ਕੈਲੀਫੋਰਨੀਆਂ ਹਾਕਸ ਫੀਲਡ ਹਾਕੀ ਕਲੱਬ ਫਰਿਜਨੋ ਨੇ ਜਿੱਤਿਆ ਸੈਕਰਾਮੈਂਟੋ ਟੂਰਨਾਮੈਂਟ
ਅੰਮ੍ਰਿਤਸਰ ਟਾਈਮਜ਼
ਫਰਿਜਨੋ (ਕੈਲੀਫੋਰਨੀਆਂ): ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਸਥਾਨਿਕ ਕੈਲੀਫੋਰਨੀਆਂ ਹਾਕਸ ਫੀਲਡ ਹਾਕੀ ਕਲੱਬ ਨੇ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਸਕਰਾਮੈਂਟੋ ਵਿਖੇ ਸ਼ਾਨਦਾਰ ਹਾਕੀ ਖੇਡਦਿਆਂ ਪਹਿਲਾ ਸਥਾਨ ਹਾਂਸਲ ਕਰਕੇ ਕੱਪ ਆਪਣੇ ਨਾਮ ਕੀਤਾ। ਜਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਪਲੇਅਰਾਂ ਦੇ ਨਾਲ ਨਾਲ ਚੋਟੀ ਦੇ ਅਮਰੀਕਨ ਖਿਡਾਰੀਆਂ ਨੇ ਵੀ ਹਿੱਸਾ ਲਿਆ। ਇਸ ਟੂਰਨਾਮੈਂਟ ਦੌਰਾਨ ਕੈਲੀਫੋਰਨੀਆਂ ਹਾਕਸ ਫੀਲਡ ਹਾਕੀ ਕਲੱਬ ਫਰਿਜਨੋ ਦੇ ਸ਼ਾਨਦਾਰ ਪ੍ਰਦ੍ਰਸ਼ਨ ਦੀ ਬਦੌਲਤ ਕੈਲੀਫੋਰਨੀਆਂ ਫੀਲਡ ਹਾਕੀ ਕਲੱਬ ਫਰਿਜਨੋ ਨੇ ਫ਼ਾਈਨਲ ਮੁਕਾਬਲੇ ਦੌਰਾਨ ਫੇਅਰ-ਫੀਲਡ ਹਾਕੀ ਕਲੱਬ ਨੂੰ 6-1 ਦੇ ਵੱਡੇ ਅੰਤਰ ਨਾਲ ਹਰਾਕੇ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਲਿਆ, ਅਤੇ ਗੋਲ਼ਡ ਕੱਪ ਆਪਣੇ ਨਾਮ ਕੀਤਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕ.ਹ.ਫ.ਹ.ਕ ਫਰਿਜਨੋ ਦੀ ਸੀਨੀਅਰ ਟੀਮ ਦੇ ਨਾਲ ਨਾਲ 12 ਸਾਲ ਤੋ ਛੋਟੀ ਉਮਰ ਦੇ ਬੱਚਿਆਂ ਨੇ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਹਾਲਾਂਕਿ ਬੱਚਿਆ ਦਾ ਸਿਰਫ ਇੱਕ ਹੀ ਮੈਚ ਕਰਵਾਇਆ ਗਿਆ, ਇਸ ਸ਼ੋਅ ਮੈਚ ਵਿੱਚ ਵੀ ਬੱਚਿਆਂ ਨੇ ਸੋਹਣੀ ਖੇਡ ਦਾ ਮੁਜ਼ਾਹਰਾ ਕਰਦੇ ਹੋਈ ਪਹਿਲੇ ਸਥਾਨ ਲਈ ਮੈਡਲ ਹਾਂਸਲ ਕੀਤੇ।
ਪਿਛਲੇ ਕਾਫ਼ੀ ਸਮੇਂ ਤੋ ਫਰਿਜਨੋ ਦੇ ਹਾਕੀ ਪ੍ਰੇਮੀਆਂ ਨੇ ਬੱਚਿਆ ਨੂੰ ਹਾਕੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਹੋਈ ਹੈ। ਇਸੇ ਸਿਖਲਾਈ ਦੀ ਬਦੌਲਤ ਇਹ ਬੱਚੇ ਹਰ ਟੂਰਨਾਮੈਂਟ ਵਿੱਚ ਜਾਕੇ ਨਾ-ਸਿਰਫ ਆਪਣੀ ਹਾਜ਼ਰੀ ਲਵਾ ਰਹੇ ਨੇ, ਬਲਕਿ ਵੱਡੀਆਂ ਮੱਲ੍ਹਾਂ ਵੀ ਮਾਰ ਰਹੇ ਨੇ। ਇਹਨਾਂ ਦੇ ਕੋਚ ਵਧਾਈ ਦੇ ਪਾਤਰ ਹਨ, ਜਿਹੜੇ ਆਪਣਾ ਕੀਮਤੀ ਸਮਾਂ ਕੱਢਕੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ। ਕ.ਹ.ਫ.ਹ.ਕ ਫਰਿਜਨੋ ਬੱਚਿਆ ਦੀ ਟੀਮ ਵਿੱਚ ਦੋ ਸਕੀਆਂ ਭੈਣਾਂ ਪ੍ਰੀਤੀ ਅਤੇ ਦੀਪ ਦੀ ਖੇਡ ਦੇ ਚਰਚੇ ਪਹਿਲਾਂ ਹੀ ਸਿੱਖਰਾਂ ਤੇ ਹਨ। ਅਮਰੀਕਾ ਦੀ ਹਾਕੀ ਟੀਮ ਦੇ ਕੋਚ ਨੇ ਇਹਨਾਂ ਭੈਣਾਂ ਦੀ ਯੋਗਤਾ ਨੂੰ ਵੇਖਕੇ ਕਿਹਾ ਸੀ ਕਿ ਇਹ ਬੱਚੀਆਂ ਇੱਕ ਦਿਨ ਅਮਰੀਕੀ ਨੈਸ਼ਨਲ ਹਾਕੀ ਟੀਮ ਲਈ ਖੇਡਣਗੀਆ।
ਸੈਕਰਾਮੈਂਟੋ ਕੱਪ ਤੇ ਪ੍ਰੀਤ ਅਤੇ ਦੀਪ ਨੇ ਐਸੀ ਉੱਚ-ਕੋਟੀ ਦੀ ਖੇਡ ਖੇਡੀ ਕਿ 1990 ਦੇ ਦਹਾਕੇ ਦੇ ਚੋਟੀ ਦੇ ਖਿਡਾਰੀ ਰਜ਼ੇਸ਼ ਚੌਹਾਨ, ਨਾਮਧਾਰੀ- XI ਦੇ ਗੁਰਦੀਪ ਸਿੰਘ ਅਤੇ ਉਲੰਪੀਅਨ ਬਲਜੀਤ ਸਿੰਘ ਸੈਣੀ ਵੀ ਇਹਨਾਂ ਦੀ ਤਰੀਫ਼ ਕਰਨੋਂ ਰਹਿ ਨਾ ਸਕੇ, ਅਤੇ ਕੋਲੋ ਇਨਾਮ ਦੇਕੇ ਬੱਚੀਆਂ ਦੀ ਹੌਂਸਲਾ ਅਫਜਾਈ ਕੀਤੀ। ਫਰਿਜਨੋ ਕਲੱਬ ਦੇ ਮੈਬਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਅਗਰ ਕੋਈ ਸੱਜਣ ਮਿੱਤਰ ਆਪਣੇ ਜਾਂ ਆਂਢ-ਗੁਆਂਢ ਦੇ ਬੱਚਿਆ ਨੂੰ ਹਾਕੀ ਦੀ ਸਿਖਲਾਈ ਦਿਵਾਉਣਾ ਚਾਹੇ ਤਾਂ ਸਾਡੇ ਕੋਚ ਸਾਹਿਬਾਨ ਸ. ਪਰਮਿੰਦਰ ਸਿੰਘ ਰਾਏ, ਹਰਪ੍ਰੀਤ ਜਨੇਜਾ, ਕੋਚ ਗਿੱਲ, ਕੋਚ ਸਿਮਰ ਜਾ ਜਗਦੀਪ ਸਿੰਘ ਬੱਲ ਨਾਲ 559-394-8939 ਤੇ ਸੰਪਰਕ ਕਰ ਸਕਦਾ ਹੈ।
Comments (0)