ਅਮਰੀਕੀ ਸੈਨੇਟ ਵੱਲੋਂ ਯੁਕਰੇਨ ਵਾਸਤੇ 40 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ਼ ਪ੍ਰਵਾਨ
* ਪੈਕੇਜ਼ ਵਿਚ ਮਾਨਵੀ ਤੇ ਫੌਜੀ ਸਹਾਇਤਾ ਸ਼ਾਮਿਲ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 20 ਮਈ (ਹੁਸਨ ਲੜੋਆ ਬੰਗਾ) ਅਮਰੀਕੀ ਸੈਨੇਟ ਨੇ ਯੁਕਰੇਨ ਲਈ 40 ਬਿਲੀਅਨ ਡਾਲਰ ਤੋਂ ਵਧ ਦੇ ਸਹਾਇਤਾ ਪੈਕੇਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪੈਕੇਜ਼ ਵਿਚ ਮਾਨਵੀ ਸਹਾਇਤਾ ਤੋਂ ਇਲਾਵਾ ਫੌਜੀ ਮੱਦਦ ਸ਼ਾਮਿਲ ਹੈ। ਰਿਪਬਲੀਕਨ ਸੈਨੇਟਰ ਰੈਂਡ ਪਾਲ ਦੇ ਵਿਰੋਧ ਕਾਰਨ ਸਹਾਇਤਾ ਪੈਕੇਜ਼ ਨੂੰ ਹਰੀ ਝੰਡੀ ਦੇਣ ਵਿੱਚ ਕਈ ਦਿਨਾਂ ਦੀ ਦੇਰੀ ਹੋਈ ਹੈ। ਪਾਲ ਨੇ ਇਸ ਪੈਕੇਜ਼ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਅਸੀਂ ਅਜਿਹੇ ਪਾਗਲਾਂ ਵਾਲੇ ਸਹਾਇਤਾ ਪੈਕੇਜ਼ ਬੰਦ ਨਹੀਂ ਕਰਦੇ ਤਾਂ ਇਕ ਦਿਨ ਸਾਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਪਾਲ ਨੂੰ ਛੱਡ ਕੇ ਜਿਆਦਾਤਰ ਰਿਪਬਲੀਕਨਾਂ ਨੇ ਸਹਾਇਤਾ ਪੈਕੇਜ਼ ਪ੍ਰਵਾਨ ਕਰਨ ਵਿੱਚ ਡੈਮੋਕਰੈਟਿਕ ਮੈਂਬਰਾਂ ਦਾ ਸਾਥ ਦਿੱਤਾ। ਰਾਸ਼ਟਰਪਤੀ ਜੋਇ ਬਾਈਡਨ ਦੇ ਦਸਤਖਤਾਂ ਉਪਰੰਤ ਯੁਕਰੇਨ ਨੂੰ ਸਹਾਇਤਾ ਦੇਣ ਲਈ ਰਾਹ ਪੱਧਰਾ ਹੋ ਜਾਵੇਗਾ। ਬਾਈਡਨ ਵੱਲੋਂ ਸ਼ੁਰੂ ਵਿਚ ਕੀਤੀ ਗਈ ਬੇਨਤੀ ਦੀ ਤੁਲਨਾ ਵਿੱਚ ਇਹ ਪੈਕੇਜ਼ 7 ਬਿਲੀਅਨ ਡਾਲਰ ਜਿਆਦਾ ਹੈ। ਪੈਕੇਜ਼ ਤਹਿਤ 20 ਬਿਲੀਅਨ ਡਾਲਰ ਦੇ ਹਥਿਆਰ, ਖੁਫੀਆ ਜਾਣਕਾਰੀ ਤੇ ਸਿਖਲਾਈ ਦਿੱਤੀ ਜਾਵੇਗੀ ਜਦ ਕਿ 14 ਬਿਲੀਅਨ ਡਾਲਰ ਅਨਾਜ਼ ਸਹਾਇਤਾ, ਰਫਿਊਜ਼ੀ ਸਹਾਇਤਾ ਤੇ ਹੋਰ ਕੂਟਨੀਤਿਕ ਪ੍ਰੋਗਰਾਮਾਂ ਉਪਰ ਖਰਚ ਹੋਣਗੇ। ਇਸ ਤੋਂ ਪਹਿਲਾਂ ਮਾਰਚ ਵਿਚ ਸੈਨੇਟ ਨੇ ਯੁਕਰੇਨ ਦੀ ਮੱਦਦ ਲਈ 13.6 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ਼ ਨੂੰ ਪ੍ਰਵਾਨਗੀ ਦਿੱਤੀ ਸੀ।
ਪੈਕੇਜ਼ ਉਪਰ ਵੋਟਾਂ ਪੈਣ ਤੋਂ ਪਹਿਲਾਂ ਸੈਨੇਟ ਦੇ ਬਹੁਗਿਣਤੀ ਆਗੂ ਚੁੱਕ ਸ਼ੂਮਰ (ਡੈਮੋਕਰੈਟਿਕ) ਨੇ ਕਿਹਾ ਕਿ ਇਹ ਪੈਕੇਜ਼ ਯੁਕਰੇਨੀ ਲੋਕਾਂ ਲਈ ਵੱਡੀ ਪੱਧਰ ਉਪਰ ਮੱਦਦਗਾਰ ਸਾਬਤ ਹੋਵੇਗਾ ਜੋ ਆਪਣੇ ਆਪ ਨੂੰ ਜਿੰਦਾ ਰਖਣ ਵਾਸਤੇ ਜਦੋਜਹਿਦ ਕਰ ਰਹੇ ਹਨ। ਉਨਾਂ ਕਿਹਾ ਇਹ ਜੰਗ ਹੈ ਜਿਸ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਡੈਮੋਕਰੈਟਿਕ ਆਗੂ ਸ਼ੂਮਰ ਤੇ ਜੀ ਓ ਪੀ ਲੀਡਰ (ਰਿਪਬਲੀਕਨ) ਮਿਚ ਮੈਕੋਨੈਲ ਨੇ ਇਕ ਅਨੂਠੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸੈਨੇਟ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹਾਇਤਾ ਪੈਕੇਜ਼ ਦੇ ਹੱਕ ਵਿਚ ਵੋਟ ਪਾਉਣ ਕਿਉਂਕਿ ਪਸ਼ਾਸਨਿਕ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪਹਿਲੀ ਸਹਾਇਤਾ ਇਸ ਹਫਤੇ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਨਥਨੀ ਬਲਿੰਕਨ ਤੇ ਰਖਿਆ ਮੰਤਰੀ ਲਾਇਡ ਆਸਟਿਨ ਨੇ ਸਾਂਝੇ ਤੌਰ 'ਤੇ ਪੱਤਰ ਲਿਖ ਕੇ ਸੈਨੇਟ ਨੂੰ ਸਹਾਇਤਾ ਪੈਕੇਜ਼ ਉਪਰ ਤੁਰੰਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਸੀ।
Comments (0)