ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਜਨਮ ਦਿਨ ਪਾਰਟੀ ਮੌਕੇ ਚੱਲੀਆਂ ਗੋਲੀਆਂ ਨਾਲ ਇਕ ਮੌਤ 8 ਹੋਰ ਜ਼ਖਮੀ

ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਜਨਮ ਦਿਨ ਪਾਰਟੀ ਮੌਕੇ ਚੱਲੀਆਂ ਗੋਲੀਆਂ ਨਾਲ ਇਕ ਮੌਤ 8 ਹੋਰ ਜ਼ਖਮੀ
ਕੈਪਸ਼ਨ ਪੱਛਮੀ ਫਿਲਾਡੈਲਫੀਆ ਵਿਚ ਗੋਲੀ ਚੱਲਣ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਪੱਛਮੀ ਫਿਲਾਡੈਲਫੀਆ ਸ਼ਹਿਰ ਵਿਚ ਇਕ ਜਨਮ ਦਿਨ ਬਲਾਕ ਪਾਰਟੀ ਦੌਰਾਨ ਤੜਕਸਾਰ ਗੋਲੀ ਚੱਲ ਜਾਣ ਦੇ ਸਿੱਟੇ ਵਜੋਂ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਗੋਲੀਬਾਰੀ ਵਿਚ ਇਕ 19 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਦੇ ਚੇਹਰੇ ਤੇ ਸਰੀਰ ਉਪਰ ਗੋਲੀਆਂ ਵੱਜੀਆਂ ਹਨ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀਬਾਰੀ ਦੌਰਾਨ ਇਕ ਤੋਂ ਵਧ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਇਹ ਘਟਨਾ ਅੱਧੀ ਰਾਤ ਤੋਂ ਬਾਅਦ 1.30 ਵਜੇ ਤੜਕਸਾਰ ਵਾਪਰੀ। ਫਿਲਾਡੈਲਫੀਆ ਪੁਲਿਸ ਦੇ ਇਕ ਬੁਲਾਰੇ ਅਨੁਸਾਰ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਥੇ ਭਾਰੀ ਭੀੜ ਮੌਜੂਦ ਸੀ ਤੇ ਪੀੜਤਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਬੁਲਾਰੇ ਅਨੁਸਾਰ ਅਜੇ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਨਾ ਹੀ ਗੋਲੀ ਚੱਲਣ ਦਾ ਕਾਰਨ ਸਪੱਸ਼ਟ ਹੋ ਸਕਿਆ ਹੈ। ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਕਿੰਨੇ ਸਨ। ਪੁਲਿਸ ਅਨੁਸਾਰ ਮੌਕੇ ਤੋਂ 4 ਦਰਜਨ ਤੋਂ ਵਧ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਹਨ। 8 ਪੀੜਤ ਜਿਨਾਂ ਵਿਚ 5 ਔਰਤਾਂ , 2 ਲੜਕੀਆਂ ਤੇ 1 ਵਿਅਕਤੀ ਸ਼ਾਮਿਲ ਹੈ, ਜੇਰੇ ਇਲਾਜ ਹਨ। ਮੌਕੇ ਉਪਰ ਮੌਜੂਦ ਲੋਕਾਂ ਅਨੁਸਾਰ ਗੋਲੀਆਂ ਚੱਲਣ ਉਪਰੰਤ ਪਾਰਟੀ ਵਿਚ ਹਫੜਾ ਦਫੜੀ ਮੱਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਗਏ। ਇਸ ਦੌਰਾਨ ਵੀ ਕਈ ਲੋਕਾਂ ਦੇ ਜਖਮੀ ਹੋਣ ਦੀ ਰਿਪਰੋਟ ਹੈ।