ਦਾਸਤਾਨ-ਏ-ਸ਼ਹਾਦਤ ਵੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ

ਦਾਸਤਾਨ-ਏ-ਸ਼ਹਾਦਤ ਵੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚਮਕੌਰ ਸਾਹਿਬ:ਨਵੇਂ ਸਾਲ ਦੇ ਸ਼ੁਰੂਆਤੀ ਦਿਨ ਅੱਜ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਵੇਖਣ ਲਈ ਜਿੱਥੇ ਸੰਗਤਾਂ ਦਾ ਸੈਲਾਬ ਉਮੜਿਆ, ਉੱਥੇ ਹੀ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਪੰਜਾਬ ਸਰਕਾਰ ਵੱਲੋਂ ਬੀਤੀ 19 ਨਵੰਬਰ ਤੋਂ ਲੋਕਾਂ ਦੇ ਸਪੁਰਦ ਕੀਤੇ ਗਏ ਥੀਮ ਪਾਰਕ ਵਿੱਚ ਸੰਗਤਾਂ ਦੀ ਰੋਜ਼ਾਨਾ ਆਮਦ ਵਿੱਚ ਲਗਾਤਾਰ ਵਾਧਾ ਹੋ ਰਿਹਾ। ਸ਼ਹੀਦੀ ਜੋੜ ਮੇਲ ਤੋਂ ਲੈ ਕੇ ਹੁਣ ਤੱਕ ਦੇਸ਼-ਵਿਦੇਸ਼ ਤੋਂ 37 ਹਜ਼ਾਰ ਤੋਂ ਵੱਧ ਲੋਕ ਥੀਮ ਪਾਰਕ ਦੇ ਦਰਸ਼ਨ ਕਰ ਚੁੱਕੇ ਹਨ। ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐੱਸ ਚਾਨਾ, ਐੱਸਡੀਓ ਸੁਰਿੰਦਰਪਾਲ ਸਿੰਘ ਅਤੇ ਜੇਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਥੀਮ ਪਾਰਕ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਬਣਾਈਆਂ ਗਈਆਂ 11 ਗੈਲਰੀਆਂ ਵਿੱਚ ਇੱਕ ਸਮੇਂ ਦੌਰਾਨ 40 ਵਿਅਕਤੀਆਂ ਨੂੰ ਦਾਸਤਾਨ-ਏ-ਸ਼ਹਾਦਤ ਦੇ ਦਰਸ਼ਨ ਕਰਵਾਏ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਥੀਮ ਪਾਰਕ ਵੇਖਣ ਤੋਂ ਵਾਰੀ ਨਾ ਆਉਣ ਕਾਰਨ ਸ਼ਰਧਾਲੂਆਂ ਦੀ ਲੋੜ ਮੁਤਾਬਕ ਇੱਕ ਸ਼ਿਫਟ ਦੀ ਵਜਾਏ 2 ਸ਼ਿਫਟਾਂ ਵਿੱਚ 16 ਘੰਟੇ ਚਲਾਉਣ ਦੀ ਤਜਵੀਜ਼ ਤੇ ਵਿਚਾਰ ਕਰਕੇ ਤੁਰੰਤ ਐਲਾਨ ਕੀਤਾ ਜਾਵੇਗਾ।