ਕੀ ਕਾਂਗਰਸ ਭਾਜਪਾ ਦਾ ਮੁਕਾਬਲਾ ਕਰ ਸਕੇਗੀ?

ਕੀ ਕਾਂਗਰਸ ਭਾਜਪਾ ਦਾ ਮੁਕਾਬਲਾ ਕਰ ਸਕੇਗੀ?

ਤਿੰਨ ਰਾਜਾਂ ਵਿਚ ਹਾਰਨ ਤੋਂ ਬਾਅਦ ਕਾਂਗਰਸ ਦਾ ਕੀ ਹੋਵੇਗਾ? ਕੀ ਉਹ ਪਹਿਲਾਂ ਦੀ ਤਰ੍ਹਾਂ ਸੁੰਗੜ ਜਾਵੇਗੀ? ਕੀ ਉਸ ਦਾ ਮਨੋਬਲ ਟੁੱਟ ਜਾਵੇਗਾ? ਕੀ 'ਇੰਡੀਆ' ਗੱਠਜੋੜ ਵਿਚ ਉਸ ਦੀ ਭੂਮਿਕਾ ਸਿਮਟ ਜਾਵੇਗੀ?

ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਕਾਂਗਰਸ ਤਿੰਨ ਰਾਜਾਂ ਵਿਚ ਆਸਾਨੀ ਨਾਲ ਜਿੱਤ ਜਾਵੇਗੀ। ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਰਕਾਰ ਵਿਰੁੱਧ ਜ਼ਬਰਦਸਤ ਨਾਰਾਜ਼ਗੀ ਸੀ, ਲੋਕ ਬਦਲਾਅ ਦੀ ਗੱਲ ਕਰ ਰਹੇ ਸਨ। ਉਥੇ ਸਭ ਨੂੰ ਲਗ ਰਿਹਾ ਸੀ ਕਿ ਕਾਂਗਰਸ ਵੱਡੇ ਬਹੁਮਤ ਵੱਲ ਵਧ ਰਹੀ ਹੈ ਪਰ ਹੋਇਆ ਬਿਲਕੁਲ ਉਲਟਾ। ਛੱਤੀਸਗੜ੍ਹ ਜੋ ਕਾਂਗਰਸ ਦਾ ਸਭ ਤੋਂ ਵੱਡਾ ਕਿਲ੍ਹਾ ਸੀ, ਉਹ ਵੀ ਢਹਿ-ਢੇਰੀ ਹੋ ਗਿਆ ਅਤੇ ਭੁਪੇਸ਼ ਬਘੇਲ, ਜਿਨ੍ਹਾਂ ਨੂੰ ਭਾਰਤੀ ਰਾਜਨੀਤੀ ਦਾ ਵੱਡਾ ਸਿਤਾਰਾ ਸਮਝਿਆ ਜਾ ਰਿਹਾ ਸੀ, ਉਹ ਵੀ ਪਿੱਛੇ ਪੈ ਗਏ ਹਨ। ਅਸ਼ੋਕ ਗਹਿਲੋਤ ਨੇ ਤਾਂ ਆਪਣੇ ਪੈਰ 'ਤੇ ਕੁਹਾੜੀ ਮਾਰੀ ਹੈ। ਜੇਕਰ ਉਹ ਸਚਿਨ ਨੂੰ ਨਾਲ ਲੈ ਕੇ ਚਲਦੇ ਤਾਂ ਇਸ ਸਮੇਂ ਉਨ੍ਹਾਂ ਦੀ ਸਰਕਾਰ ਹੁੰਦੀ। ਤਿੰਨਾਂ ਰਾਜਾਂ ਵਿਚ ਹਾਰ ਕਾਂਗਰਸ ਦੇ ਮੱਥੇ 'ਤੇ ਇਕ ਨਵਾਂ ਨਾ ਮਿਟਣ ਵਾਲਾ ਦਾਗ਼ ਹੈ।

ਪਰ ਤੇਲੰਗਾਨਾ ਵਿਚ ਕਾਂਗਰਸ ਦੀ ਜਿੱਤ ਇਕ ਉਮੀਦ ਦੀ ਕਿਰਨ ਹੈ। ਉਥੇ ਕਾਂਗਰਸ ਨੇ ਇਕ ਬੇਹੱਦ ਮਜ਼ਬੂਤ ਨੇਤਾ ਕੇ.ਸੀ.ਆਰ. ਅਤੇ ਉਸ ਦੀ ਪਾਰਟੀ ਨੂੰ ਮਾਤ ਦਿੱਤੀ ਹੈ। ਬਿਲਕੁਲ ਨਵੇਂ ਨੇਤਾ 'ਤੇ ਦਾਅ ਲਗਾਇਆ ਗਿਆ ਅਤੇ ਉਹ ਕਾਮਯਾਬ ਰਿਹਾ। ਕੀ ਤੇਲੰਗਾਨਾ ਕਾਂਗਰਸ ਦੇ ਭਵਿੱਖ ਦੀ ਰਾਜਨੀਤੀ ਦੀ ਰੂਪ-ਰੇਖਾ ਲਿਖ ਸਕਦਾ ਹੈ? ਕੀ ਪਾਰਟੀ ਨੂੰ ਤੇਲੰਗਾਨਾ ਕੋਈ ਸਬਕ ਦੇ ਸਕਦਾ ਹੈ?

ਹਿੰਦੀ ਪੱਟੀ ਦੀ ਹਾਰ ਤੋਂ ਇਕ ਗੱਲ ਸਾਫ਼ ਹੈ ਕਿ ਭਾਜਪਾ ਇਸ ਖੇਤਰ ਵਿਚ ਬੇਹੱਦ ਮਜ਼ਬੂਤ ਹੈ ਅਤੇ ਉਸ ਨੂੰ ਹਰਾਉਣ ਲਈ ਕਾਂਗਰਸ ਨੂੰ ਕੁਝ ਨਵਾਂ ਕਰਨਾ ਪਵੇਗਾ। ਨਾਲ ਹੀ ਇਹ ਵੀ ਸਮਝਣਾ ਹੋਵੇਗਾ ਕਿ ਆਪਸੀ ਧੜੇਬੰਦੀ ਕਾਰਨ ਭਾਜਪਾ ਦਾ ਹੀ ਫਾਇਦਾ ਹੋਵੇਗਾ।

ਦਰਅਸਲ, ਕਾਂਗਰਸ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੇ ਇੰਦਰਾ ਗਾਂਧੀ ਦੇ ਜ਼ਮਾਨੇ ਦੇ ਨੇਤਾ ਹਨ, ਜੋ ਦਰਬਾਰੀ ਰਾਜਨੀਤੀ ਦੀ ਉਪਜ ਹਨ ਅਤੇ ਨਹਿਰੂ - ਇੰਦਰਾ ਗਾਂਧੀ ਦੀ ਚਮਚਾਗਿਰੀ ਕਰਕੇ ਰਾਜਨੀਤੀ ਦੀ ਚੋਟੀ ਤੱਕ ਪਹੁੰਚੇ ਹਨ। ਇਹ ਨੇਤਾ ਦਰਬਾਰ ਰਾਜਨੀਤੀ ਦੇ ਮਾਹਿਰ ਖਿਡਾਰੀ ਹਨ। ਇਹ ਹਮੇਸ਼ਾ ਦਰਬਾਰ ਵਿਚ ਰਹਿ ਕੇ ਸ਼ਹਿ-ਮਾਤ ਦੀ ਖੇਡ ਖੇਡਦੇ ਰਹਿੰਦੇ ਹਨ। ਅਸ਼ੋਕ ਗਹਿਲੋਤ ਨੂੰ ਕਾਇਦੇ ਨਾਲ 2018 ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਹੀਂ ਸੀ ਬਣਾਉਣਾ ਚਾਹੀਦਾ। ਕਾਂਗਰਸ ਨੇ ਸਚਿਨ ਦੀ ਅਗਵਾਈ ਦਾ ਹੱਕ ਮਾਰ ਕੇ ਗਹਿਲੋਤ ਨੂੰ ਮੁੱਖ ਮੰਤਰੀ ਬਣਾਇਆ, ਜੋ ਕਾਂਗਰਸ ਦੀ ਸਭ ਤੋਂ ਵੱਡੀ ਗ਼ਲਤੀ ਸੀ ਅਤੇ 2018 ਦੀ ਜਿੱਤ 2023 ਵਿਚ ਕਾਂਗਰਸ ਦੀ ਹਾਰ ਦਾ ਕਾਰਨ ਬਣੀ। ਸਚਿਨ ਪਾਇਲਟ ਇਹ ਅਪਮਾਨ ਕਦੀਂ ਵੀ ਭੁੱਲ ਨਹੀਂ ਸਕੇ ਅਤੇ ਨਾ ਹੀ ਇਹ ਸਮਝ ਸਕੇ ਕਿ ਇਕ ਹਾਰ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ। ਸਚਿਨ ਨੂੰ ਪਹਿਲਾਂ ਤਾਂ ਗਹਿਲੋਤ ਦੇ ਨਾਂਅ 'ਤੇ ਤਿਆਰ ਨਹੀਂ ਹੋਣਾ ਚਾਹੀਦਾ ਸੀ ਅਤੇ ਜੇਕਰ ਤਿਆਰ ਹੋ ਗਏ ਸਨ ਤਾਂ ਪੂਰੇ ਪੰਜ ਸਾਲ ਗਹਿਲੋਤ ਦੇ ਨਾਲ ਰਹਿਣਾ ਚਾਹੀਦਾ ਸੀ। ਵਿਚਾਲੇ ਬਗ਼ਾਵਤ ਦਾ ਕੋਈ ਅਰਥ ਨਹੀਂ ਸੀ। ਗਹਿਲੋਤ ਨੂੰ ਵੀ ਸਚਿਨ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ, ਜੋ ਉਨ੍ਹਾਂ ਨੇ ਨਹੀਂ ਕੀਤਾ। ਲਿਹਾਜ਼ਾ, ਪਾਰਟੀ ਨੇ ਹਾਰਨਾ ਹੀ ਸੀ।

ਗਹਿਲੋਤ ਨੂੰ ਇਹ ਭਰਮ ਹੋ ਗਿਆ ਸੀ ਕਿ ਉਹ ਆਪਣੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਪ੍ਰਚਾਰ ਦੇ ਦਮ 'ਤੇ ਫਿਰ ਤੋਂ ਸਰਕਾਰ ਬਣਾ ਸਕਦੇ ਹਨ। ਜੋ ਨਾ ਤਾਂ ਹੋਣਾ ਸੀ ਅਤੇ ਨਾ ਹੀ ਹੋਇਆ। ਕਾਂਗਰਸ ਲਈ ਸਭ ਤੋਂ ਵੱਡਾ ਸਬਕ ਇਹੀ ਹੈ ਕਿ ਜੇਕਰ ਉਹ ਸਮਾਂ ਰਹਿੰਦਿਆਂ ਵੱਡੇ ਅਤੇ ਸਖ਼ਤ ਫ਼ੈਸਲੇ ਨਹੀਂ ਕਰ ਸਕਦੀ ਤਾਂ ਫਿਰ ਪਾਰਟੀ ਲਈ ਅੱਗੇ ਵਧਣ ਦਾ ਰਸਤਾ ਮੁਸ਼ਕਿਲ ਹੀ ਹੁੰਦਾ ਜਾਵੇਗਾ। ਨਹਿਰੂ-ਗਾਂਧੀ ਪਰਿਵਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਾਜਨੀਤੀ ਵਿਚ ਕੋਈ ਸਕਾ ਨਹੀਂ ਹੁੰਦਾ। ਦਰਬਾਰੀ ਉਦੋਂ ਤੱਕ ਨਹਿਰੂ-ਗਾਂਧੀ ਪਰਿਵਾਰ ਦੇ ਸਕੇ ਸਨ, ਜਦੋਂ ਤੱਕ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਉਨ੍ਹਾਂ ਨੂੰ ਜਿਤਾ ਸਕਦੇ ਹਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਲੱਗਿਆ ਕਿ ਨਹਿਰੂ-ਗਾਂਧੀ ਪਰਿਵਾਰ ਕਮਜ਼ੋਰ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਨਹੀਂ ਜਿਤਾ ਸਕਦਾ ਤਾਂ ਦਰਬਾਰੀਆਂ ਨੇ ਗਿਰਗਿਟ ਦੀ ਤਰ੍ਹਾਂ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਨੌਬਤ ਇਥੋਂ ਤੱਕ ਆ ਗਈ ਕਿ ਗਹਿਲੋਤ ਹੋਵੇ ਜਾਂ ਫਿਰ ਕਮਲ ਨਾਥ ਦੋਵਾਂ ਨੇ ਚੋਣਾਂ ਵਿਚ ਨਹਿਰੂ-ਗਾਂਧੀ ਪਰਿਵਾਰ ਦੀ ਨਾਫ਼ਰਮਾਨੀ ਕੀਤੀ। ਉਨ੍ਹਾਂ ਦੇ ਫ਼ੈਸਲਿਆਂ ਨੂੰ ਮੰਨਣ ਤੋਂ ਮਨ੍ਹਾਂ ਕੀਤਾ। ਇਹ ਗੱਲ ਪੂਰੀ ਪਾਰਟੀ ਨੂੰ ਪਤਾ ਹੈ ਅਤੇ ਇਸ ਨਾਲ ਨਿਹਿਰੂ-ਗਾਂਧੀ ਪਰਿਵਾਰ ਤਾਂ ਕਮਜ਼ੋਰ ਹੋਇਆ ਹੀ, ਉਨ੍ਹਾਂ ਦੀ ਦਿੱਖ ਵੀ ਬਾਕੀ ਰਾਜਾਂ ਵਿਚ ਖ਼ਰਾਬ ਹੋਈ ਹੈ। ਇਸ ਤਰ੍ਹਾਂ ਕਾਂਗਰਸ ਨੂੰ ਹਾਰ ਤੋਂ ਬਾਅਦ ਹੁਣ ਦਿਲ ਸਖ਼ਤ ਕਰਕੇ ਦਰਬਾਰੀ ਨੇਤਾਵਾਂ ਨੂੰ ਹਾਰ ਲਈ ਜ਼ਿੰਮੇਦਾਰ ਠਹਿਰਾਉਂਦੇ ਹੋਏ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਤਾਂ ਕਿ ਸਾਰੀ ਪਾਰਟੀ ਨੂੰ ਸੁਨੇਹਾ ਜਾਵੇ ਕਿ ਹੁਣ ਦਰਬਾਰੀਆਂ ਦੇ ਦਿਨ ਲੰਘ ਗਏ ਹਨ।

ਜੇਕਰ ਰੇਵੰਤ ਰੈਡੀ ਚੋਣਾਂ ਜਿਤਾ ਸਕਦੇ ਹਨ ਤਾਂ ਕਮਲ ਨਾਥ ਅਤੇ ਅਸ਼ੋਕ ਗਹਿਲੋਤ ਦੀ ਜ਼ਰੂਰਤ ਕੀ ਹੈ? ਪਾਰਟੀ ਨੂੰ ਹਰ ਰਾਜ ਵਿਚ ਰੇਵੰਤ ਰੈਡੀ ਵਰਗੇ ਨੇਤਾਵਾਂ ਦੀ ਜ਼ਰੂਰਤ ਹੈ। ਭਾਵ ਇਸ ਤਰ੍ਹਾਂ ਦੇ ਲੋਕ ਜੋ ਮੋਦੀ ਰਾਜ ਦੀ ਰਾਜਨੀਤੀ ਨੂੰ ਸਮਝਦੇ ਹਨ, ਸਭ ਨੂੰ ਨਾਲ ਲੈ ਕੇ ਚਲ ਸਕਦੇ ਹਨ ਅਤੇ ਮੋਦੀ ਦੀ ਤਰ੍ਹਾਂ ਹਮਲਾਵਰ ਰਾਜਨੀਤੀ 24 ਘੰਟੇ ਕਰ ਸਕਦੇ ਹਨ। ਪਾਰਟੀ ਨੂੰ ਕਮਲ ਨਾਥ ਵਰਗੇ ਨੇਤਾਵਾਂ ਦੀ ਜ਼ਰੂਰਤ ਨਹੀਂ ਹੈ ਜੋ ਕਾਰਕੁੰਨਾਂ ਦਾ ਸਨਮਾਨ ਨਹੀਂ ਕਰਦੇ, ਹਾਈਕਮਾਨ ਦੀ ਗੱਲ ਨਹੀਂ ਮੰਨਦੇ, ਸਿਰਫ਼ ਆਪਣੇ ਸਵਾਰਥ ਦੀ ਪੂਰਤੀ ਵਿਚ ਲੱਗੇ ਰਹਿੰਦੇ ਹਨ ਅਤੇ ਸਖ਼ਤ ਮਿਹਨਤ ਵੀ ਨਹੀਂ ਕਰ ਸਕਦੇ। ਇਹ ਉਹ ਨੇਤਾ ਹਨ ਜੋ ਅੱਜ ਵੀ ਇੰਦਰਾ ਯੁੱਗ ਵਿਚ ਜਿਉਂ ਰਹੇ ਹਨ, ਜਦੋਂ ਕਾਂਗਰਸ ਸਾਹਮਣੇ ਕੋਈ ਚੁਣੌਤੀ ਨਹੀਂ ਸੀ ਅਤੇ ਉਹ ਆਸਾਨੀ ਨਾਲ ਜਿੱਤ ਜਾਂਦੇ ਸਨ। ਉਨ੍ਹਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਸੀ ਅਤੇ ਇੰਦਰਾ ਗਾਂਧੀ ਦੇ ਨਾਂਅ 'ਤੇ ਵੱਡੇ-ਵੱਡੇ ਅਹੁਦੇ ਲੈ ਲੈਂਦੇ ਸਨ। ਅੱਜ ਹਾਲਾਤ ਬਦਲ ਗਏ ਹਨ। ਪਾਰਟੀ ਬੇਹੱਦ ਕਮਜ਼ੋਰ ਹੋ ਗਈ ਹੈ। ਮੋਦੀ ਵਰਗਾ ਨੇਤਾ ਪ੍ਰਧਾਨ ਮੰਤਰੀ ਹੈ, ਜੋ ਨਾ ਸਿਰਫ਼ ਚੌਵੀ ਘੰਟੇ ਮਿਹਨਤ ਕਰਦੇ ਹਨ ਸਗੋਂ ਸਾਮ, ਦੰਡ, ਭੇਦ ਸਭ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਾਂਗਰਸ ਨੂੰ ਇਸ ਤਰ੍ਹਾਂ ਦੀ ਨਵੀਂ ਉਮਰ ਦੇ ਲੋਕ ਚਾਹੀਦੇ ਹਨ, ਜਿਨ੍ਹਾਂ ਦੇ ਅੰਦਰ ਜਿੱਤਣ ਦੀ ਅੱਗ ਹੋਵੇ ਅਤੇ ਉਹ ਭਾਜਪਾ ਦੀ ਤਰ੍ਹਾਂ ਹਰ ਹਥਕੰਡਾ ਅਪਣਾਉਣ ਤੋਂ ਪ੍ਰਹੇਜ਼ ਨਾ ਕਰਨ। ਜੇਕਰ ਕਾਂਗਰਸ ਇਸ ਤਰ੍ਹਾਂ ਕਰ ਸਕਦੀ ਹੈ ਤਾਂ ਫਿਰ ਉਹ 2024 ਦੀ ਲੜਾਈ ਮਜ਼ਬੂਤੀ ਨਾਲ ਲੜ ਸਕਦੀ ਹੈ, ਨਹੀਂ ਤਾਂ ਕੋਈ ਉਮੀਦ ਨਹੀਂ ਹੈ।

ਇਕ ਚੀਜ਼ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਹੌਸਲਾ ਦੇ ਸਕਦੀ ਹੈ ਕਿ ਤਿੰਨੇ ਰਾਜਾਂ ਵਿਚ ਜਿਥੇ ਕਾਂਗਰਸ ਹਾਰੀ ਹੈ, ਉਥੇ ਉਸ ਦੇ ਵੋਟ 40 ਫ਼ੀਸਦੀ ਤੋਂ ਜ਼ਿਆਦਾ ਰਹੇ ਹਨ। ਭਾਵ ਹਾਰ ਤੋਂ ਬਾਅਦ ਵੀ ਜਨਤਾ ਦਾ ਵਿਸ਼ਵਾਸ ਉਨ੍ਹਾਂ ਵਿਚ ਹੈ ਅਤੇ ਉਹ ਭਾਜਪਾ ਅਤੇ ਮੋਦੀ ਦੀ ਨੀਤੀਆਂ ਨਾਲ ਸਹਿਮਤ ਨਹੀਂ ਹਨ ਉਹ ਹਿੰਦੂਤਵ ਨੂੰ ਦੇਸ਼ ਲਈ ਠੀਕ ਨਹੀਂ ਮੰਨਦੇ। ਇਹ ਵੋਟਰ ਅੱਜ ਵੀ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਹਨ। ਸੀ.ਐਸ.ਡੀ.ਐਸ. ਦੇ ਸਰਵੇ ਅਨੁਸਾਰ ਭਾਜਪਾ ਦੇ ਸਭ ਦਾਅਵਿਆਂ ਦੇ ਬਾਵਜੂਦ ਦਲਿਤ ਅਤੇ ਆਦਿਵਾਸੀ ਵੋਟਰਾਂ ਦਾ ਝੁਕਾਅ ਕਾਂਗਰਸ ਵੱਲ ਜ਼ਿਆਦਾ ਹੈ। ਘੱਟ ਗਿਣਤੀਆਂ ਦਾ ਭਾਈਚਾਰਾ ਪੂਰੀ ਮਜ਼ਬੂਤੀ ਨਾਲ ਕਾਂਗਰਸ ਵਿਚ ਆਸ ਰੱਖਦਾ ਹੈ। ਉੱਚ ਜਾਤੀਆਂ ਅਤੇ ਓ.ਬੀ.ਸੀ. ਦਾ ਇਕ ਭਾਈਚਾਰਾ ਭਾਜਪਾ ਦੇ ਨਾਲ ਹੈ। ਪੜ੍ਹੇ-ਲਿਖੇ ਤਬਕੇ ਦਾ ਵੱਡਾ ਹਿੱਸਾ ਵੀ ਭਾਜਪਾ ਨੂੰ ਵੋਟ ਦਿੰਦਾ ਹੈ। ਭਾਵ ਗ਼ਰੀਬ, ਮਜ਼ਦੂਰ ਅਤੇ ਕਮਜ਼ੋਰ ਕਿਸਾਨ ਨੂੰ ਭਾਜਪਾ ਤੋਂ ਜ਼ਿਆਦਾ ਉਮੀਦ ਨਹੀਂ ਹੈ। ਉਹ ਕਾਂਗਰਸ ਵਿਚ ਆਪਣਾ ਭਵਿੱਖ ਦੇਖ ਰਹੇ ਹਨ। ਉੱਚ ਜਾਤੀਆਂ ਹਿੰਦੂਤਵ ਦੇ ਵੱਸ ਹੋ ਕੇ ਭਾਜਪਾ ਨੂੰ ਵੋਟ ਦੇ ਰਹੀਆਂ ਹਨ ਪਰ ਗ਼ਰੀਬ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਉਹ ਬਦਲਾਅ ਚਾਹੁੰਦੇ ਹਨ, ਕਾਂਗਰਸ ਇਸ ਵੱਡੇ ਵਰਗ ਨੂੰ ਨਾਲ ਰੱਖਣ ਤੋਂ ਇਲਾਵਾ ਜੇਕਰ ਦੋ ਤਿੰਨ ਫ਼ੀਸਦੀ ਨਵੇਂ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਵੇ ਤਾਂ ਭਾਜਪਾ ਨੂੰ ਉੱਤਰ ਭਾਰਤ ਵਿਚ ਵੀ ਲੋਕ ਸਭਾ ਦੀਆਂ ਸੀਟਾਂ ਦੇ ਨੁਕਸਾਨ ਦਾ ਖ਼ਤਰਾ ਝੱਲਣਾ ਪੈ ਸਕਦਾ ਹੈ। ਮੋਦੀ ਇਸ ਗੱਲ ਤੋਂ ਜਾਣੂ ਹਨ, ਇਸ ਲਈ ਉਹ ਕਲਿਆਣਕਾਰੀ ਸਕੀਮਾਂ ਜ਼ਰੀਏ ਗ਼ਰੀਬਾਂ ਅਤੇ ਆਦਿਵਾਸੀਆਂ ਨੂੰ ਲਗਾਤਾਰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਅਗਲੇ ਪੰਜ ਸਾਲਾਂ ਲਈ ਮੁਫ਼ਤ ਰਾਸ਼ਨ ਯੋਜਨਾ ਨੂੰ ਵਧਾਉਣਾ, ਉਸੇ ਦਿਸ਼ਾ ਵਿਚ ਇਕ ਵੱਡਾ ਕਦਮ ਹੈ। ਕਾਂਗਰਸ ਨੂੰ ਇਸ ਦੀ ਕਾਟ ਲੱਭਣੀ ਹੋਵੇਗੀ।

ਫਿਰ ਕਾਂਗਰਸ ਜੇਕਰ ਲੋਕ ਸਭਾ ਦੀਆਂ ਚੋਣਾਂ ਲਈ ਹੁਣੇ ਤੋਂ ਲੱਕ ਬੰਨ੍ਹ ਲਵੇ ਅਤੇ ਕਰਨਾਟਕ ਅਤੇ ਤੇਲੰਗਾਨਾ ਵਿਚ ਭਾਜਪਾ ਨੂੰ ਹਰਾਉਣ ਲਈ ਰਣਨੀਤੀ ਬਣਾ ਕੇ ਉਤਰ ਪਵੇ ਤਾਂ ਕੇਂਦਰ ਵਿਚ ਵੀ ਭਾਜਪਾ ਨੂੰ ਬਹੁਮਤ ਹਾਸਿਲ ਕਰਨ ਤੋਂ ਰੋਕ ਸਕਦੀ ਹੈ। ਕਰਨਾਟਕ ਵਿਚ ਭਾਜਪਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ 28 ਵਿਚੋਂ 25 ਸੀਟਾਂ ਮਿਲੀਆਂ ਸਨ। ਜੇਕਰ ਕਾਂਗਰਸ ਭਾਜਪਾ ਦੀਆਂ ਸੀਟਾਂ ਅੱਧੀਆਂ ਕਰ ਸਕੇ ਤਾਂ ਭਾਜਪਾ ਨੂੰ ਜ਼ੋਰ ਦਾ ਝਟਕਾ ਲੱਗੇਗਾ। ਤੇਲੰਗਾਨਾ ਵਿਚ ਭਾਜਪਾ ਨੂੰ 17 ਵਿਚੋਂ 4 ਸੀਟਾਂ 2019 ਵਿਚ ਮਿਲੀਆਂ ਸਨ। ਇਹ ਸੀਟਾਂ ਵੀ ਭਾਜਪਾ ਦੀਆਂ ਘੱਟ ਹੋ ਸਕਦੀਆਂ ਹਨ ਬਸ਼ਰਤੇ ਕਾਂਗਰਸ ਕੋਸ਼ਿਸ਼ ਕਰੇ। ਉਹ ਕਰ ਸਕਦੀ ਹੈ, ਕਿਉਂਕਿ ਉਥੇ ਉਸ ਦੀ ਆਪਣੀ ਸਰਕਾਰ ਹੈ। ਇਕੱਲੇ ਇਨ੍ਹਾਂ ਦੋਵਾਂ ਰਾਜਾਂ ਵਿਚ ਜਿਥੇ ਭਾਜਪਾ 2023 ਵਿਚ ਵਿਧਾਨ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰ ਚੁੱਕੀ ਹੈ ਅਤੇ ਉਸ ਦਾ ਸੰਗਠਨ ਵੀ ਮਜ਼ਬੂਤ ਨਹੀਂ ਹੈ, ਨਾਲ ਹੀ ਭਾਜਪਾ ਕਈ ਗੁੱਟਾਂ ਵਿਚ ਵੰਡੀ ਹੋਈ ਹੈ ਤਾਂ ਭਾਜਪਾ ਨੂੰ ਚੰਗਾ ਖ਼ਾਸਾ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਤਾਂ ਹੀ ਹੋਵੇਗਾ ਜਦੋਂ ਉਹ 'ਇੰਡੀਆ' ਗੱਠਜੋੜ ਦੇ ਸਾਥੀਆਂ ਨੂੰ ਨਾਲ ਲੈ ਕੇ ਚੱਲੇ, ਸਭ ਇਕ ਸੁਰ ਵਿਚ ਗੱਲ ਕਰਨ ਅਤੇ ਦੇਸ਼ ਸਾਹਮਣੇ ਮੋਦੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਅਤੇ ਖ਼ੁਦ ਉਹ ਕੀ ਬਦਲ ਦੇਸ਼ ਨੂੰ ਦੇ ਰਹੇ ਹਨ, ਇਸ ਦਾ ਵੀ ਭਵਿੱਖੀ ਖ਼ਾਕਾ (ਬਲਿਊਪ੍ਰਿੰਟ) ਸਾਹਮਣੇ ਲਿਆਉਣ। ਦੇਸ਼ ਨੂੰ ਦੱਸਣ ਕਿ ਉਹ ਦੇਸ਼ ਨੂੰ ਕਿਵੇਂ ਅੱਗੇ ਲੈ ਜਾਣਗੇ ਅਤੇ ਉਹ ਕਿਸ ਤਰ੍ਹਾਂ ਦੀ ਸਰਕਾਰ ਚਲਾਉਣਗੇ? ਇਹ ਲਿਖਣਾ ਸੌਖਾ ਹੈ ਪਰ ਕਰਨ ਵਿਚ ਮੁਸ਼ਕਿਲ ਹੈ। ਇਹ ਹੋ ਸਕਦਾ ਹੈ ਬਸ਼ਰਤੇ ਕਾਂਗਰਸ ਅਤੇ 'ਇੰਡੀਆ' ਗੱਠਜੋੜ ਦੇ ਲੋਕ ਗੁੱਡੀ-ਗੁੱਡਿਆਂ ਦੀ ਖੇਡ ਖੇਡਣਾ ਬੰਦ ਕਰਨ, ਰੋਣਾ ਕੁਰਲਾਉਣਾ ਬੰਦ ਕਰਨ ਅਤੇ ਗੰਭੀਰ ਰਾਜਨੀਤੀ ਕਰਨ। ਮੋਦੀ ਨਾਲ ਲੜਨਾ ਬੱਚਿਆਂ ਦੀ ਖੇਡ ਨਹੀਂ ਹੈ, ਵੱਡੇ ਖ਼ਤਰੇ ਹਨ। ਪਰ ਜੇਕਰ ਜੰਗ ਵਿਚ ਉਤਰਨਾ ਹੈ ਤਾਂ ਫਿਰ ਅੱਗ ਦੇ ਦਰਿਆ ਵਿਚੀਂ ਡੁੱਬ ਕੇ ਤਾਂ ਜਾਣਾ ਹੀ ਪਵੇਗਾ।

 

ਪੱਤਰਕਾਰ ਆਸ਼ੂਤੋਸ਼