ਰਿਸ਼ਤਿਆਂ ਦੀ ਦਾਸਤਾਨ

ਰਿਸ਼ਤਿਆਂ ਦੀ ਦਾਸਤਾਨ
ਕੈਪਸ਼ਨ: ਰਾਜ ਸਿੰਘ ਭੰਡਾਲ ਅਤੇ ਪ੍ਰੋ. ਸਰਬਜਿੰਦਰ ਸਿੰਘ

ਅਰਬਾਂ ਕਰੋੜਾਂ  ਦੀ ਗਿਣਤੀ ਚ ਵਿਚਰਦੇ ਲੋਕਾਂ ਤੇ ਸੈਂਕੜੇ ਹਜਾਰਾਂ ਮੀਲਾਂ ਦੀ ਦੂਰੀ ਤੇ  ਵੱਸਦੇ - ਰੱਸਦੇ ਹੋਏ ਵੀ ਰਿਸ਼ਤੇ ਕਿਵੇਂ ਕਿਸੇ ਪ੍ਰਬਲ ਵੇਗ ਨਾਲ ਇਕ ਦੂਜੇ ਨੂੰ ਤਲਾਸ਼ਦੇ ਹਨ ਤੇ ਫਿਰ ਸਮਾਂ ਆਉਣ ਤੇ ਆਪ ਮੁਹਾਰੇ ਕਿਵੇਂ ਪ੍ਰਗਟ ਹੋ ਜਾਂਦੇ ਹਨ ।

ਇਹ ਲੀਲਾ ਅਜਬ ਗਜ਼ਬ ਦੀ ਵੀ ਹੈ ਤੇ ਰਮਜ਼ਾਂ ਭਰੀ ਵੀ , ਜਿਸਦੀ ਥਾਹ ਪਾਉਣੀ ਮੈਨੂੰ ਕਦੇ ਮੁਮਕਿਨ ਨਹੀਂ ਲੱਗੀ ।ਸੱਚ ਤੇ ਇਹ ਹੈ ਕਿ ਕਦੇ ਇਹ ਮੈਨੂੰ ਪਰੀ ਕਹਾਣੀਆਂ ਵਾਂਗ ਅਦਭੁੱਤ ਨਜਰ ਆਉਂਦੀ ਹੈ ਤੇ ਕਦੇ ਅਲਫ਼ ਲੈਲਾ ਦੇ ਕਿਸੇ ਵਾਂਗ ਹੈਰਾਨਕੁਨ । ਇਕ ਵਾਰ ਜਦ ਮੈਂ ਇਹ ਸਵਾਲ ਮਹਾਂ ਪੰਡਿਤ ਰਮਾਕਾਂਤ ਅੰਗਰਿਸ ਜੀ ਨੂੰ ਪੁਛਿਆ ਤਾਂ ਉਨਾਂ ਬਹੁਤ ਸਹਿਜ ਅਵਸਥਾ ਚ ਪਹਿਲਾਂ ਮੇਰੇ ਵੱਲ ਤੱਕਿਆ  ਫਿਰ ਅੱਖਾਂ ਮੁੰਦ ਬੋਲੇ " ਰਿਸ਼ਤੇ ਨ ਸੰਯੋਗ ਨ ਮਰਜੀ , ਸਦੀਆਂ ਪੁਰਾਣੇ  ਅਤ੍ਰਿਪਤ ਰਿਸ਼ਤਿਆਂ ਦੀ ਅਜਬ ਦਾਸਤਾਨ " । ਬੇਸ਼ੱਕ ਜਨਮ ,  ਪੁਨਰ-ਜਨਮ ਦਾ ਸਵਾਲ ਟੇਢਾ ਪ੍ਰਸ਼ਨ ਹੈ ਪਰ ਮੈਨੂੰ ਆਪਣੇ ਸਵਾਲ ਦਾ ਉਤਰ ਮਿਲ ਗਿਆ ਸੀ । ਹੁਣ ਜਦ ਕਦੇ ਵੀ ਇਹੋ ਜਿਹੇ ਸੰਯੋਗ ਦਾ ਜਿੰਦਗੀ ਚ ਪ੍ਰਗਟਾ ਹੁੰਦਾ ਹੈ ਤਾਂ ਰਮਾਕਾਂਤ ਜੀ ਮੇਰੇ ਚੇਤਿਆਂ ਵਿੱਚ ਪੁਨਰ ਸਿਰਜਤ ਹੋ ਉਸੇ ਮੁਦਰਾ ਚ ਅੱਖਾਂ ਮੁੰਦ ਪ੍ਰਗਟ ਹੋ ਓਹੀ ਮਹਾਂਵਾਕ ਉਚਾਰਦੇ ਨਜਰ ਆਉਂਦੇ ਹਨ ਜੋ ਕਈ ਦਹਾਕੇ ਪਹਿਲਾਂ ਉਨਾਂ ਮੈਨੂੰ ਸਮਝਾਇਆ ਸੀ।
 

ਅਮਰੀਕਾ ਵਾਲਿਆਂ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਹਰ ਹਾਲਤ ਵਿੱਚ ਉਨਾਂ ਦੁਆਰਾ "ਗਦਰੀ ਬਾਬਿਆਂ " ਤੇ ਆਯੋਜਿਤ ਕੀਤੇ ਜਾਣ ਵਾਲੀ ਕਾਨਫਰੰਸ ਚ ਸ਼ਾਮਲ ਹੋਵਾਂਗਾ ਤੇ ਕੁੰਜੀਵਤ ਭਾਸ਼ਨ ਵੀ ਦੇਵਾਂਗਾ ।  ਹੁਣ ਇਹ ਕੁਦਰਤੀ ਸੀ ਕਿ ਜਦ ਕਾਨਫਰੰਸ ਚ ਕੁੰਜੀਵਤ ਭਾਸ਼ਨ ਦੀ ਜਿੰਮੇਵਾਰੀ ਨਿਭਾਉਣੀ ਹੈ ਤੇ ਨੀਝ ਨਾਲ ਯੁੱਧਬੀਰ ਬਾਬਿਆਂ  ਦੇ ਉਸ ਸੰਗਰਾਮ ਦੀ   ਰੀ ਰੀਡਿੰਗ ਕਰ ਲਈ ਜਾਵੇ । ਇਸ ਕਾਰਜ ਚ ਜੁਟਿਆ ਹੋਇਆ ਸਾਂ ਕਿ ਇਕ ਗਦਰੀ ਬਾਬੇ ' ਬੀਰ ਸਿੰਘ ਕਨੇਚ ' ਹੋਰਾਂ ਬਾਰੇ ਪਤਾ ਲੱਗਾ ਜਿੰਨਾਂ ਨੂੰ ਅਮਰੀਕਨ ਸਰਕਾਰ ਵੱਲੋਂ  ਓਸ  ਸਭ ਤੋਂ ਖਤਰਨਾਕ ਸਿੱਖ ਐਲਾਨਿਆ ਹੋਇਆ ਸੀ । ਇਹ ਵੀ ਪਤਾ ਲੱਗਾ ਕਿ ਇਹ ਸਭ ਤੋਂ ਵੱਧ ਪੜਿਆ ਲਿਖਿਆ ਬਾਬਾ ਸੀ ਜਿਸਨੇ ਡਿਗਰੀ ਵੀ ਇਕ ਅਮਰੀਕਨ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ । ਰਬਿੰਦਰ ਨਾਥ ਟੈਗੋਰ ਜੀ ਦੀ ਅੰਗਰੇਜਾਂ ਪ੍ਰਤੀ ਸਹਾਨਭੂਤੀ ਨੂੰ ਖਤਮ ਕਰਨ ਤੇ ਸੰਗਰਾਮ ਵਲ ਪ੍ਰੇਰਤ ਕਰਨ ਦੀ ਡਿਊਟੀ ਵੀ ਇੰਨਾਂ ਦੀ ਹੀ ਲੱਗੀ ਸੀ । 

ਇਹ ਬਾਬਾ ਜੀ ਦੋਰਾਹੇ ਨੇੜੇ ਕਨੇਚ ਪਿੰਡ ਦੇ ਮੂਲ ਨਿਵਾਸੀ  ਸਨ  ਪਰ ਪਿੰਡ ਵਿੱਚੋਂ ਇਸ ਪਰਿਵਾਰ ਬਾਰੇ ਕੋਈ ਇਹੋ ਜਿਹੀ ਜਾਣਕਾਰੀ ਨਹੀਂ ਸੀ ਮਿਲ ਰਹੀ ਜੋ ਰਾਹ ਪਾ ਸਕੇ । ਬਸ ਇਹ ਈ ਪਤਾ ਲੱਗਾ ਕਿ ਬਹੁਤ ਲੰਬਾ ਸਮਾਂ ਪਹਿਲਾਂ ਸਾਰਾ ਪਰਿਵਾਰ ਪਿੰਡ ਤੋਂ ਲੁਧਿਆਣੇ ਤੇ ਫਿਰ ਲੁਧਿਆਣੇ ਤੋਂ ਵਿਦੇਸ਼ ਤੁਰ ਗਿਆ ਸੀ । ਕਿਹੜੇ ਦੇਸ਼ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ । ਨਿਰਾਸ਼ਾ ਤੇ ਹੋਈ ਪਰ ਆਸ ਨ ਛੱਡੀ ।
 ਮੈਂ ਇਹ ਪੜਿਆ ਵੀ ਹੈ ਤੇ ਸੁਣਿਆ ਵੀ , ਇਥੋਂ ਤਕ ਕਿ ਅਜਮਾਇਆ ਵੀ ਕਿ ' ਇਹ ਆਦਮ ਦਾ ਮੰਨ ਹੈ ਨ ਜੋ ਇਹ ਸਦੈਵ ਮੈਗਨੈਟ ਵਾਂਗ ਕ੍ਰਿਆਸ਼ੀਲ ਰਹਿੰਦਾ ਹੈ ਤੇ ਇਸ ਦਾ ਵਾਹਕ ਕਾਇਨਾਤ ਦਾ ਆਕਰਸ਼ਣ ਨਿਯਮ ਹੈ । ਤੁਸੀਂ ਜਿਵੇਂ ਜਿਵੇਂ ਦਾ ਸੋਚੋਗੇ ਓਵੇਂ ਓਵੇਂ ਦਾ ਹੋਣਾ ਸ਼ੁਰੂ ਹੋ ਜਾਏਗਾ । ਇਸ ਨੂੰ ਗੁਰਬਾਣੀ ਵਿੱਚੋਂ " ਜੈਸਾ ਸੇਵੇ ਤੈਸਾ ਹੋਇ " ਦੇ   ਮਹਾਂਵਾਕ ਨਾਲ ਪੁਸ਼ਟ ਕੀਤਾ ਜਾ ਸਕਦਾ ਹੈ । ਗਦਰੀ ਬੀਰ ਸਿੰਘ ਕਨੇਚ ਹੋਣਾ ਦੇ ਮਾਮਲੇ ਵਿੱਚ ਅਜਿਹਾ ਈ ਵਾਪਰਿਆ ਜਿਸ ਨੇ ਉਪਰੋਕਤ ਨਿਯਮ ਵਿੱਚ ਮੇਰਾ ਵਿਸ਼ਵਾਸ ਪੱਕਾ ਵੀ ਕੀਤਾ ਤੇ ਹੋਰ ਦ੍ਰਿੜ ਵੀ ।
ਇਕ ਦਿਨ ਸਹਿਜ ਸੁਭਾਅ ਮੈੰ ਮੋਬਾਈਲ ਤੇ ਉੰਗਲਾਂ ਮਾਰ ਸਮਾਂ ਪਾਸ ਕਰ ਰਿਹਾ ਸੀ ਕਿ ਇਕ ਰੇਡੀਓ ਗਲਬਾਤ ਤੇ ਮੇਰਾ ਹੱਥ ਜਾ ਵੱਜਿਆ ਕਿਉਂਕਿ ਉਹ ਵਿਸ਼ਾ ਮੇਰੇ ਅਧਿਐਨ ਦਾ ਹਿਸਾ ਵੀ ਸੀ ਤੇ ਜਿਸਤੇ ਮੈਂ ਨਿੱਠਕੇ ਕੰਮ ਵੀ ਕੀਤਾ ਸੀ । ਗਲਬਾਤ ਦਾ ਵਿਸ਼ਾ ਸੀ " ਕਬੀਲਾ, ਕੌਮੀਅਤਾਂ ਤੇ ਧਰਮਾਂ ਦੀ ਅਹਿਮੀਅਤ ਤੇ ਇਸਦੀ ਹੋਂਦ ਹਸਤੀ ਦੇ ਸਵਾਲ" ਮੇਰੇ ਕੰਨ ਖੜੇ ਹੋ ਗਏ ਤੇ ਮੈਂ ਉਸ ਸਾਰੀ ਗੱਲਬਾਤ ਨੂੰ ਬਹੁਤ ਧਿਆਨ ਲਾ ਕੇ ਸੁਣਿਆ।  ਇਸ ਗੱਲਬਾਤ ਚ ਵਕਤਾ ਬਾਰ ਬਾਰ ਇਸ ਗੱਲ ਤੇ ਜੋਰ ਦੇ ਰਿਹਾ ਸੀ ਕਿ ' ਮੈਂਨੂੰ ਸਾਊਥ ਏਸ਼ੀਅਨ ਟਰਮ ਗਾਲ ਵਰਗੀ ਲਗਦੀ ਹੈ ' ਅਸੀਂ ਭਾਰਤੀ ਪੰਜਾਬੀ ਹੋ  ਸਕਦੇ ਹਾਂ ਭਾਰਤੀ ਹਿੰਦੂ , ਬੋਧੀ ਤੇ ਜੈਨੀ ਹੋ ਸਕਦੇ ਹਾਂ । ਨੇਪਾਲ ਦੇ ਨੇਪਾਲੀ ਹੋ ਸਕਦੇ ਹਾਂ , ਪਾਕਿਸਤਾਨੀ ਪੰਜਾਬੀ ਹੋ ਸਕਦੇ ਹਾਂ , ਚੀਨੀ ਬੋਧੀ ਹੋ ਸਕਦੇ ਹਾਂ,  ਸ੍ਰੀ ਲੰਕਾ ਦੇ ਸਿਨਹਾਲੀ ਹੋ ਸਕਦੇ ਹਾਂ ਪਰ ਸਾਡੀ ਪਹਿਚਾਣ ਜਾਂ ਸਾਡੇ ਧਰਮ ਜਾਂ ਕੌਮੀਅਤ ਪ੍ਰਸੰਗ ਨੂੰ ਜੇਕਰ ' ਸਾਊਥ ਏਸ਼ੀਅਨ ' ਟਰਮ ਚ ਰੱਲਗੱਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸਦਾ ਵਿਰੋਧ ਕਰਾਂਗੇ ।

 ਓਸ ਸਾਰੀ ਗੱਲਬਾਤ ਤੋਂ ਮੈਨੂੰ ਇਕ ਗਲ ਤੇ ਬਿਲਕੁਲ ਸਮਝ ਚ ਆ ਗਈ ਕਿ ਇਸ ਨਵੀਂ ਘੜੀ ਜਾ ਰਹੀ ਟਰਮ ਪਿਛੇ ' ਸਭ ਅੱਛਾ ' ਨਹੀਂ ਹੈ ਤੇ ਸ਼ਾਇਦ ਇਹ ਭਾਰਤੀ ਸੰਵਿਧਾਨ ਦੀ ਧਾਰਾ ਪੱਚੀ ਬੀ ਵਰਗੀ  ਹੀ ਕੋਈ ਪੇਚੀਦਾ ਗਲ ਹੋਏਗੀ ਜਿਸਤੇ ਵੱਡੇ ਪ੍ਰਸ਼ਨ ਪਹਿਲਾਂ ਹੀ ਖੜੇ ਹੋਏ ਹਨ । ਇਕ ਹੋਰ ਜਿਹੜੀ ਗੱਲ ਨੇ ਮੈਨੂੰ ਹੈਰਾਨ ਕਰਕੇ ਰੱਖ ਦਿਤਾ ਸੀ ਉਹ ਉਹ ਸੀ ਕਿ ਇਸ ਗਲਬਾਤ ਦਾ ਮੁਖ ਵਕਤਾ ਜੋ ਸੀ ਉਹ ਬਾਬੇ ਬੀਰ ਸਿੰਘ ਗਦਰੀ ਦੇ ਪਿੰਡ ਕਨੇਚ ਦਾ ਸੀ ਤੇ ਉਸਦਾ ਨਾਮ ਸੀ 'ਰਾਜ ਸਿੰਘ ਭੰਡਾਲ' ਤੇ ਬਾਬਾ ਜੀ ਵੀ ' ਭੰਡਾਲ' ਸਨ । ਮੈਨੂੰ ਲੱਗਾ ਕਿ ਐਨਾ ਸਪੱਸ਼ਟ ਤੇ ਆਪਣੇ ਵਿਸ਼ੇ ਵਿੱਚ ਮਾਹਰ ਇਹ ਰਾਜ ਸਿੰਘ ਕਿਤੇ ਬਾਬੇ ਬੀਰ ਸਿੰਘ ਗਦਰੀ ਦੇ ਪਰਿਵਾਰ ਨਾਲ ਹੀ  ਸਬੰਧਤ ਨ ਹੋਵੇ । ਸਮੱਸਿਆ ਇਹ ਆਈ ਕਿ ਮੈਂ ਉਸ ਸੰਵਾਦ ਵਿੱਚ ਐਨਾ ਖੁਭ ਗਿਆ ਸੀ ਕਿ ਨ ਤੇ ਮੈਂ ਰਿਲੇਅ ਕਰ ਰਹੇ ਟੀ ਵੀ ਦਾ ਨਾਮ ਵੇਖਿਆ ਤੇ ਨ ਹੀ ਫੋਨ ਨੰਬਰ।  ਪ੍ਰੋਗਰਾਮ ਖਤਮ ਹੋ ਗਿਆ ਤੇ ਮੈਂ ਫੋਨ ਬੰਦ ਕਰ ਦਿਤਾ । ਫੋਨ ਬੰਦ ਕਰਦਿਆਂ ਈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਮੇਰੇ ਕੋਲੋਂ ਕਿੰਨਾਂ ਵੱਡਾ ਬਲੰਡਰ ਹੋ ਗਿਆ ਹੈ । ਮੈਂ ਫੋਨ ਚਾਲੂ ਕਰ ਬਥੇਰੀਆਂ ਟੱਕਰਾਂ ਮਾਰੀਆਂ ਪਰ ਨਿਹਫਲ।  ਬਹੁਤ ਦੁੱਖ ਲੱਗਾ ਆਪਣੇ ਕੁਟੇ   ਕਮਲ ਤੇ ਗੁੱਸਾ ਵੀ ਆਇਆ।  ਮੈਂ ਸਿਰ ਫੜਕੇ ਬੈਠ ਗਿਆ ਮੈਂ ਬਾਬਾ ਜੀ ਦੇ ਪਰਿਵਾਰ ਦੀ  ਹੱਥ ਆਈ ਤੰਦ  ਗਵਾ ਦਿਤੀ ਹੈ ਇਹ ਮੈਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ।  ਹਾਲਾਂਕਿ ਜਰੂਰੀ ਨਹੀਂ ਸੀ ਕਿ ਇਹ ਰਾਜ ਸਿੰਘ ਨਾਮ ਦਾ ਆਦਮੀ  ਬਾਬਾ ਜੀ ਨਾਲ ਸਬੰਧਤ ਹੋਵੇ  ਪਰ ਮੇਰਾ ਸ਼ੱਕ ਵਿਸ਼ਵਾਸ ਚ ਬਦਲ ਰਿਹਾ ਸੀ ਕਿਉਂ ਇਸ ਦਾ ਉਤਰ ਮੇਰੇ ਕੋਲ ਨਹੀਂ ਸੀ।  ਸ਼ਾਇਦ ਕੁਦਰਤ ਦੇ ਆਕਰਸ਼ਣ ਨਿਯਮ ਨੇ ਕਾਰਜ ਕਰਨਾ ਸ਼ੁਰੂ ਕਰ ਦਿਤਾ ਸੀ ਤੇ ਮੇਰੇ ਮੈਗਨੇਟਿਕ ਪ੍ਰਬੰਧ ਨੂੰ ਆਪਣੇ ਵੱਲ ਖਿੱਚਣਾ । ਹੁਣ ਮੈਂ ਭਾਲ ਕਰਨੀ ਸੀ ਰਾਜ ਸਿੰਘ ਦੀ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਕੀਮਤ ਤੇ। 
ਸੱਚ ਜਾਣਿਓ ਮਿੱਤਰ-ਜਨੋਂ ਨਾ ਤੇ ਮੈਂ ਕੋਈ ਕਥਾ ਕਹਾਣੀ ਸੁਣਾ ਰਿਹਾ ਤੇ ਨ ਹੀ ਇਸਨੂੰ ਚਮਤਕਾਰੀ ਪੁੱਠ ਦੇ ਕਥਾ  ਰਸ ਪੈਦਾ ਕਰ ਰਿਹਾ ਹਾਂ ।  ਹਾਂ ਕਾਇਨਾਤ ਦਾ ਆਕਰਸ਼ਣ ਨਿਯਮ ਤੇ ਮਨੁੱਖ   ਦੇ ਚੁੰਬਕੀ ਮੰਨ ਦੀਆਂ ਰਮਜ਼ਾਂ ਦੇ ਭੇਦ ਸਾਂਝਾ ਕਰਨਾ ਮੇਰੀ ਮਨਸਾ ਇਥੇ ਜਰੂਰ ਹੈ । ਇਸ ਬਿਰਤਾਂਤ ਦੀ ਵਿਆਖਿਆਕਾਰੀ ਕਰ ਅਰਥਾਂ ਦੇ ਭੇਦ ਤਕ ਪਹੁੰਚਣ ਦੀ ਖੁਲ ਹਰੇਕ ਦਾ ਅਧਿਕਾਰ ਹੁੰਦੀ ਹੈ ਤੇ ਇਸੇ ਕਰਕੇ ਹਰੇਕ ਵਿਆਖਿਆਕਾਰੀ ਦੂਜੇ ਤੋਂ ਭਿੰਨ ਹੁੰਦੀ ਹੈ । ਇਸਨੂੰ ਮਸਤਕ ਦੀ ਖੇਡ ਦਾ ਨਾਮ ਵੀ ਦਿਤਾ ਜਾਂਦਾ ਹੈ।
 ਖੈਰ ਮੁੜਦੇ ਹਾਂ ਵਾਪਸ ਬਾਬਾ ਬੀਰ ਸਿੰਘ ਭੰਡਾਲ ਦੀ ਸ਼ੁਰੂ ਕੀਤੀ  ਖੋਜ  ਦੀ ਗਾਥਾ ਵੱਲ ਫਿਰ ਦੁਬਾਰਾ । ਇਕ ਦੋ ਦਿਨ ਹੀ ਬੀਤੇ ਸਨ ਕਿ ਅਨ ਮਿਊਟ ਟੀ ਵੀ ਤੋਂ ਪਿਆਰੇ ਮਿੱਤਰ ਕਾਹਲੋਂ ਦਾ ਫੋਨ ਆਇਆ ' ਭਾਅ ਜੀ ਮੇਰਾ ਇਕ ਮਿੱਤਰ ਹੈ ਬੀ. ਸੀ ਦੇ ਸ਼ਹਿਰ ਲੈਂਗਲੀ ਤੋਂ ਉਸਦੇ ਕੁਝ ਪ੍ਰਸ਼ਨ ਹਨ ਤੇ ਮੈਂ ਕਹਿ ਦਿਤਾ ਹੈ ਕਿ ਇੰਨਾਂ ਪ੍ਰਸ਼ਨਾਂ ਦਾ ਉਤਰ ਤੁਸੀਂ ਦੇ ਸਕਦੇ ਹੋ । ਮੈੰ ਤੁਹਾਡਾ ਨੰਬਰ ਦੇ ਸਕਦਾ ਜੀ ਉਨਾਂ ਨੂੰ ? ਮੈੰ ਕਿਹਾ ਭਾਈ ਇਹ ਭਲਾ ਤੈਨੂੰ ਪੁੱਛਣ ਦੀ ਲੋੜ ਹੈ ਪਹਿਲਾਂ ਤੇ ਇਹ ਦੱਸ , ਬਾਕੀ ਗੱਲਾਂ ਬਾਅਦ ਚ। ਕਾਹਲੋਂ ਹੱਸਿਆ ਤੇ ਠੀਕ  ਠੀਕ ਕਹਿ ਫੋਨ ਬੰਦ ਕਰ ਦਿਤਾ । ਕੁਝ ਸਮੇਂ ਬਾਅਦ ਫੋਨ ਦੀ ਘੰਟੀ ਵੱਜੀ ਤੇ ਕਾਹਲੋਂ ਦੇ ਰੈਂਫਰੈਂਸ ਨਾਲ ਜਿਗਿਆਸੂ ਸੱਜਣ ਨੇ ਆਪਣੀ ਜਾਣ-ਪਛਾਣ ਕਰਵਾ ਆਪਣਾ ਮਕਸਦ ਦੱਸਿਆ । ਮੈਂ ਬੇ ਝਿਜਕ ਸਵਾਲ ਪੁੱਛਣ ਨੂੰ ਕਿਹਾ , ਅਵਾਜ ਆਈ , ਜੀ ਸਾਡੇ ਇਕ ਸਮੱਸਿਆ ਆ ਗਈ ਹੈ ਜੋ ਕਈ ਕਮਿਊਨਿਟੀਆਂ ਨੂੰ ਆਪਣੀ ਲਪੇਟ ਚ ਲੈ ਰਹੀ ਹੈ ਤੇ ਕੌਮੀਅਤਾਂ ਦੇ ਪ੍ਰਸੰਗ ਚ ਮੈਂ ਕੁਝ ਸਪੱਸ਼ਟ ਹੋਣਾ ਚਾਹੁੰਦਾ ਹਾਂ । ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋਂ । ਮੇਰੇ ਕੰਨ ਖੜੇ ਹੋ ਗਏ, ਇਹ ਤੇ ਓਹੀ ਅਵਾਜ ਹੈ ਜਿਸਨੂੰ ਮੈਂ ਟੀ ਵੀ ਤੇ ਸੁਣਿਆ ਸੀ ਤੇ ਜਿਸਦੀ ਭਾਲ ਚ ਮੈਂ ਮਾਰਾ ਮਾਰਾ ਫਿਰ ਰਿਹਾ ਸੀ । ਮੈੰ ਕਿਹਾ ਭਾਊ ਤੇਰੇ ਸਵਾਲ ਬਾਅਦ ਚ ਪਹਿਲਾਂ ਆਪਣਾ ਨਾਮ ਦੱਸ ਤਾਂ ਅੱਗਿਓਂ ਉਤਰ ਆਇਆ : 


 " ਜੀ ਮੇਰਾ ਨਾਮ ਰਾਜ ਸਿੰਘ ਭੰਡਾਲ ਦੋਰਾਹੇ ਨੇੜੇ ਪਿੰਡ ਕਨੇਚਾਂ ਤੋਂ ਅਸੀਂ ਜੀ ਚਾਰ ਕੂ ਦਹਾਕੇ ਪਹਿਲਾ ਹਿਜਰਤ ਕਰ ਬ੍ਰਿਟਿਸ਼ ਕੋਲੰਬੀਆ ਜਾ ਵੱਸੇ ਸੀ । ਓ ਤੇਰੀ ਭਲੀ ਹੋ ਜੇ ਓਏ ਮੈੰ ਛਾਲ ਮਾਰ ਉਠਿਆ ਤੇ ਬਾਹਾਂ ਅੱਗੇ ਨੂੰ ਨਿਕਲ ਆਈਆਂ ਜਿਵੇਂ ਮੈਂ ਤੇ ਰਾਜ ਸਿੰਘ ਸਾਹਮਣੇ ਖੜੇ ਹੋਈਏ ਤੇ ਮੈਂ ਘੁਟਕੇ ਹੁਣੇ ਉਸਨੂੰ ਬਾਹਾਂ ਚ ਭਰ ਲੈਣਾ ਹੋਵੇ ।
ਰਾਜ ਸਿੰਘ ਭੰਡਾਲ ਆਪ ਕੌਣ ਤੇ ਕੀ  ਹੈ  ਤੇ ਬਾਬਾ ਬੀਰ ਸਿੰਘ ਗਦਰੀ ਉਸਦੇ  ਕੀ ਲੱਗਦੇ ਸਨ ਇਹ ਬਿਰਤਾਂਤ ਰੁਕਕੇ। ਮੇਰੇ ਨਾਲ ਤਸਵੀਰ ਚ ਤੁਸੀਂ ਰਾਜ ਸਿੰਘ ਨੂੰ ਹੀ  ਵੇਖ ਰਹੇ ਹੋ ।

 

ਪ੍ਰੋ. ਸਰਬਜਿੰਦਰ ਸਿੰਘ