ਅਮਰੀਕਾ ਵਿਚ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੇ ਤਿੰਨ ਹੋਰ ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੇ ਤਿੰਨ ਹੋਰ ਜ਼ਖਮੀ
ਕੈਪਸ਼ਨ : ਸਮਿਥਸਬਰਗ ਦੇ ਉੱਤਰ ਵਿਚ ਇਕ ਨਿਰਮਾਣ ਇਕਾਈ ਵਿਚ ਹੋਈ ਗੋਲੀਬਾਰੀ ਉਪਰੰਤ ਮੌਕੇ ਉਪਰ ਪੁੱਜੇ ਪੁਲਿਸ ਤੇ ਹੋਰ ਏਜੰਸੀਆਂ ਦੇ ਅਧਿਕਾਰੀ

* ਜ਼ਖਮੀਆਂ ਵਿਚ ਸ਼ੱਕੀ ਹਮਲਾਵਾਰ ਤੇ ਇਕ ਪੁਲਿਸ ਜਵਾਨ ਵੀ ਸ਼ਾਮਿਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 10 ਜੂਨ (ਹੁਸਨ ਲੜੋਆ ਬੰਗਾ)- ਸਮਿਥਸਬਰਗ ਦੇ ਉੱਤਰ ਵਿਚ ਇਕ ਨਿਰਮਾਣ ਇਕਾਈ ਵਿਚ ਹੋਈ ਗੋਲੀਬਾਰੀ ਵਿਚ ਘੱਟੋ ਘੱਟ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਵਿਚ ਸ਼ੱਕੀ ਹਮਲਾਵਰ ਤੇ ਮੈਰੀਲੈਂਡ ਸਟੇੇਟ ਪੁਲਿਸ ਦਾ ਇਕ ਜਵਾਨ ਸ਼ਾਮਿਲ ਹੈ। ਵਾਸ਼ਿੰਗਟਨ ਕਾਊਂਟੀ ਸ਼ੈਰਿਫ ਦਫਤਰ ਦੇ ਸਾਰਜੈਂਟ ਕਾਰਲੀ ਹੋਜ ਅਨੁਸਾਰ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਘਟਨਾ ਸਥਾਨ ਕੋਲੰਬੀਆ ਮਸ਼ੀਨ ਵਿਖੇ ਪੁੱਜੀ ਤਾਂ ਉਸ ਨੂੰ 6 ਵਿਅਕਤੀ ਗੋਲੀਆਂ ਵੱਜਣ ਕਾਰਨ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਵਿਚੋਂ 3 ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਬਾਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਹਮਲਵਾਰ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦਾ ਸਟੇਟ ਪੁਲਿਸ ਦੇ ਇਕ ਜਵਾਨ ਨੇ ਪਿੱਛਾ ਕੀਤਾ। ਦੋਨਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਦੋਨੋ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਜਵਾਨ ਦੇ ਮੋਢੇ ਵਿਚ ਗੋਲੀ ਵੱਜੀ ਹੈ ਜਦ ਕਿ ਦੋਨਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।