਮੇਂ ਦੀਆਂ ਸਮੱਸਿਆਵਾਂ ਦਾ ਟਾਕਰਾ ਕਰਨ ਲਈ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਚਲੇ ਗਏ ਸਨ। ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਛੱਡ ਕੇ ਤੰਦਰੁਸਤ ਨੌਜਵਾਨ ਖ਼ਾਲਸਾਈ ਮੁਹਿੰਮਾਂ ਦਾ ਹਿੱਸਾ ਬਣਨ ਲੱਗੇ ਸਨ ਤਾਂ ਕਿ ਘੱਟ ਗਿਣਤੀ ਵਿਚ ਹੁੰਦੇ ਹੋਏ ਵੀ ਵੱਡੀ ਗਿਣਤੀ ਵਿਚ ਆਏ ਹਮਲਾਵਰਾਂ ਦਾ ਮੁਕਾਬਲਾ ਕਰ ਸਕਣ। ਗੁਰੂ ਸਾਹਿਬਾਨ ਦੇ ਸਮੇਂ ਸਿੱਖ ਸੰਗਤ ਆਮ ਤੌਰ ’ਤੇ ਦੀਵਾਲੀ ਜਾਂ ਵਿਸਾਖ਼ੀ ਨੂੰ ਗੁਰੂ-ਘਰ ਆਇਆ ਕਰਦੀ ਸੀ ਅਤੇ ਜਦੋਂ ਸਿੱਖ ਦੂਰ-ਦੁਰਾਡੇ ਇਲਾਕਿਆਂ ਵਿਚ ਪਲਾਇਨ ਕਰ ਗਏ ਸਨ ਤਾਂ ਵੀ ਇਹਨਾਂ ਦੋਵੇਂ ਵਿਸ਼ੇਸ਼ ਦਿਨਾਂ ’ਤੇ ਸੰਗਤ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਲਈ ਯਤਨਸ਼ੀਲ ਰਹਿੰਦੀ ਸੀ। ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਸੀ ਅਤੇ ਛੋਟੇ-ਛੋਟੇ ਸਮੂਹਾਂ ਵਿਚ ਘੁੰਮਦੇ ਸਿੱਖ ਜਥੇ ਅਕਸਰ ਇਸ ਅਸਥਾਨ ਦੇ ਦਰਸ਼ਨ ਕਰਨ ਲਈ ਆ ਜਾਇਆ ਕਰਦੇ ਸਨ। ਦੀਵਾਲੀ ਅਤੇ ਵਿਸਾਖੀ ਮੌਕੇ ਸਿੱਖਾਂ ਦੇ ਭਾਰੀ ਇਕੱਠ ਇਸ ਅਸਥਾਨ ’ਤੇ ਹੋਣ ਲੱਗੇ ਸਨ ਜਿਸ ਵਿਚ ਕੌਮੀ ਸਿੱਖ ਸਮੱਸਿਆਵਾਂ ’ਤੇ ਵਿਚਾਰ ਕਰਕੇ ਉਸਦਾ ਕੇਂਦਰੀ ਰੂਪ ਵਿਚ ਮੁਕਾਬਲਾ ਕਰਨ ਦੀ ਰਣਨੀਤੀ ਤਿਆਰ ਕੀਤੀ ਜਾਂਦੀ ਸੀ।

 ਇਤਿਹਾਸ ਵਿਚ ਸਭ ਤੋਂ ਪਹਿਲਾ ਸਰਬੱਤ ਖ਼ਾਲਸਾ ਕਦੋਂ ਹੋਇਆ ਸੀ? ਇਸ ਸੰਬੰਧੀ ਸਿੱਖ ਸਰੋਤਾਂ ਵਿਚੋਂ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹ ਦੱਸਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚ ਵਿਵਾਦ ਖੜਾ ਹੋ ਗਿਆ ਸੀ ਤਾਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ ਸੀ। 1723 ਦੀ ਦੀਵਾਲੀ ਨੂੰ ਦੋਵੇਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਸਨ ਪਰ ਭਾਈ ਸਾਹਿਬ ਨੇ ਉਹਨਾਂ ਵਿਚਕਾਰ ਪੈਦਾ ਹੋਏ ਵਿਵਾਦ ਨੂੰ ਬਹੁਤ ਸੂਝਬੂਝ ਨਾਲ ਸੁਲਝਾ ਕੇ ਪੰਥ ਨੂੰ ਇਕੱਠਾ ਕਰ ਲਿਆ ਸੀ। ਭਾਵੇਂ ਕਿ ਇਹ ਸਿੱਖਾਂ ਦਾ ਅੰਦਰੂਨੀ ਮਸਲਾ ਸੀ ਪਰ ਇਸ ਨੇ ਇਕ ਅਜਿਹੀ ਦਿਸ਼ਾ ਪ੍ਰਦਾਨ ਕੀਤੀ ਸੀ ਜਿਹੜੀ ਕਿ ਭਵਿੱਖ ਵਿਚ ਮਸਲਿਆਂ ਨੂੰ ਨਜਿੱਠਣ ਦੇ ਕੇਂਦਰ ਵੱਜੋਂ ਸਾਹਮਣੇ ਆਈ ਸੀ। ਸਿੱਖ ਇਕੱਠੇ ਹੋ ਗਏ ਅਤੇ ਸਰਕਾਰੀ ਦਮਨ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਲੱਗੇ ਸਨ। ਸਰਕਾਰ ਨੇ ਉਹਨਾਂ ਨੂੰ ਕਾਬੂ ਕਰਨ ਲਈ ਪੂਰਾ ਯਤਨ ਕੀਤਾ ਸੀ ਅਤੇ ਜਿਹੜਾ ਵੀ ਸਿੱਖਾਂ ਨੂੰ ਪਨਾਹ ਦਿੰਦਾ ਸੀ ਉਹੀ ਸਰਕਾਰ ਜ਼ੁਲਮ ਦਾ ਸ਼ਿਕਾਰ ਹੋ ਜਾਂਦਾ ਸੀ। ਜ਼ਕਰੀਆ ਖ਼ਾਂ ਦੇ ਸਮੇਂ ‘ਡੱਲ-ਵਾਂ’ ਪਿੰਡ ਦੇ ਭਾਈ ਤਾਰਾ ਸਿੰਘ ਦੀ ਮੁਖ਼ਬਰੀ ਕਰਦੇ ਹੋਏ ਨੌਸ਼ਹਿਰਾ ਪੰੰਨੂਆਂ ਦੇ ਸਾਹਿਬ ਰਾਏ ਨੇ ਦੱਸਿਆ ਕਿ ਸਰਕਾਰ ਦੇ ਦੁਸ਼ਮਣ ਇਸ ਕੋਲ ਆ ਕੇ ਰਹਿੰਦੇ ਹਨ। ਇਸ ਦੋਸ਼ ਵਿਚ ਭਾਈ ਤਾਰਾ ਸਿੰਘ ਦੇ ਪਿੰਡ ’ਤੇ ਹਮਲਾ ਕੀਤਾ ਗਿਆ ਅਤੇ ਉਹ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਇਹ ਘਟਨਾ ਦਸੰਬਰ 1725 ਦੀ ਸੀ ਅਤੇ ਅਗਲੇ ਸਾਲ ਸਰਬੱਤ ਖ਼ਾਲਸਾ ਦੇ ਸਮਾਗਮ ਦੌਰਾਨ ਉਸਦੀ ਸ਼ਹੀਦੀ ਚਰਚਾ ਦਾ ਵਿਸ਼ਾ ਸੀ, ਸਿੱਖਾਂ ਨੇ ਸਰਕਾਰ ਅਤੇ ਮੁਖ਼ਬਰਾਂ ਨੂੰ ਦੰਡ ਦੇਣ ਦਾ ਗੁਰਮਤਾ ਕਰ ਲਿਆ ਸੀ। ਇਸ ਤੋਂ ਬਾਅਦ 1733 ਵਿਚ ਕਪੂਰ ਸਿੰਘ ਨੂੰ ‘ਨਵਾਬੀ’ ਦੇਣ ਅਤੇ 1745 ਵਿਚ ਸਿੱਖਾਂ ਦੇ ਵਿਭਿੰਨ ਜਥਿਆਂ ਨੂੰ ਲਾਮਬੰਦ ਕਰਨ ਦੇ ਫ਼ੈਸਲੇ ਸਮੂਹਿਕ ਤੌਰ ’ਤੇ ਕੀਤੇ ਗਏ ਸਨ। 29 ਮਾਰਚ 1748 ਦੀ ਵੈਸਾਖੀ ਦੇ ਸਰਬੱਤ ਖ਼ਾਲਸਾ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ ਜਦੋਂ ਸਿੱਖਾਂ ਦੇ ਵਿਭਿੰਨ ਜਥਿਆਂ ਨੂੰ 11 ਮਿਸਲਾਂ ਦੇ ਰੂਪ ਵਿਚ ਵੰਡ ਕੇ ਸਮੁੱਚੀ ਸਿੱਖ ਸ਼ਕਤੀ ਨੂੰ ਇਕਮੁੱਠ ਕਰਨ ਦਾ ਸਫ਼ਲ ਯਤਨ ਕੀਤਾ ਗਿਆ ਸੀ। 

 1805 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਸੱਦਿਆ ਗਿਆ ਸੀ ਜਿਸ ਵਿਚ ਮਰਾਠਾ ਸਰਦਾਰ ਜਸਵੰਤ ਰਾਉ ਹੋਲਕਰ ਪੰਜਾਬ ਪੁੱਜਾ ਸੀ ਅਤੇ ਲਾਰਡ ਲੇਕ ਅਧੀਨ ਅੰਗਰੇਜ਼ ਫ਼ੌਜ ਵੀ ਉਸ ਦਾ ਪਿੱਛਾ ਕਰਦੀ ਹੋਈ ਪੰਜਾਬ ਪਹੁੰਚ ਗਈ ਸੀ। ਅੰਮ੍ਰਿਤਸਰ ਵਿਖੇ ਹੋਏ ਸਰਬੱਤ ਖ਼ਾਲਸਾ ਵਿਚ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਨ ਨਾ ਦਿੱਤਾ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਇਸ ਫ਼ੈਸਲੇ ’ਤੇ ਦ੍ਰਿੜ੍ਹਤਾ ਪੂਰਵਕ ਅਮਲ ਕੀਤਾ ਅਤੇ ਦੋਵਾਂ ਦੀ ਸੰਧੀ ਕਰਵਾ ਕੇ ਤੀਜੀ ਧਿਰ ਵੱਜੋਂ ਆਪਣੀ ਪਛਾਣ ਕਾਇਮ ਕਰ ਲਈ ਸੀ। ਪੰਜਾਬ ਜੰਗ ਦਾ ਅਖਾੜਾ ਬਣਨ ਤੋਂ ਬਚ ਗਿਆ ਸੀ।

 ਸਰਬੱਤ ਖ਼ਾਲਸਾ ਦੀ ਸੰਸਥਾ ਨੇ ਸਿੱਖਾਂ ਨੂੰ ਮੁਗ਼ਲਾਂ ਵਿਰੁੱਧ ਇਕਮੁੱਠ ਅਤੇ ਇਕਜੁੱਟ ਰੱਖਣ ਵਿਚ ਮਹਤਵਪੂਰਨ ਭੂਮਿਕਾ ਨਿਭਾਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦੋਂ ਸਿੱਖ ਪੂਰੀ ਤਰ੍ਹਾਂ ਨਾਲ ਸਥਾਪਿਤ ਹੋ ਗਏ ਸਨ ਤਾਂ ਇਸ ਸੰਸਥਾ ਦੀ ਬਹੁਤੀ ਵਰਤੋਂ ਦੇਖਣ ਨੂੰ ਨਹੀਂ ਮਿਲਦੀ। 1805 ਤੋਂ ਬਾਅਦ 1986 ਵਿਚ ਸਰਬੱਤ ਖ਼ਾਲਸਾ ਬੁਲਾਉਣ ਦਾ ਜ਼ਿਕਰ ਮਿਲਦਾ ਹੈ ਜਦੋਂ ਭਾਰਤ ਦੀ ਸਰਕਾਰ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰ ਦਿੱਤਾ ਸੀ। ਇਹਨਾਂ ਸਰਬੱਤ ਖ਼ਾਲਸਾ ਸਮਾਗਮਾਂ ਦੌਰਾਨ ਗੁਰਧਾਮਾਂ ਦੀ ਪਵਿੱਤਰਤਾ ਬਹਾਲ ਰੱਖਣ, ਸਿੱਖਾਂ ਦੇ ਧਰਮ ਅਸਥਾਨਾਂ ’ਤੇ ਹਮਲਾ ਕਰਨ ਵਾਲਿਆਂ, ਜੇਲ੍ਹਾਂ ਵਿਚ ਬੈਠੇ ਨੌਜਵਾਨਾਂ ਨੂੰ ਛੁਡਵਾਉਣ, ਬੈਰਕਾਂ ਛੱਡ ਕੇ ਆਏ ਸਿੱਖ ਫੌਜੀਆਂ ਦੀ ਰਿਹਾਈ, ਨਵੰਬਰ 1984 ਦੌਰਾਨ ਪੰਜਾਬ ਤੋਂ ਬਾਹਰ ਹੋਏ ਸਿੱਖ ਕਤਲੇਆਮ ਅਤੇ ਪੰਥਕ ਪਰਿਵਾਰਾਂ ਦੀ ਸਾਂਭ-ਸੰਭਾਲ ਵਾਲੇ ਮੁੱਦੇ ਭਾਰੂ ਸਨ। ਸਰਕਾਰ ਵਿਰੁੱਧ ਗੁੱਸਾ ਹੋਣ ਦੇ ਬਾਵਜੂਦ ਵੀ ਭਾਈਚਾਰਕ ਸੁਰ ਕਾਇਮ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਸਿੱਖ ਕੌਮ ਸਮੁੱਚੀ ਮਨੁੱਖਤਾ ਦੀ ਏਕਤਾ ਦੀ ਹਾਮੀ ਅਤੇ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। 1986 ਤੋਂ ਬਾਅਦ ਵੀ ਭਾਵੇਂ ਸਰਬੱਤ ਖ਼ਾਲਸਾ ਬੁਲਾਏ ਜਾਣ ਦਾ ਜ਼ਿਕਰ ਮਿਲਦਾ ਹੈ ਪਰ ਮੌਜੂਦਾ ਸਮੇਂ ਵਿਚ ਇਹ ਸ਼ਬਦ ਉਸ ਸਮੇਂ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੁਆਰਾ ਇਕ ਵੀਡੀਓ ਸੰਦੇਸ਼ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਰਬੱਤ ਖ਼ਾਲਸਾ ਬੁਲਾਉਣ ਦੀ ਬੇਨਤੀ ਕੀਤੀ ਗਈ ਹੈ।

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਸਰਬੱਤ ਖ਼ਾਲਸਾ ਬੁਲਾਉਣ ਦਾ ਅਧਿਕਾਰੀ ਮੰਨਿਆ ਜਾਂਦਾ ਹੈ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਵੀ ਸਰਬੱਤ ਖ਼ਾਲਸਾ ਬੁਲਾਏ ਜਾਣ ਦੇ ਹਵਾਲੇ ਮਿਲਦੇ ਹਨ ਪਰ ਫਿਰ ਵੀ ਮਾਨਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਬੁਲਾਏ ਜਾਂਦੇ ਸਰਬੱਤ ਖ਼ਾਲਸਾ ਨੂੰ ਮਿਲਦੀ ਰਹੀ ਹੈ। ਸਿੱਖਾਂ ਵਿਚ ਸਰਬੱਤ ਖ਼ਾਲਸਾ ਇਕ ਅਜਿਹੀ ਵਿਚਾਰਧਾਰਕ ਸੰਸਥਾ ਮੰਨੀ ਜਾਂਦੀ ਹੈ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਸੰਦੇਸ਼ ਅਨੁਸਾਰ ਫੈਸਲੇ ਲੈਣ ਦੇ ਸਮਰੱਥ ਮੰਨੀ ਗਈ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸਦੇ ਕੇਂਦਰ ਵਿਚ ਰੱਖਿਆ ਜਾਂਦਾ ਹੈ ਅਤੇ ਪੰਜ ਮੁੱਖੀ ਸਿੱਖ ਇਸ ਦੀ ਹਜ਼ੂਰੀ ਵਿਚ ਸਮੁੱਚੀ ਸੰਗਤ ਨੂੰ ਦਰਪੇਸ਼ ਆ ਰਹੀਆਂ ਕੌਮੀ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਵਿਭਿੰਨ ਸੰਸਥਾਵਾਂ, ਜਥੇਬੰਦੀਆਂ ਅਤੇ ਇਲਾਕਿਆਂ ਦੇ ਮੁੱਖੀ ਸਿੱਖ ਆਪੋ-ਆਪਣੇ ਇਲਾਕੇ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਪੰਥ ਦੇ ਅੱਗੇ ਪੇਸ਼ ਕਰਦੇ ਹਨ ਜਿਨਾਂ ਦਾ ਦੀਰਘ ਵਿਸ਼ਲੇਸ਼ਣ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਆਪਣਾ ਫ਼ੈਸਲਾ ਸੁਣਾਉਂਦੇ ਹਨ। ਜਦੋਂ ਇਹ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਤਾਂ ਸਭ ਮੱਤ-ਭੇਦ ਦੂਰ ਕਰਕੇ ਫੈਸਲੇ ਨੂੰ ਲਾਗੂ ਕਰਨ ਲਈ ਯਤਨ ਅਰੰਭ ਹੋ ਜਾਂਦੇ ਹਨ। 

 ਸਰਬੱਤ ਖ਼ਾਲਸਾ ਬੁਲਾਉਣ ਤੋਂ ਲੈ ਕੇ ਅੰਤਿਮ ਸਾਂਝੇ ਫ਼ੈਸਲੇ ਤੱਕ ਪੁੱਜਣਾ ਇਕ ਲੰਮੀ ਪ੍ਰਕਿਰਿਆ ਹੈ ਜਿਸ ਨੂੰ ਪੂਰਾ ਕਰਨ ਲਈ ਨਿਰੰਤਰ ਯਤਨ ਕਰਨ ਦੀ ਲੋੜ ਪੈਂਦੀ ਹੈ। ਅਠਾਰਵੀਂ ਸਦੀ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸਿੱਖ ਦੁਨੀਆਂ ਦੇ ਹਰ ਕੋਨੇ ਵਿਚ ਫੈਲ ਗਏ ਹਨ। ਸਭਨਾਂ ਨੂੰ ਸਥਾਨਿਕ ਪੱਧਰ ’ਤੇ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀਆਂ ਕਿ ਕਿਤੇ ਨਾ ਕਿਤੇ ਕੌਮੀ ਸਿੱਖ ਸਮੱਸਿਆਵਾਂ ਨਾਲ ਸੰਬੰਧਿਤ ਹਨ। ਕ੍ਰਿਪਾਨ, ਦਸਤਾਰ, ਵੱਖਰੀ ਪਛਾਣ, ਪ੍ਰਵਾਸ, ਦਮਨ ਆਦਿ ਦੇ ਮਸਲੇ ਹਾਲੇ ਵੀ ਕਈ ਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਵਿਭਿੰਨ ਸਮੱਸਿਆਵਾਂ ਵਿਚੋਂ ਸਰਬੱਤ ਖ਼ਾਲਸੇ ਦੌਰਾਨ ਕਿਹੜੇ ਮਸਲੇ ਪ੍ਰਮੁੱਖਤਾ ਨਾਲ ਵਿਚਾਰੇ ਜਾ ਸਕਦੇ ਹਨ, ਉਹਨਾਂ ਦੀ ਪਛਾਣ ਕਰਨੀ ਵਧੇਰੇ ਮਹੱਤਵਪੂਰਨ ਹੈ। ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਦੇ ਪ੍ਰਤੀਨਿਧਾਂ ਨੂੰ ਵੀ ਇਸ ਸੰਸਥਾ ਦਾ ਹਿੱਸਾ ਬਣਾਉਣ ਲਈ ਯਤਨ ਕਰਨ ਦੀ ਲੋੜ ਹੈ।
   

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ