ਸ਼ਹੀਦਾਂ ਵਰਗੀ ਸ਼ਾਨ ਨਾਲ ਗਿਆ ਦੀਪ ਸਿੱਧੂ

ਸ਼ਹੀਦਾਂ ਵਰਗੀ ਸ਼ਾਨ ਨਾਲ ਗਿਆ ਦੀਪ ਸਿੱਧੂ

ਤੁਸੀ ਪੰਥ ਲਈ ਕਿਹੜਾ ਪ੍ਰੋਜੈਕਟ ਕੀਤਾ ਹੈ ?”

ਦੀਪ ਸਿੱਧੂ ਰਾਹੀਂ ਆਮ ਨੌਜਵਾਨ ਨੂੰ ਪੰਥ ਦੇ ਸੰਕਟ ਅਤੇ ਭਵਿੱਖ ਦੀਆਂ ਚੁਣੌਤੀਆਂ ਦੀ ਜਾਣਕਾਰੀ ਹੋਈ ਹੈ। ਬਹੁਤ ਹਲਕੇ ਬੜੀ ਸ਼ਿੱਦਤ ਨਾਲ ਕੁੱਝ ਕਰਨ ਲਈ ਭਾਵਨਾ ਰੱਖਦੇ ਹਨ ਅਤੇ ਕੁੱਝ ਦੀਪ ਦੁਆਲੇ ਹੀ ਕੁੱਝ ਬੁਣ ਕੇ ਪੰਥਕ ਗਤੀਵਿਧੀ ਕਰਨਾ ਚਾਹੁੰਦੇ ਹਨ। ਹੋ ਸਕਦਾ ਹੈ ਇਸ ਵਾਂਗ ਬਿੱਲਕੁਲ ਕੋਈ ਨਵੇਂ ਬੰਦੇ ਨੂੰ ਹੀ ਮਹਾਰਾਜ ਥਾਪੜਾ ਦੇ ਦਵੇ। ਕੁੱਝ ਵੀ ਹੋਵੇ, ਕੌਮ ਕੁੱਝ ਕਰਨਾ ਚਾਹੁੰਦੀ ਹੈ।

ਗੁਰੂ ਦੀ ਖੇਡ ਨਿਰਾਲੀ ਐ, 26 ਜਨਵਰੀ ਤੋਂ ਬਾਅਦ ਦੀਪ ਦਾ ਅੰਦਰ ਹੋਣਾ ਤੇ ਉਸ ਵੇਲੇ ਬਹੁਤਿਆਂ ਦਾ ਉਸ ਨਾਲ਼ੋਂ ਸਿਰਫ ਪਾਸਾ ਹੀ ਨਹੀਂ ਵੱਟਣਾ ਸਗੋਂ ਸਟੇਟ ਦੀ ਹਾਂ ਵਿੱਚ ਹਾਂ ਮਿਲਾਉਣਾ, ਕਿਸਾਨ ਜੱਥੇਬੰਦੀਆਂ ਵੱਲੋਂ ਉਹਦੇ ਪ੍ਰਤੀ ਭੱਦੀ ਸ਼ਬਦਾਵਲੀ ਅਤੇ ਸਿਆਣੇ-ਬਿਆਣੇ (ਸਮਝੇ ਜਾਂਦੇ) ਵੱਲੋਂ ਉਹਦੇ ਤੇ ਸਰਕਾਰੀ ਹੋਣ ਦਾ ਸ਼ੱਕ ਕਰਨਾ ਉਹਨੂੰ ਬਹੁਤ ਚੁੱਭਦਾ ਸੀ। ਕਦੇ ਕਦੇ ਉਹਨੂੰ ਲੱਗਣਾ ਕਿ ਆਪਾਂ ਇਕੱਲੇ ਰਹਿ ਗਏਅਤੇ ਅੱਜ ਉਹ ਬੰਦਾ ਇਕੱਲਾ ਨਹੀਂ ਸਗੋਂ ਉਸ ਉੱਪਰ ਸ਼ੱਕ ਤੇ ਕਟਾਸ਼ ਕਰਣ ਵਾਲੇ ਇਕੱਲੇ ਰਹਿ ਗਏ। ਸ਼ਹੀਦਾਂ ਵਰਗੀ ਸ਼ਾਨ ਨਾਲ ਗਿਆ ਹੈ।

ਦੀਪ ਦਾ ਨਾਮ, ਬਹੁਤੇ ਵੀਰ ਇਸ ਵਿੱਚੋਂ ਕੁੱਝ ਚੰਗਾ ਕੱਢਣ ਲਈ ਵਰਤਣਗੇ ਪਰ ਕਈ ਹਮੇਸ਼ਾਂ ਦੀ ਤਰਾਂ ਉਸ ਰਾਹੀਂ ਆਪਣੀਆਂ ਨਿੱਜੀ ਖੁੰਦਕਾਂ ਅਤੇ ਸ਼ੱਕ ਖੜੇ ਕਰਣ ਲਈ। ਦੀਪ ਸਿੱਧੂ ਤੇ ਸਰਕਾਰੀ ਹੋਣ ਦੇ ਬਹੁਤ ਇਲਜ਼ਾਮ ਲੱਗੇ ਜੋ ਉਹਨੂੰ ਬਹੁਤ bother ਕਰਦੇ ਸਨ ਤੇ ਉਹ ਕਹਿੰਦਾ ਸੀ ਕਿ ਲੋਕਾਂ ਵਿੱਚ ਆ ਕੇ ਮੇਰੇ ਸਾਹਮਣੇ ਗੱਲ ਕਰੋ, ਲਿਆਉ ਸਬੂਤਪਰ ਕੋਈ ਨਹੀਂ ਬਹੁੜਿਆ ਕਿਉਂ ਕਿ ਹੈ ਹੀ ਕੁੱਝ ਨਹੀਂ ਸੀ। ਅਜਿਹੇ ਲੋਕ ਕਦੇ ਲੋਕ-ਬਹਿਸ ਵਿੱਚ ਨਹੀਂ ਆਉਂਦੇ ਤੇ ਅੱਜ-ਕੱਲ੍ਹ ਇਹਨਾਂ ਦੀ ਸ਼ੋਸ਼ਲ ਮੀਡੀਏ ਨੇ ਮੌਜ ਲਾਈ ਹੋਈ ਹੈ।

ਆਉ ਆਪਾਂ ਇੱਕ ਗੱਲ ਸਮਝੀਏ ਕਿ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰੀਏ ਤੇ ਸੰਗਤ ਨੂੰ ਦੱਸੀਏ ਕਿ ਇਹਨਾਂ ਦਾ ਕੰਮ ਸਿਰਫ ਇਲਜ਼ਾਮਤਰਾਸ਼ੀ ਕਰਕੇ ਪੰਥਕ ਹੋਣ ਦਾ ਭਰਮ ਪਾਲਣਾ ਹੈ। ਜੇ ਅਜਿਹੇ ਲੋਕਾਂ ਨੂੰ ਧਿਆਣ ਨਾਲ ਦੇਖੀਏ ਤਾਂ ਤੁਸੀਂ ਅਹਿਸਾਸ ਕਰੋਗੇ ਕਿ ਇਹ ਕੋਈ ਵੀ ਪੰਥਕ ਪ੍ਰੋਜੈਕਟ ਨਹੀਂ ਕਰਦੇ ਤੇ ਲੋਕਾਂ ਦੇ ਕੰਮਾਂ ਤੇ ਸ਼ੱਕ ਖੜੇ ਕਰਕੇ ਆਪਣੀ ਹੋਂਦ ਬਨਾਉਣਾ ਚਾਹੁੰਦੇ ਹਨ। ਇਹ ਲੋਕਾਂ ਨੇ ਪੰਥ ਵਿੱਚ ਏਨੀ ਬੇਵਿਸ਼ਵਾਸੀ ਖੜੀ ਕਰ ਦਿੱਤੀ ਹੈ ਕਿ ਕੋਈ ਬੰਦਾ ਕਿਸੇ ਤੇ ਭਰੋਸਾ ਨਹੀਂ ਕਰਦਾ ਤੇ ਉਡੀਕਦਾ ਰਹਿੰਦਾ ਹੈ ਕਿ ਇਹ ਵੀ ਸਰਕਾਰੀ ਨਾ ਹੋਵੇ।ਜਦੋਂ ਤੱਕ ਬੰਦੇ ਦੀ ਪੰਥਪ੍ਰਸਤੀ ਦਾ ਸਬੂਤ ਮਿਲਦਾ ਉਦੋਂ ਤੱਕ ਬਹੁਤ ਨੁਕਸਾਨ ਹੋ ਜਾਂਦਾ ਹੈ ਜਿਵੇਂ ਦੀਪ ਨਾਲ ਹੋਇਆ ਹੈ।

ਆਉ ਸਾਰੇ ਰਲ ਕੇ ਸਕਾਰਤਮਕ ਸੋਚ ਅਪਣਾਈਏ ਤੇ ਸ਼ੱਕ ਖੜੇ ਕਰਨ ਵਾਲੇ ਬੰਦਿਆਂ ਦੀ ਸੰਗਤ ਨਾਲ ਜਾਣ ਪਹਿਚਾਣ ਕਰਵਾਈਏ ਤਾਂ ਜੋ ਸੰਗਤ ਵੀ ਸੁਚੇਤ ਰਹੇ ਕਿਉਂ ਕਿ ਇਹ ਲੋਕ ਗੱਲਾਂ ਦਾ ਕੜ੍ਹਾਹ ਵਧੀਆ ਬਣਾ ਲੈਂਦੇ ਹਨ ਤੇ ਲੋਕਾਂ ਨੂੰ ਭਰਮਾ ਲੈਂਦੇ ਹਨ, ਆਪਣੀ ਚੁੱਪ ਇਹਨਾਂ ਨੂੰ ਖੇਡਣ ਲਈ ਵਧੀਆ ਮੈਦਾਨ ਪ੍ਰਦਾਨ ਕਰਦੀ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੁਹਾਡਾ ਅਜਿਹੀ ਨਕਾਰਤਮਕ ਸੋਚ ਵਾਲਿਆਂ ਨਾਲ ਵਾਹ ਪਏ ਜਾਂ ਪੋਸਟ ਦੇਖੋ ਤਾਂ ਸਿਰਫ ਇੱਕ ਸੁਆਲ ਹੀ ਕਾਫ਼ੀ ਹੈ ਕਿ ਤੁਸੀ ਪੰਥ ਲਈ ਕਿਹੜਾ ਪ੍ਰੋਜੈਕਟ ਕੀਤਾ ਹੈ ?”  ਤੁਸੀਂ ਦੇਖੋਗੇ ਤੁਹਾਨੂੰ ਆਪ ਹੀ ਸਹੀ ਜੁਆਬ ਦਾ ਪਤਾ ਲੱਗ ਜਾਏਗਾ।