ਫਲੋਰਿਡਾ ਵਿਚ ਸਮੁੰਦਰੀ ਤੂਫਾਨ ਨੇ ਮਚਾਈ ਭਾਰੀ ਤਬਾਹੀ, 32 ਮੌਤਾਂ ਦੀ ਪੁਸ਼ਟੀ

ਫਲੋਰਿਡਾ ਵਿਚ ਸਮੁੰਦਰੀ ਤੂਫਾਨ ਨੇ ਮਚਾਈ ਭਾਰੀ ਤਬਾਹੀ, 32 ਮੌਤਾਂ ਦੀ ਪੁਸ਼ਟੀ
ਕੈਪਸ਼ਨ: ਸਮੁੰਦਰੀ ਤੂਫਾਨ ਵਿਚ ਤਬਾਹ ਹੋਏ ਘਰ ਤੇ ਨਜਰ ਆ ਰਿਹਾ ਹੜ ਦਾ ਪਾਣੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 2 ਅਕਤੂਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਫਲੋਰਿਡਾ  ਰਾਜ  ਚ ਆਏ ਸਮੁੰਦਰੀ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਹੁਣ ਤੱਕ ਤੂਫਾਨ ਦੀ ਲਪੇਟ ਵਿਚ  ਆ ਕੇ 32 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਫਲੋਰਿਡਾ ਵਿਚ 28 ਤੇ ਉਤਰੀ ਕਾਰੋਲੀਨਾ ਵਿਚ 4 ਜਣਿਆਂ ਦੀ ਮੌਤ ਹੋਈ ਹੈ। ਅਜੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਸਰਵੇ ਕੀਤਾ ਜਾਣਾ ਹੈ ਪਰੰਤੂ ਮਿਲੀ ਜਾਣਕਾਰੀ ਅਨੁਸਾਰ ਤੂਫਾਨ ਕਾਰਨ ਭਾਰੀ ਆਰਥਕ ਨੁਕਸਾਨ ਹੋਇਆ ਹੈ। ਨੈਸ਼ਨਲ ਗਾਰਡ ਦੇ ਮੁੱਖੀ ਡੈਨੀਏਲ ਹੋਕਾਨਸਨ ਨੇ ਕਿਹਾ ਹੈ ਕਿ  ਫਲੋਰਿਡਾ ਦੇ ਦੱਖਣ ਪੱਛਮੀ ਕੰਢੇ 'ਤੇ ਫੱਸੇ 1000 ਤੋਂ ਵਧ ਲੋਕਾਂ ਨੂੰ ਬਚਾਇਆ ਗਿਆ ਹੈ । ਫਲੋਰਿਡਾ ਵਿਚ 10 ਲੱਖ ਤੋਂ ਵਧ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੈ ਜਦ ਕਿ ਉੱਤਰੀ ਕਾਰੋਲੀਨਾ ਵਿਚ 64000 ਤੋਂ ਵਧ ਤੇ ਵਿਰਜੀਨੀਆ ਵਿਚ 21000 ਤੋਂ ਵਧ ਘਰਾਂ ਵਿਚ ਬਿਜਲੀ ਨਹੀਂ ਹੈ। ਦੱਖਣੀ ਕਾਰੋਲੀਨਾ ਵਿਚ ਹਾਲਾਂ ਕਿ ਤੂਫਾਨ ਥਮ ਗਿਆ ਪਰੰਤੂ 7000 ਘਰ ਅਜੇ ਵਿਚ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਗਵਰਨਰ ਹੈਨਰੀ ਮੈਕਮਾਸਟਰ ਨੇ ਕਿਹਾ ਹੈ ਕਿ ਦੱਖਣੀ ਕਾਰੋਲੀਨਾ ਵਿਚ ਤੂਫਾਨ ਕਾਰਨ ਮੌਤ ਦੀ ਕੋਈ ਸੂਚਨਾ ਨਹੀਂ ਹੈ ਤੇ ਹਾਲਾਂ ਕਿ ਕੁਝ ਥਾਵਾਂ 'ਤੇ ਭਾਰੀ ਤਬਾਹੀ ਹੋਈ ਹੈ ਪਰੰਤੂ ਕੁਲ ਮਿਲਾ ਕੇ ਇਥੇ ਨੁਕਸਾਨ ਘੱਟ ਹੋਇਆ ਹੈ।