ਕਰਨਾਟਕ ’ਚ ਸਿੱਖ ਵਿਦਿਆਰਥਣ ਦੀ ਦਸਤਾਰ ਦਾ ਵਿਰੋਧ ਸਿੱਖ ਰਹੁ-ਰੀਤਾਂ ਤੇ ਧਾਰਮਿਕ ਅਜ਼ਾਦੀ ਦੀ ਬਰਖਿਲਾਫੀ : ਮਹਿਲਾ ਕਿਸਾਨ ਯੂਨੀਅਨ

ਕਰਨਾਟਕ ’ਚ ਸਿੱਖ ਵਿਦਿਆਰਥਣ ਦੀ ਦਸਤਾਰ ਦਾ ਵਿਰੋਧ ਸਿੱਖ ਰਹੁ-ਰੀਤਾਂ ਤੇ ਧਾਰਮਿਕ ਅਜ਼ਾਦੀ ਦੀ ਬਰਖਿਲਾਫੀ : ਮਹਿਲਾ ਕਿਸਾਨ ਯੂਨੀਅਨ

ਜਥੇਦਾਰ ਸਮੇਤ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਤੁਰੰਤ ਦਖਲ ਦੇਣ : ਬੀਬੀ ਰਾਜਵਿੰਦਰ ਕੌਰ ਰਾਜੂ 

ਕਿਹਾ ਕਿ ਸੰਵਿਧਾਨ ਨੂੰ ਮੁੜ ਲਿਖਣ ਤੇ ਪ੍ਰਸਤਾਵਨਾ ਬਦਲਣ ਲਈ ਰਾਜ ਸਭਾ ’ਚ ਪੇਸ਼ ਬਿੱਲ ਖਤਰਨਾਕ 

ਕਿਹਾ ਕਿ ਸੰਘ ਤੇ ਭਾਜਪਾ ਦੇਸ਼ ’ਚ ਇੱਕਸਮਾਨ ਨਾਗਰਿਕ ਕੋਡ ਲਾਗੂ ਕਰਨ ਤੋਂ ਕਰੇ ਤੌਬਾ

 ਅੰਮ੍ਰਿਤਸਰ ਟਾਈਮਜ਼

ਜਲੰਧਰ: ਮਹਿਲਾ ਕਿਸਾਨ ਯੂਨੀਅਨ ਨੇ ਭਾਜਪਾ ਸ਼ਾਸ਼ਤ ਰਾਜ ਕਰਨਾਟਕ ਵਿੱਚ ਮੁਸਲਮਾਨ ਵਿਦਿਆਰਥਣਾਂ ਨੂੰ ਹਿਜ਼ਾਬ ਪਹਿਨਣ ਤੋਂ ਰੋਕਣ ਪਿੱਛੋਂ ਹੁਣ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਦਸਤਾਰ ਸਜਾਉਣ ਤੋਂ ਰੋਕਣ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਸਕੂਲੀ ਡਰੈਸ ਦੀ ਆੜ ਹੇਠਾਂ ਇਹ ਭਾਜਪਾ ਅਤੇ ਆਰਐਸਐਸ ਦੀ ਗੈਰ-ਵਿਧਾਨਕ ਧੱਕੇਸ਼ਾਹੀ ਸਿੱਖ ਤੇ ਮੁਸਲਿਮ ਸਕੂਲੀ ਲੜਕੀਆਂ ਦੇ ਮੁੱਢਲੇ ਧਾਰਮਿਕ ਹੱਕ-ਹਕੂਕ ਨੂੰ ਕੁਚਲਣ ਵਾਲੀ ਕੋਝੀ ਸਿਆਸਤ ਅਤੇ ਘੱਟ ਗਿਣਤੀ ਫਿਰਕਿਆਂ ਵਿਰੁੱਧ ਸੋਚੀ-ਸਮਝੀ ਤੇ ਸਾਜਿਸ਼ੀ ਕਾਰਵਾਈ ਹੈ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਰਾਜ ਸਰਕਾਰ ਅਤੇ ਉਸ ਦੇ ਹਮਾਇਤੀ ਕਥਿਤ ਕੱਟੜਪੰਥੀ ਸੰਗਠਨਾਂ ਦੀ ਸ਼ਹਿ ਹੇਠ ਕਰਨਾਟਕ ਦੇ ਕੁੱਝ ਸਕੂਲਾਂ ਵਿੱਚ ਪਹਿਲਾਂ ਭਗਵੇਂ ਸ਼ਾਲ/ਸਕਾਰਫ਼ ਪਹਿਨੇ ਵਿਦਿਆਰਥੀਆਂ ਰਾਹੀਂ ਹਿਜ਼ਾਬ ਵਾਲੀਆਂ ਮੁਸਲਿਮ ਵਿਦਿਆਰਥਣਾਂ ਦਾ ਵਿਰੋਧ ਕਰਵਾਇਆ ਗਿਆ ਤੇ ਹੁਣ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਉਪਰ ਇੱਕ ਕਾਲਜ ਵੱਲੋਂ ਸਿੱਖੀ ਕਕਾਰ ਵਜੋਂ ਪਹਿਨੀ ਹੋਈ ਦਸਤਾਰ ਉਤਾਰਨ ਲਈ ਜੋਰ ਪਾਇਆ ਜਾ ਰਿਹਾ ਹੈ ਜੋ ਕਿ ਸਿੱਖ ਕੌਮ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ

 ਕਿਸਾਨ ਨੇਤਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਕੂਲਾਂ, ਦਫ਼ਤਰਾਂ, ਕੰਮਕਾਜ ਵਾਲੀਆਂ ਥਾਵਾਂ ਸਮੇਤ ਫੌਜ਼ ਤੇ ਪੁਲਿਸ ਵਿੱਚ ਸਿੱਖ ਕਕਾਰਾਂ ਵਜੋਂ ਕਿਰਪਾਨ ਅਤੇ ਦਸਤਾਰ ਪਹਿਨਣ ਲਈ ਸਿੱਖ ਆਪਣੇ ਹੱਕ-ਹਕੂਕ ਹਾਸਲ ਕਰ ਚੁੱਕੇ ਹਨ‍ ਪਰ ਆਪਣੇ ਲੋਕਤੰਤਰੀ ਦੇਸ਼ ਵਿੱਚ ਹੀ ਸਿੱਖਾਂ ਨੂੰ ਕਕਾਰ ਉਤਾਰਨ ਲਈ ਧਮਕਾਇਆ ਜਾ ਰਿਹਾ ਹੈ ਜਿਸ ਲਈ ਆਪਣੇ ਆਪ ਨੂੰ ਸਿੱਖਾਂ ਦੀ ਖੈਰ-ਖਾਹ ਦੱਸਣ ਵਾਲੀ ਕੇਂਦਰ ਤੇ ਭਾਜਪਾ ਸਿੱਧੇ ਤੌਰ ਤੇ ਜਿੰਮੇਵਾਰ ਹੈ।ਬੀਬੀ ਰਾਜੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਰਗਰਮ ਸਿੱਖ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਇਸ ਇਸ ਮੁੱਦੇ ਉਤੇ ਫੌਰੀ ਦਖ਼ਲ ਦੇ ਕੇ ਸਿੱਖ ਵਿਦਿਆਰਥਣ ਨਾਲ ਕਰਨਾਟਕ ਵਿੱਚ ਹੋ ਰਹੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪਟੀਸ਼ਨ ਦਾਖ਼ਲ ਕਰਕੇ ਸੁਪਰੀਮ ਕੋਰਟ ਦੇ ਕੇਸ ਵਿਚ ਧਿਰ ਬਣੇ ਤਾਂ ਜੋ ਸਿੱਖਾਂ ਦੇ ਮੁੱਢਲੇ ਸਿਧਾਂਤਾਂ ਅਤੇ ਰਹੁ-ਰੀਤਾਂ ਸੰਬੰਧੀ ਸਰਵਉਚ ਅਦਾਲਤ ਅੱਗੇ ਸਹੀ ਤੱਥ ਪੇਸ਼ ਕੀਤੇ ਜਾ ਸਕਣ। ਉਨ੍ਹਾਂ ਜਥੇਦਾਰ ਸਾਹਿਬ ਨੂੰ ਵੀ ਆਖਿਆ ਕਿ ਉਹ ਪ੍ਰਧਾਨ ਮੰਤਰੀਰਾਸ਼ਟਰਪਤੀਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਮੇਤ ਕਰਨਾਟਕ ਦੇ ਮੁੱਖ ਮੰਤਰੀ ਨੂੰ ਵੀ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰਾਂ ਅਤੇ ਸਿੱਖ ਮਰਯਾਦਾ ਸਬੰਧੀ ਸਥਿਤੀ ਸਪੱਸ਼ਟ ਕਰਕੇ ਸਿੱਖਾਂ ਦੇ ਹੱਕ-ਹਕੂਕ ਬਹਾਲ ਕਰਾਉਣ ਲਈ ਅੱਗੇ ਆਉਣ।

 ਮਹਿਲਾ ਕਿਸਾਨ ਨੇਤਾ ਨੇ ਦੋਸ਼ ਲਾਇਆ ਕਿ ਭਾਜਪਾ ਤੇ ਆਰਐਸਐਸ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਹੇਠ ਆਜ਼ਾਦੀ ਸੰਗਰਾਮੀਆਂ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਸੰਵਿਧਾਨ ਦਾ ਮੂਲ ਸਰੂਪ ਬਦਲਣ ਦੀਆਂ ਕੋਝੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕਣ ਵਾਲੇ ਭਾਜਪਾ ਦੇ ਕੇਰਲ ਤੋਂ ਰਾਜ ਸਭਾ ਮੈਂਬਰ ਕੇ.ਜੇ. ਐਲਫਨਜ਼ ਰਾਹੀਂ ਬੀਤੇ ਦਿਨ ਰਾਜ ਸਭਾ ਵਿੱਚ ਇਕ ਪ੍ਰਾਈਵੇਟ ਬਿੱਲ ਪੇਸ਼ ਕਰਵਾਇਆ ਗਿਆ ਹੈ ਜਿਸ ਵਿੱਚ ਸੰਵਿਧਾਨ ਨੂੰ ਮੁੜ ਲਿਖਣ ਅਤੇ ਉਸਦੀ ਮੁੱਢਲੀ ਪ੍ਰਸਤਾਵਨਾ ਵਿੱਚੋਂ ਸਮਾਜਵਾਦੀ (ਸੋਸ਼ਲਿਸਟ) ਤੇ ਧਰਮ ਨਿਰਪੱਖ (ਸੈਕੂਲਰ) ਸਬਦਾਂ ਨੂੰ ਹਟਾਉਣ ਦੀ ਤਜ਼ਵੀਜ਼ ਹੈ ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਖੜਾ ਹੋ ਸਕਦਾ ਹੈ। ਮਹਿਲਾ ਨੇਤਾ ਬੀਬੀ ਰਾਜੂ ਨੇ ਕਿਹਾ ਕਿ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਅਨੁਸਾਰ ਵੱਖ-ਵੱਖ ਰਾਜਾਂ ਨੂੰ ਮਿਲਾ ਕੇ ਸਿਰਜੇ ਭਾਰਤ ਗਣਰਾਜ ਅੰਦਰ ਹਰ ਰਾਜ ਦੇ ਵਸਨੀਕ ਨੂੰ ਆਪੋ-ਆਪਣੇ ਧਰਮ-ਕਰਮ ਅਨੁਸਾਰ ਜਿੰਦਗੀ ਗੁਜ਼ਰ-ਬਸਰ ਕਰਨ ਦੀ ਸੰਵਿਧਾਨਕ ਅਜਾਦੀ ਹੈ ਪਰ ਭਗਵਾਂ ਦਲ ਅਤੇ ਸੰਘ ਵੱਲੋਂ ਸੰਸਦੀ ਬਹੁਮੱਤ ਰਾਹੀਂ ਧਰਮ-ਨਿਰਪੱਖ ਦੇਸ਼ ਵਿੱਚ ਇੱਕਸਮਾਨ ਨਾਗਰਿਕ ਕੋਡ ਲਾਗੂ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਹੁਣ ਇਸ ਨਾਗਰਿਕ ਕੋਡ ਉਤੇ ਕਾਨੂੰਨੀ ਮੋਹਰ ਲਵਾਉਣ ਲਈ ਮਸ਼ਵਰਾ ਲੈਣ ਦੇ ਬਹਾਨੇ ਇਸ ਕੋਡ ਬਿੱਲ ਨੂੰ ਭਾਰਤੀ ਕਾਨੂੰਨ ਕਮਿਸ਼ਨ ਕੋਲ ਭੇਜ ਦਿੱਤਾ ਹੈ। ਉਨਾਂ ਆਖਿਆ ਕਿ ਸਾਡੇ ਬਹੁਭਾਸ਼ੀ, ਬਹੁਧਰਮੀ ਅਤੇ ਬਹੁਕੌਮੀ ਦੇਸ਼ ਲਈ ਇਹ ਨਾਗਰਿਕ ਕੋਡ ਇੱਕ ਖਤਰਨਾਕ ਸਿਆਸੀ ਵਰਤਾਰਾ ਹੈ ਜਿਸ ਕਰਕੇ ਭਾਜਪਾ ਤੇ ਸੰਘ ਨੂੰ ਇਹ ਕੋਡ ਲਾਗੂ ਨਹੀਂ ਕਰਨਾ ਚਾਹੀਦਾ।