ਜਾਣਕਾਰੀ, ਆਤਮਾ, ਅਤੇ ਬੁੱਧੀ ਦਾ ਸੁਮੇਲ ਸਿੱਖੀ!

ਜਾਣਕਾਰੀ, ਆਤਮਾ, ਅਤੇ ਬੁੱਧੀ ਦਾ ਸੁਮੇਲ ਸਿੱਖੀ!

Information ਭਾਵ ਜਾਣਕਰੀ, ਸੂਚਨਾ ਆਦਿ ! Spirit ਭਾਵ ਰੁਹਾਨੀ, ਅਭੈਪਦ (ਹਰ ਤਰਾਂ ਦੇ ਡਰ ਤੋ ਮੁੱਕਤ) ਜਾਂ ਅੰਤਰ ਸੁੱਧਤਾ ! ਤੇ Wisdom ਭਾਵ ਜਾਗਿਆ ਹੋਈਆ, ਦਨਾਈ ਜਾਂ ਦਾਨਿਸ਼ਮੰਦ ਆਦਿ !

ਲਓ ਭਾਊ ਬੰਦੇ ਤੇ ਆਂ, ਆਪਾਂ ਦਿਹਾਤੀ ਜਹੇ ਮਝੈਲ ਪਰ ਗੱਲ ਅੱਜ ਗਰੇਜੀ ਚ, ਤੋਰਤੀ ਆ ! ਪੋਹ ਦਾ ਮਹੀਨਾ ਹੋਵੇ ਤੇ ਸ੍ਰੀ ਅਨੰਦਪੁਰ ਵਾਲ਼ਿਆਂ ਦੀ ਗੱਲ ਨਾ ਹੋਵੇ ਇਹ ਕਿੱਦਾਂ ! ਗੁਰੂ ਵਾਲਿਓ ਦਿਨ ਬੀਰਰੱਸੀ ਤੇ ਵੈਰਾਗਮਈ ਨੇ ਸਿਜਦੇ ਵੀ ਹੋ ਰਹੇ ਮਾਣ ਵੀ ਤੇ ਅੱਖਾਂ ਵੀ ਭਰ ਆਉਂਦੀਆਂ ! ਮਨ ਚ, ਵਿਚਾਰਾਂ ਦੀ ਸੁਨਾਮੀ ਏ, ਹਰਫ਼ ਕਿੱਥੋਂ ਸ਼ੁਰੂ ਕਰਾਂ ਗੱਲ ਸਮਝੋਂ ਬਾਹਰ ਏ ! ਫੇ ਜੀਅ ਭਿਆਣੇ ਫ਼ੋਨ ਲਾਇਆ ਗੁਰੂ ਕੀ ਨਗਰੀ ! ਸ੍ਰੀ ਅੰਮ੍ਰਿਤਸਰ ,ਸਿਫ਼ਤੀ ਦਾ ਘਰ ........!

ਵੱਡੇ ਬਾਬੇ ਨਾਨਕ ਪਾਤਸ਼ਾਹ ਜੀ ਦੇ ਵਿਸ਼ਵ ਵਿਦਿਆਲੇ GNDU ਵਿਖੇ ਇਕ ਰੱਬੀ ਰੂਹ ਏ ਸਰਬਜਿੰਦਰ ਸਿੰਘ ਜੀ ! ਬਾਹਲੇ ਲੋਕ ਹਾਨੂੰ ਮਝੈਲਾਂ ਨੂੰ ਖੰਡੇ ਖੜਕਾਉਣ ਆਲੇ ਸਮਝਦੇ ਜੋ ! ਪਰ ਨਾਂਹ ! ਖੰਡਾ ਤੇ ਓਦੋਂ ਚੁੱਕਦੇ ਆਂ ਜਦੋਂ ਸਿਰੋਂ ਪਾਣੀ ਟੱਪਜੇ ! ਫੇ ਸਿਰ ਧੜ ਤੇ ਕੀ ਤੇ ਤਲੀ ਤੇ ਕੀ ! ਪੜ ਕਿ ਵੇਖਿਓ ਕਿਤੇ ਹਾਢੇ ਵੱਢੇ ਭਾਅਊ ਜੀਆਂ ਨੂੰ, ਜੇ ਪੁਰੀ ਅਨੰਦ ਤੋਂ ਮਾਛੀਵਾੜੇ ਦੀ ਸੈਰ ਨਾਂ ਹਰਫ਼ਾਂ ਨਾਲ ਕਰਾਤੀ ਤੇ ਮੇਰਾ ਨਾਂ ਵਟਾ ਦਿਓ ! ਬੱਸ ਨਿਹਾਲੋ ਨਿਹਾਲ ! ਆਹ ਹੱਥਲੀ ਲਿੱਖਤ ਵੀ ਅੱਜ ਅੰਮ੍ਰਿਤ ਵੇਲੇ ਉਹਨਾਂ ਨਾਲ ਹੋਏ ਬਚਨ ਬਿਲਾਸਾਂ ਦੀ ਉੱਪਜ ਜੋ ! ਨਹੀਂ ਤੇ ਮੇਰੇ ਪੱਲੇ ਕੀ…! 

ਚਲੋ ਆਓ ਚੱਲੀਏ ਸ੍ਰੀ ਅਨੰਦਪੁਰ ਸਾਹਿਬ ! ਸੁਣਿਆ ਦੁਨੀ ਚੰਦ ਗੱਲਾਂ ਦਾ ਕੁਣਕਾ ਵਾਹਵਾ ਬਣਾ ਲੈਂਦਾ ! ਬਿਦਬਾਨ ਮੰਨਦਾ ਆਪਣੇ ਆਪ ਨੂੰ ! ਕਿਤੇ ਨਾ ਕਿਤੇ ਚੋਖੀ ਜਾਣਕਾਰੀ Information ਆ ਸਾਨ੍ਹ ਨੂੰ ! ਲੋਥ ਵੀ ਚੰਗੀ ਤੱਕੜੀ ਆ ! ਪਰ ਪੱਲੇ ਵਿਦਵਤਾ ਦਾ ਹੰਕਾਰ ਵੀ ਆ ਜਿੱਥੋਂ ਤਰਕ ਨਿਕਲਣਾ ! ਗੱਲ ਏਦਾਂ ਵਾਂ ਬਈ ਪ੍ਰੇਮ ਹੋਣ ਚ, ਤੇ ਕਰਨ ਚ, ਬੜਾ ਫ਼ਰਕ ਵਾ ! ਇਹ ਪ੍ਰੇਮ ਕਰਨ ਦਾ ਢੌਂਗ ਕਰ ਰਿਹਾ ਗੁਰਾਂ ਨਾਲ ! ਪਾਪੀ ਪ੍ਰਾਣੀ !

ਲਾਹਣ ਨਾਲ ਰੱਜਿਆ ਤੇ ਲੋਹੇ ਚ, ਜੜਿਆ ਹਾਥੀ ਕਿਲੇ ਦੇ ਬਾਹਰ ਫੁੰਕਾਰੇ ਮਾਰ ਰਿਹਾ ਏ ! ਦੋ ਜਹਾਨ ਦੇ ਵਾਲੀ ਕਲਗ਼ੀਧਰ ਮੁਸਕਰਾਏ ਤੇ ਆਖਿਆ, “ਸਾਡਾ ਹਾਥੀ ਦੁਨੀਚੰਦ ਵੈਰੀ ਦੇ ਹਾਥੀ ਨਾਲ ਦੋ ਹੱਥ ਕਰੇਗਾ ! ਭਿੜੇਗਾ ! ਕਿਸੇ ਸਿੰਘ ਨੇ ਜੈਕਾਰਾ ਛੱਡ ਦਿੱਤਾ ….ਬੋਲੇ ਸੋ ਨਿਹਾਲ...ਸਤਿ ਸ੍ਰੀ ਅਕਾਲ....!

ਦੁਨੀਚੰਦ ਦੇ ਬੁੱਲ ਜੁੜਗੇ ਮੂੰਹ ਤੇ ਸਿਕਰੀ ਆਗੀ ! ਸਾਰੀ ਇੰਨਫ਼ਾਰਮੇਸ਼ਨ ਭਾਵ ਜਾਣਕਰੀ, ਸੂਚਨਾ, ਵਿਦਵਤਾ ਤੇ ਪ੍ਰਚਾਰ ਸਵਾਹ ਹੋ ਗਿਆ ਮਨ ਵਿੱਚ ਤਰਕ ਆ ਗਿਆ ! ਅਖੇ, “ਗੁਰੂ ਨੇ ਤੇ ਮਰਨਾ ਹਾਨੂੰ ਵੀ ਮਰਾਊ, ਭਲਾ ਬੰਦੇ ਦਾ ਕੀ ਮੁਕਾਬਲਾ ਹਾਥੀ ਨਾਲ ! ਬਦਬਖ਼ਤ ਸਦੈਵ ਜਿੰਓਦਾ ਰਹਿਣ ਦਾ ਤੇ ਗੁਰੂ ਰਹਿਮਤਾਂ ਦਾ ਮੌਕਾ ਗਵਾ ਬੈਠਾ ! ਪਹਿਲਾਂ ਕੰਧ ਟੱਪਦੇ ਨੇ ਲੱਤ ਭਨਾਈ ਤੇ ਫੇ ਸੱਪ ਲੜਾ ਨਰਕ ਸੁਧਾਰ ਗਿਆ ! ਭਾਵ ਜ਼ਿਆਦਾ ਜਾਣਕਾਰੀ ਪੁੱਠੀ ਪੈਗੀ ! 

ਦਿਆਲੂ ਸਤਿਗੁਰੂ ਜੀ ਨੇ ਨੌੰ ਫੁੱਟੀ ਨਾਗਣੀ ਫੜ ਅਜੇ ਕਦਮ ਪੰਜ ਕੁ ਫੁੱਟ ਦੇ ਦੁੱਬਲੇ ਪੱਤਲੇ ਭਾਈ ਬਚਿੱਤਰ ਸਿੰਘ ਜੀ ਵੱਲੇ ਪੁੱਟਿਆ ਈ ਸੀ ਕਿ ਉਨ ਦੂਹੋ ਦੂਹੀ ਆਣ ਸਿਰ ਝੁੱਕਾ ਦਿੱਤਾ । Spirit ਅੰਤਰ ਸੁੱਧਤਾ, ਰੂਹਾਨੀਆਤ ਮਜ਼ਾਲ ਤਰਕ ਲਾਗੋਂ ਦੀ ਲੰਗਜੇ ਸਿੰਘ ਦੇ ! ਸਾਹਿਬ ਏ ਕਮਾਲ ਜੀ ਨੇ ਹੱਥ ਨਾਗਣੀ ਫੜਾ ਇਕ ਹੱਥ ਮੋਢੇ ਤੇ ਰੱਖਤਾ ! ਇਹ ਥਾਪੜਾ ਈ ਫ਼ਤਿਹ ਲਈ ਸੱਭ ਕੁਹ ਸੀ ! ਭਾਈ ਬਚਿੱਤਰ ਸਿੰਘ ਜੀ ਆਖਿਆ, “ਪਰਉਪਕਾਰੀ ਸਤਿਗੁਰ ਜੀਓ ਆਪ ਜੀ ਨੇ ਦਾਸ ਪਰ ਬੜਾ ਭਾਰੀ ਉਪਕਾਰ ਕੀਤਾ ਜੀ, ਜੋ ਇਸ ਕਾਰਜ ਲਈ ਚੁਣਿਆਂ ਜੀਓ” ਆਪਜੀ ਦਾ ਹੱਥ ਸਿਰ ਪਰ ਹੋਵੇ ਸੈਂਕੜੇ ਹਾਥੀ ਚੀਰ ਦਿਆਂ ! ਬਸ ਫਿਰ ਕੀ ਲੋਕਾਈ ਨੇ ਹਾਥੀ ਵੇਖਿਆ ਸੀ ਭਾਈ ਬਚਿੱਤਰ ਸਿੰਹ ਨਹੀਂ ! ਔਹ ਜਾਂਦਾ ਜੋ ਲਹੂ ਦੀਆਂ ਤਤੀਰ੍ਹੀਆਂ ਛੱਡਦਾ ਕੁਰਲਾਉਂਦਾ ਹਾਥੀ ਮਿੱਧ ਗਿਆ ਜੋ ਨਾਹਰ ਖ਼ਾਨ ਤੇ ਹੋਰ ਕਾਫ਼ਰਾਂ ਨੂੰ ! ਤੇ ਭਾਈ ਬਚਿੱਤਰ ਸਿੰਘ ਬਣ ਗਿਆ ਜੋ ਜ਼ਿੰਓਦਾ ਜਾਗਦਾ ਪੰਥ ਦਾ ਪਹਿਲਾ ਜ਼ਿੰਦਾ ਸ਼ਹੀਦ ! ਧੰਨ ਬਾਜਾਂ ਵਾਲਾ ਗੁਰੂ, ਧੰਨ ਗੁਰੂ ਦੇ ਸਿੱਖ ! 

ਸਾਹਲੋ ਜ਼ਰਾ ! ਅਜੇ ਦਾਨਿਸ਼ਮੰਦ ਭਾਈ ਜੋਧ ਸਿੰਘ ਜੀ ਦੀ ਵਾਰੀ ਤੇ ਆਉਣੀ ਜਿਸ ਤੇ ਬੜੀ ਬਖ਼ਸ਼ਿਸ਼ ਏ ਸਾਹਿਬ ਏ ਕਮਾਲ ਦੀ ਜੋ Wisdom ਜਾਗਿਆ ਹੋਇਆ ਏ ! ਉਸ ਨੂੰ ਹੁਕਮ ਦੀ ਵੀ ਲੋੜ ਨਈਂ ਜੋ ! ਬੱਸ ਇਕ ਕਿਰਪਾ ਦ੍ਰਿਸ਼ਟੀ ਪੈਣ ਦੀ ਲੋੜ ਏ ਕਾਰਜ ਉਸ ਨੂੰ ਪਤਾ ਵਾ ਉਨ ਕੀ ਕਰਨੈ ! ਬੱਸ ਸਤਿਗੁਰਾਂ ਪ੍ਰੇਮ ਨਾਲ ਕੀ ਤੱਕਿਆ ਜੋਧ ਸਿੰਹ ਸਿਰ ਝੁਕਾ ਕੇ ਹਨੇਰੀ ਹੋ ਗਿਆ ! ਪਤਾ ਉਦੋਂ ਲੱਗਾ ਜਦੋਂ ਕੇਸਰੀ ਚੰਦ ਦਾ ਸਿਰ ਜੁੰਡਿਆਂ ਤੋਂ ਫੜ ਲਿਆ ਗੁਰੂ ਚਰਨਾ ਚ, ਸੁੱਟਿਆ ! ਇਹ ਲਾਹਨਤੀ ਕੇਸਰੀ ਚੰਦ ਕਹਿੰਦਾ ਫਿਰਦਾ ਸੀ, ਅਖੇ ਮੈ ਗੁਰੂ ਦਾ ਸਿਰ ਵੱਢ ਕੇਸਾਂ ਤੋਂ ਫੜ ਕੇ ਲਿਆਊਂ ! ਸੁਣਾ ਪੁੱਤ ਗੁਰੂ ਤੇ ਅਕਾਲ ਰੂਪ ਬੜੀ ਤਾਂਹ ਦੀ ਗੱਲ ਵਾ ਤੇਰੇ ਲਈ ਤੇ ਗੁਰੂ ਦੇ ਨਿਮਾਣੇ ਸਿੰਘ ਈ ਬੜੇ …! ਪਾਪੀ ਕਿਹੇ ਥਾਂ ਦਾ ! 

ਸੋ ਇਹ ਸੀ ਪੋਹ ਦੇ ਮਹੀਨੇ ਵਾਪਰੀ ਇਕ ਸਾਖੀ ਜਾਂ ਗਾਥਾ ਜੋ ਆਪ ਜੀ ਨਾਲ ਗੁਰੂ ਕਿਰਪਾ ਸਦਕਾ ਸਾਂਝੀ ਕੀਤੀ ਜੀ ! ਧੰਨਵਾਦ ਭਾਅਅ ਜੀ Sarbjinder Singh ਜੀ ਹੋਣਾ ਦਾ ਜਿਨਾਂ ਪੁਰਾਤਨ ਰੋਜ਼ਨਾਮਚਿਆਂ ਦੇ ਹਵਾਲੇ ਦੇ ਕਿ ਬਾਕਮਾਲ ਜਾਣੀਕਾਰੀ ਸਾਂਝੀ ਕੀਤੀ ਤੇ ਦਾਸ ਨੇ ਭੁਲਾਂਵੇਂ ਅੱਖਰਾਂ ਨੂੰ ਤਰਤੀਬ ਦੇ ਗੁਰੂ ਪਾਤਸ਼ਾਹ ਤੇ ਸਹੀਦਾਂ ਨੂੰ ਸਿਜਦੇ ਕਰਨ ਦੀ ਨਿਮਾਣੀ ਕੋਸ਼ਿਸ਼ ਕੀਤੀ ਏ ! 

ਜ਼ਿਕਰਯੋਗ ਏ ਕਿ ਪੁਰਾਤਨ ਰੋਜ਼ਨਾਮਚੇ, ਲਿੱਖਤਾਂ ਤੇ ਇਤਿਹਾਸ ਹਾਢਾ ਕੀਮਤੀ ਖ਼ਜ਼ਾਨਾ ਏ ! ਸਟੇਜਾਂ ਤੇ ਕਿੱਲਣ ਵਾਲੇ ਪ੍ਰਚਾਰਕ ਵੀ ਝਾਤੀ ਮਾਰ ਲਿਆ ਕਰਨ ! ਇਹ ਦੁਨੀ ਚੰਦ ਵਾਂਗੂੰ ਅਧੂਰੀ ਜਾਣਕਾਰੀ ਸਿਰ ਤੇ ਚੁੱਕੀ ਫਿਰਦੇ ਆ ਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਆ ! ਲਾਹਨਤ ਐਸੇ ਪ੍ਰਚਾਰਿਕਾਂ ਤੇ ਜਿਹੜੇ ਆਪਣੀ ਵਿਦਵਤਾ ਤਰਕਾਂ ਨਾਲ ਤੋਲ ਦੁਨੀ ਚੰਦ ਦਾ ਰੋਲ ਨਿਭਾਅ ਰਹੇ ਆ ! ਯਕੀਨ ਕਰਿਓ ਇਹਨਾਂ ਤਰਕਵਾਦੀਆਂ ਇੰਨਫ਼ਾਰਮੇਟਰੀਆਂ ਦਾ ਹਾਲ ਵੀ ਦੁਨੀ ਚੰਦ ਵਰਗਾ ਹੋਣਾ ! ਜੇ ਸੱਪ ਨਾਂ ਲੜਿਆਂ ਤੇ ਫੋੜੇ ਨਾਲ ਜ਼ਰੂਰ ਮਰਨਗੇ ! ਗੱਲ ਪੱਲੇ ਬਨਲੋ ਮਝੈਲ ਦੀ 

 

ਬਿੱਟੂ ਅਰਪਿੰਦਰ ਸਿੰਘ

ਫਰੈਂਕਫੋਰਟ ਜਰਮਨੀ