ਟੈਕਸਾਸ ਵਿਚ ਵਾਲਮਾਰਟ ਸਟੋਰ ਵਿੱਚ ਕਤਲੇਆਮ ਦੇ ਦੋਸ਼ੀ ਪੈਟਰਿਕ ਨੇ ਆਪਣਾ ਗੁਨਾਹ ਕਬੂਲਿਆ
* 2019 ਵਿਚ ਹੋਈਆਂ ਸਨ 23 ਹੱਤਿਆਵਾਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਐਲ ਪਾਸੋ, ਟੈਕਸਾਸ ਵਿਚ ਇਕ ਵਾਲਮਾਰਟ ਸਟੋਰ ਵਿਚ ਅੰਧਾਧੁੰਦ ਗੋਲੀਆਂ ਚਲਾ ਕੇ 23 ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੱਕੀ ਦੋਸ਼ੀ 24 ਸਾਲਾ ਪੈਟਰਿਕ ਕਰੂਸੀਅਸ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਲਿਆ ਹੈ। ਅਗਸਤ 2019 ਵਿਚ ਹੋਏ ਇਸ ਕਤਲੇਆਮ ਲਈ ਕਰੂਸੀਅਸ ਵਿਰੁੱਧ ਨਸਲੀ ਅਪਰਾਧ ਸਮੇਤ 90 ਦੋਸ਼ ਆਇਦ ਕੀਤੇ ਗਏ ਸਨ। ਜਦੋਂ ਜੱਜ ਨੇ 90 ਦੋਸ਼ ਪੜੇ ਤਾਂ ਕਰੂਸੀਅਸ ਚੁੱਪਚਾਪ ਸਿਰ ਹੇਠਾਂ ਕਰਕੇ ਖੜਾ ਰਿਹਾ ਤੇ ਆਪਣੇ ਸਾਹਮਣੇ ਪਏ ਮੇਜ਼ ਵੱਲ ਵੇਖਦਾ ਰਿਹਾ। ਇਨਾਂ ਦੋਸ਼ਾਂ ਵਿਚ ਮਾਰੇ ਗਏ ਤੇ ਬਚ ਗਏ ਜ਼ਖਮੀਆਂ ਦੇ ਨਾਂ ਵੀ ਸ਼ਾਮਿਲ ਸਨ। ਆਪਣੇ ਅਟਾਰਨੀ ਦੇ ਨਾਲ ਬੈਠੇ ਕਰੂਸੀਅਸ ਨੂੰ ਖੜੇ ਹੋ ਕੇ ਆਪਣਾ ਗੁਨਾਹ ਕਬੂਲਣ ਲਈ ਕਿਹਾ ਗਿਆ। ਜਿਸ ਉਪਰੰਤ ਉਸ ਨੇ ਅਜਿਹਾ ਹੀ ਕੀਤਾ। ਇਸ ਮਾਮਲੇ ਵਿਚ ਕੋਈ ਗਵਾਹ ਨਹੀਂ ਸੀ। ਪਿਛਲੇ ਮਹੀਨੇ ਸੰਘੀ ਵਕੀਲਾਂ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰਨਗੇ। ਇਸ ਉਪਰੰਤ ਮਾਮਲੇ ਵਿਚ ਮੋੜ ਆਇਆ। ਜੱਜ ਨੇ ਕਿਹਾ ਕਿ ਸੰਘੀ ਮੁਕੱਦਮਾ ਜਨਵਰੀ 2024 ਵਿਚ ਸ਼ੁਰੂ ਹੋਣਾ ਸੀ ਪਰੰਤੂ ਹੁਣ ਕਰੂਸੀਅਸ ਨੇ ਆਪਣਾ ਗੁਨਾਹ ਕਬੂਲ ਲਿਆ ਹੈ ਇਸ ਲਈ ਜੂਨ ਵਿਚ ਸਜ਼ਾ ਦੀ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।
Comments (0)