ਚੋਣ ਜਿੱਤਿਆ ਤਾਂ ਚੋਣਵੇਂ ਦੇਸ਼ਾਂ ਦੇ ਮੁਸਲਮਾਨਾਂ ਉਪਰ ਅਮਰੀਕਾ ਵਿਚ ਯਾਤਰਾ ਉਪਰ ਮੁੜ ਲਗਾਵਾਂਗਾ ਪਾਬੰਦੀ : ਟਰੰਪ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਿਮ ਬਹੁਗਿਣਤੀ ਵਾਲੇ ਕੁਝ ਚੋਣਵੇਂ ਦੇਸ਼ਾਂ ਦੇ ਲੋਕਾਂ ’ਤੇ ਵਿਵਾਦਮਈ ਯਾਤਰਾ ਪਾਬੰਦੀ ਮੁੜ ਸ਼ੁਰੂ ਕਰਨ ਦੀ ਕਸਮ ਖਾਧੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਣਦੇ ਹੀ ਉਹ ਪਹਿਲੇ ਦਿਨ ਤੋਂ ਇਹ ਪਾਬੰਦੀ ਮੁੜ ਲਾਗੂ ਕਰਨਗੇ। ਇਸ ਬਿਆਨ ਦੀ ਵ੍ਹਾਈਟ ਹਾਊਸ ਨੇ ਆਲੋਚਨਾ ਕੀਤੀ ਹੈ। ਟਰੰਪ ਬੀਤੇ ਦਿਨੀਂ ਰਿਪਬਲਿਕਨ ਯਹੂਦੀ ਗਠਜੋੜ ਦੇ ਸਾਲਾਨਾ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਸੀ ਕਿ ਅਸੀਂ ਯਾਤਰਾ ’ਤੇ ਪਾਬੰਦੀ ਇਸ ਲਈ ਲਗਾਈ ਸੀ ,ਕਿਉਂਕਿ ਅਸੀਂ ਨਹੀਂ ਚਾਹੁੰਦੇ ਸਨ ਕਿ ਅਮਰੀਕਾ ਵਿਚ ਅਜਿਹੇ ਲੋਕ ਆਉਣ ਜਿਹੜੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਬੇਮਿਸਾਲ ਕਾਮਯਾਬੀ ਸੀ।
ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੇ ਕਿਹਾ ਕਿ ਸਾਡੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਇਕ ਵੀ ਘਟਨਾ ਨਹੀਂ ਵਾਪਰੀ ਕਿਉਂਕਿ ਅਸੀਂ ਬੁਰੇ ਲੋਕਾਂ ਨੂੰ ਦੇਸ਼ ਵਿਚੋਂ ਬਾਹਰ ਰੱਖਿਆ। ਜ਼ਿਕਰਯੋਗ ਹੈ ਕਿ 2017 ਵਿਚ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਈਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ ਤੇ ਸ਼ੁਰੂਆਤ ’ਚ ਇਰਾਕ ਤੇ ਸੂਡਾਨ ਤੋਂ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਸੀ।
ਹਾਲਾਂਕਿ ਜਦੋਂ ਜੋਅ ਬਾਇਡਨ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਪਾਬੰਦੀ ਹਟਾ ਦਿੱਤੀ ਸੀ। ਉੱਧਰ, ਰਿਪਬਲਿਕਨ ਅਹੁਦੇ ਦੀ ਉਮੀਦਵਾਰੀ ਲਈ ਮੁਕਾਬਲਾ ਕਰ ਰਹੀ ਭਾਰਤਵੰਸ਼ੀ ਨਿੱਕੀ ਹੇਲੀ ਨੇ ਟਰੰਪ ’ਤੇ ਨਿਸ਼ਾਨਾ ਵਿੰਨਿਆ। ਉਨ੍ਹਾਂ ਕਿਹਾ ਕਿ 2024 ਦੀ ਚੋਣ ਵਿਚ ਡੋਨਾਲਡ ਟਰੰਪ ਦੀ ਜਿੱਤ ਦਾ ਨਤੀਜਾ ਚਾਰ ਸਾਲ ਦੀ ਅਰਾਜਕਤਾ, ਬਦਲੇ ਤੇ ਨਾਟਕ ਹੋਣਗੇ ਜੋ ਅਮਰੀਕਾ ਲਈ ਖ਼ਤਰਨਾਕ ਸਾਬਤ ਹੋਵੇਗਾ।
Comments (0)