ਰੇਲ ਹਾਦਸੇ ਵਾਲੇ ਸਥਾਨ ਦੇ ਆਸ ਪਾਸ ਹਵਾ ਤੇ ਪਾਣੀ ਦੀ ਗੁਣਵਤਾ ਕਾਇਮ * ਦੂਸਰੇ ਦਿਨ ਵੀ ਧੁੱਖ ਰਹੀ ਹੈ ਅੱਗ

ਰੇਲ ਹਾਦਸੇ ਵਾਲੇ ਸਥਾਨ ਦੇ ਆਸ ਪਾਸ ਹਵਾ ਤੇ ਪਾਣੀ ਦੀ ਗੁਣਵਤਾ ਕਾਇਮ * ਦੂਸਰੇ ਦਿਨ ਵੀ ਧੁੱਖ ਰਹੀ ਹੈ ਅੱਗ
ਕੈਪਸ਼ਨ : ਰੇਲ ਹਾਦਸੇ ਦੇ ਦੂਸਰੇ ਦਿਨ ਵੀ ਸੜ ਰਹੇ ਰੇਲ ਡੱਬੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪੂਰਬੀ ਪੇਲਸਟਾਈਨ,ਓਹੀਓ ਵਿਚ ਬੀਤੇ ਦਿਨ ਹੋਏ ਭਿਆਨਕ ਰੇਲ ਹਾਦਸੇ ਉਪਰੰਤ ਲੱਗੀ ਅੱਗ ਦੂਸਰੇ ਦਿਨ ਵੀ ਪੂਰੀ ਤਰਾਂ ਨਹੀਂ ਬੁੱਝੀ। ਰੇਲ ਗੱਡੀ ਸੜ ਕੇ ਪੂਰੀ ਤਰਾਂ ਸਵਾਹ ਹੋ ਗਈ ਹੈ। ਪੇਲਸਟਾਈਨ ਦੇ ਮੇਅਰ ਟਰੈਂਟ ਕੋਨਾਵੇਅ ਨੇ ਸਥਾਨਕ ਵਾਸੀਆਂ ਨੂੰ ਯਕੀਨ ਨਾਲ ਕਿਹਾ ਹੈ ਕਿ ਰੇਲ ਗੱਡੀ ਨੂੰ ਲੱਗੀ ਅੱਗ ਕਾਰਨ ਨਿਕਲੇ ਜਬਰਦਸਤ ਧੂੰਏਂ ਦਾ ਆਸ ਪਾਸ ਦੇ ਖੇਤਰ ਵਿਚ ਹਵਾ ਤੇ ਪਾਣੀ ਉਪਰ ਬੁਰਾ ਅਸਰ ਨਹੀਂ ਪਿਆ ਹੈ। ਅਧਿਕਾਰੀ ਵਾਤਾਵਰਣ ਉਪਰ ਨਿਰੰਤਰ ਨਜਰ ਰਖ ਰਹੇ ਹਨ। ਮੇਅਰ ਨੇ ਪੂਰਬੀ ਪੇਲਸਟਾਈਨ ਦੇ ਸਕੂਲ ਇਕ ਦਿਨ ਲਈ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਰੇਲ ਗੱਡੀ ਦੇ ਕੁਲ 100 ਡੱਬੇ ਸਨ ਜਿਨਾਂ ਵਿਚੋਂ 20 ਡੱਬਿਆਂ ਵਿਚ ਖਤਰਨਾਕ ਸਮੱਗਰੀ ਭਰੀ ਹੋਈ ਸੀ। ਪੱਟੜੀ ਤੋਂ ਲੱਥੇ 10 ਡੱਬਿਆਂ ਵਿਚੋਂ 5 ਟੈਂਕਾਂ ਵਿਚ ਵਿਨਾਇਲ ਕਲੋਰਾਈਡ ਭਰਿਆ ਹੋਇਆ ਸੀ ਜੋ ਸਨਅਤੀ ਰਸਾਇਣ ਹੈ। ਸਮਝਿਆ ਜਾਂਦਾ ਹੈ ਕਿ ਇਹ ਰਸਾਇਣ ਹੀ ਅੱਗ ਲੱਗਣ ਦਾ ਕਾਰਨ ਬਣਿਆ ਹੈ।