ਲਾਸਾਨੀ ਸ਼ਹੀਦੀਆਂ

ਲਾਸਾਨੀ ਸ਼ਹੀਦੀਆਂ

ਕਮਲਜੀਤ ਸਿੰਘ ਸ਼ਹੀਦਸਰ

ਸਰਸਾ ਕੰਢੇ ਪਿੰਡ ਝੱਖੀਆਂ ਦੀ ਜੂਹ ਚ ਕੌਮ ਨੂੰ ਪਹਿਲੀ ਸਿੱਖ ਸ਼ਹੀਦ

ਸ਼ਹੀਦੀ ਹਫ਼ਤੇ ਦੌਰਾਨ ਅਨੰਦਪੁਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਦੁਨੀਆਂ ਦੇ ਇਤਿਹਾਸ ਦੀਆਂ ਸਭ ਤੋਂ ਲਾਸਾਨੀ ਸ਼ਹੀਦੀਆਂ ਹੋਈਆਂ। 80 ਸਾਲਾਂ ਦੇ ਬੁਜ਼ਰਗ ਤੋਂ ਲੈਕੇ 7 ਸਾਲਾਂ ਦੇ ਭੁਝੰਗੀ ਬਾਬੇ ਸ਼ਹੀਦ ਹੋਏ।  ਸਿੱਖੀ ਦੀਆਂ ਤਿੰਨ ਪੀੜ੍ਹੀਆਂ ਸ਼ਹੀਦ ਹੋਈਆਂ। ਸ਼ਹੀਦ ਹੋਣ ਵਾਲਿਆਂ ਚ ਓਹ ਗੁਰਸਿੱਖ ਸ਼ਹੀਦ ਹੋਏ ਜੀਹਨਾਂ ਨੇ ਖਾਲਸਾ ਪੰਥ ਨੂੰ ਉਸ ਬੁਲੰਦੀ ਤੇ ਪੁਚਾਉਣ ਲਈ ਸਾਰੀਆਂ ਉਮਰਾਂ ਲਾ ਦਿੱਤੀਆਂ ਸਨ। ਸਰਸਾ ਕੰਢੇ ਪਿੰਡ ਝੱਖੀਆਂ ਦੀ ਜੂਹ ਚ ਕੌਮ ਨੂੰ ਪਹਿਲੀ ਸਿੱਖ ਸ਼ਹੀਦ ਬੀਬੀ ਮਿਲੀ, ਬੀਬੀ ਭਿਖਾਂ ਦੇ ਰੂਪ ਚ। ਗੁਰੂ ਤੇਗ ਬਹਾਦੁਰ ਮਹਾਰਾਜ ਦੇ ਦਰਬਾਰ ਚ ਫਰਿਆਦੀ ਕਸ਼ਮੀਰੀ ਪੰਡਤਾਂ ਦੀ ਅਗਵਾਈ ਕਰਨ ਵਾਲੇ ਗੁਰਸਿੱਖ ਪਿਆਰੇ ਭਾਈ ਕਿਰਪਾ ਸਿੰਘ ਅਤੇ ਓਹਨਾਂ ਦੇ ਪੁੱਤਰ ਭਾਈ ਸਨਮੁੱਖ ਸਿੰਘ ਜੀ ਦੋਵੇਂ ਸ਼ਹੀਦ ਹੋਏ ਚਮਕੌਰ ਵਿੱਚ।ਭਾਈ ਮਤੀ ਦਾਸ ਜੀ ਦੇ ਸਪੁੱਤਰ ਭਾਈ ਮੁਕੰਦ ਸਿੰਘ ਅਤੇ ਭਾਈ ਸਾਹਿਬ ਦੇ ਹੀ ਵਡੇਰੇ ਪਰਿਵਾਰ ਚੋਂ ਭਾਈ ਮੁਕੰਦ ਸਿੰਘ ਦੂਜੇ , ਦੋਵੇਂ ਚਮਕੌਰ ਚ ਸ਼ਹੀਦ ਹੋਏ। ਭਾਈ ਮਨੀ ਸਿੰਘ ਜੀ ਦੇ 5 ਪੁੱਤਰ ਅੰਨਦਪੁਰ ਸਾਹਿਬ ਤੋਂ ਲੈਕੇ ਚਮਕੌਰ ਸਾਹਿਬ ਦੀ ਰਣਭੂਮੀ ਵਿੱਚ ਸ਼ਹੀਦ ਹੋਏ। ਭਾਈ ਸਾਹਿਬ ਦੇ ਛੋਟੇ ਭਰਾ ਭਾਈ ਦਾਨ ਸਿੰਘ ਵੀ ਚਮਕੌਰ ਚ ਸ਼ਹੀਦ ਹੋਏ। ਭਾਈ ਸਾਹਿਬ ਦੇ ਪੋਤਰੇ ਭਾਈ ਰਾਮ ਸਿੰਘ ਜੀ ਨੂੰ ਮਹਾਰਾਜ ਆਪਣੇ ਨਾਲ ਹੀ ਗੜੀ ਚੋਂ ਕੱਢ ਲਿਆਏ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹਜ਼ੂਰੀ ਚੌਰ ਬਰਦਾਰ, ਸਦਾ ਅੰਗ ਸੰਗ ਰਹਿਣ ਵਾਲੇ ਭਾਈ ਆਲਮ ਸਿੰਘ ਜੀ, ਓਹਨਾਂ ਦੇ ਭਰਾ ਭਾਈ ਬੀਰ ਸਿੰਘ, ਅਤੇ ਦੋ ਪੁੱਤਰ ਭਾਈ ਮੋਹਰ ਸਿੰਘ ਅਤੇ ਭਾਈ ਅਮੋਲਕ ਸਿੰਘ ਜੀ ਸ਼ਹੀਦ ਹੋਏ। ਚਮਕੌਰ ਗੜ੍ਹੀ ਦੇ ਆਖਰੀ ਸ਼ਹੀਦ ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਸਕੇ ਭਰਾ ਸਨ ਜਿਹੜੇ ਗੜੀ ਚ ਮਹਾਰਾਜ ਸਾਹਿਬ ਦੇ ਜਾਣ ਪਿੱਛੋਂ ਨਾਗਰਾ ਵਜਾਉਂਦੇ ਰਹੇ ਅਤੇ ਅਗਲੀ ਸਵੇਰ ਦੁਸ਼ਮਣ ਦਲਾਂ ਦਾ ਟਾਕਰਾ ਕਰਦੇ ਦੋਵੇਂ ਭਰਾ ਸ਼ਹੀਦ ਹੋਏ।  ਇਹ ਬੰਗੇਸ਼ਰੀ ਭਰਾ ਸਨ, ਜਿਹੜੇ ਓਸ ਸਮੇਂ ਦੇ ਮੰਨੇ ਪਰਮੰਨੇ ਕਰੋੜਾਪਤੀ ਵਪਾਰੀ ਅਤੇ ਜੋਧੇ ਸਨ। 300 ਪਿੰਡ ਬੰਗੇਸ਼ ਦੇ ਇਲਾਕੇ ਚ ਇਹਨਾਂ 7 ਭਰਾਵਾਂ ਦੇ ਅਧੀਨ ਸਨ। ਸਮੇਂ ਦਾ ਗੇੜ ਐਸਾ ਕੇ ਬਾਕੀ ਭਰਾ ਬਾਹਰ ਸਨ ਅਤੇ ਸਮੇਂ ਤੇ ਪਹੁੰਚ ਨਹੀਂ ਸਕੇ। ਪ੍ਰੰਤੂ ਜਦੋਂ ਗੁਰੂ ਸਾਹਿਬ ਦੱਖਣ ਨੂੰ ਤੁਰਨ ਲੱਗੇ ਤਾਂ ਬਾਕੀ ਪੰਜੇ ਭਰਾ ਫੌਜਾਂ ਸਣੇ ਗੁਰੂ ਚਰਨਾਂ ਚ ਆਣ ਹਾਜ਼ਿਰ ਹੋਏ, ਜੀਹਨਾਂ ਚ ਭਾਈ ਭਗਵੰਤ ਸਿੰਘ, ਭਾਈ ਬਾਜ ਸਿੰਘਭਾਈ ਰਣ ਸਿੰਘ, ਭਾਈ ਕੋਇਰ ਸਿੰਘ ਅਤੇ ਭਾਈ ਸ਼ਾਮ ਸਿੰਘ ਸਨ।  ਇਹ ਪੰਜੇ ਬਾਬਾ ਬੰਦਾ ਸਿੰਘ ਬਹਾਦੁਰ ਸਮੇਂ ਸਿਰਕੱਢ ਜਰਨੈਲ ਹੋਏ ਅਤੇ ਅਖੀਰ ਤੱਕ ਬਾਬਾ ਜੀ ਦੇ ਨਾਲ ਰਹੇ ਅਤੇ ਦਿੱਲੀ ਸ਼ਹੀਦ ਹੋਏ।