ਡੋਨਲਡ ਟਰੰਪ ਦੀ ਰਿਹਾਇਸ਼ ਤੇ ਕਲੱਬ ਤੋਂ ਗੁਪਤ ਤੇ ਅੱਤ ਗੁਪਤ ਦਸਤਾਵੇਜ ਬਰਾਮਦ ਹੋਏ
*ਸਾਬਕਾ ਰਾਸ਼ਟਰਪਤੀ ਦੇ ਹਥਿਆਰਬੰਦ ਸਮਰਥਕ ਵੱਲੋਂ ਐਫ ਬੀ ਆਈ ਦੇ ਦਫਤਰ ਵਿਚ ਦਾਖਲ ਹੋਣ ਦਾ ਯਤਨ ਨਾਕਾਮ, ਮਾਰਿਆ ਗਿਆ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 13 ਅਗਸਤ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜਰ ਆ ਰਹੀਆਂ ਹਨ। ਐਫ ਬੀ ਆਈ ਵੱਲੋਂ ਸਾਬਕਾ ਰਾਸ਼ਟਰਪਤੀ ਦੀ ਫਲੋਰਿਡਾ ਸਥਿੱਤ ਨਿੱਜੀ ਕਲੱਬ ਤੇ ਰਿਹਾਇਸ਼ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਅਮਰੀਕੀ ਸਰਕਾਰ ਨੇ ਅਹਿਮ ਦਸਤਾਵੇਜ਼ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਬਰਾਮਦ ਦਸਤਾਵੇਜ਼ਾਂ ਵਿਚ ਗੁਪਤ ਤੇ ਅੱਤ ਗੁਪਤ ਦਸਤਾਵੇਜ਼ ਸ਼ਾਮਿਲ ਹਨ ਹਾਲਾਂ ਕਿ ਇਸ ਸਬੰਧੀ ਕੋਈ ਸਪੱਸ਼ਟ ਵੇਰਵਾ ਨਹੀਂ ਦਿੱਤਾ ਹੈ। ਇਸੇ ਦੌਰਾਨ ਟਰੰਪ ਸਮਰਥਕ ਸੋਸ਼ਲ ਮੀਡੀਆ ਉਪਰ ਜਾਂਚ ਏਜੰਸੀ ਐਫ ਬੀ ਆਈ ਵਿਰੁੱਧ ਮਾਹੌਲ ਬਣਾਉਣ ਦਾ ਯਤਨ ਕਰ ਰਹੇ ਹਨ ਤੇ ਲੋਕਾਂ ਨੂੰ ਉਸ ਵਿਰੁੱਧ ਹਿੰਸਾ ਲਈ ਉਕਸਾ ਰਹੇ ਹਨ।
ਐਫ ਬੀ ਆਈ ਦੇ ਦਫਤਰ ਵਿਚ ਦਾਖਲ ਹੋਣ ਦਾ ਯਤਨ ਨਾਕਾਮ-
ਟਰੰਪ ਸਮਰਥਕ ਇਕ ਹਥਿਆਰਬੰਦ ਸ਼ੱਕੀ ਵਿਅਕਤੀ ਨੇ ਐਫ ਬੀ ਆਈ ਦੇ ਓਹੀਓ ਦੇ ਸਿਨਸੀਨਾਟੀ ਖੇਤਰੀ ਦਫਤਰ ਵਿਚ ਦਾਖਲ ਹੋਣ ਦਾ ਨਾਕਾਮ ਯਤਨ ਕੀਤਾ। ਐਫ ਬੀ ਆਈ ਦੇ ਸਿਨਸੀਨਾਟੀ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੱਕ ਪੈਣ 'ਤੇ ਜਦ ਖਤਰੇ ਦਾ ਅਲਾਰਮ ਵਜਾਇਆ ਗਿਆ ਤਾਂ ਸ਼ੱਕੀ ਵਿਅਕਤੀ ਕਾਰ ਵਿਚ ਫਰਾਰ ਹੋ ਗਿਆ। ਪੁਲਿਸ ਤੇ ਲਾਅ ਇਨਫੋਰਸਮੈਂਟ ਅਫਸਰਾਂ ਨੇ ਉਸ ਦੀ ਕਾਰ ਦਾ ਪਿੱਛਾ ਕਰਕੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਉਪੰਰਤ ਉਹ ਮੌਕੇ ਉਪਰ ਹੀ ਦਮ ਤੋੜ ਗਿਆ। ਓਹੀਓ ਸਟੇਟ ਹਾਈਵੇਅ ਗਸ਼ਤੀ ਦਲ ਦੇ ਬੁਲਾਰੇ ਲੈਫਟੀਨੈਂਟ ਨਾਥਨ ਡੈਨਿਸ ਨੇ ਕਿਹਾ ਹੈ ਕਿ ਇਕ ਟਰੈਫਿਕ ਸਟਾਪ 'ਤੇ ਸ਼ੱਕੀ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰੰਤੂ ਉਹ ਨਹੀਂ ਰੁਕਿਆ ਜਿਸ ਉਪਰੰਤ ਉਸ ਦਾ ਪਿੱਛਾ ਕੀਤਾ ਗਿਆ ਜਿਸ ਦੌਰਾਨ ਸ਼ੱਕੀ ਨੇ ਆਪਣੀ ਕਾਰ ਵਿਚੋਂ ਪਿਛਾ ਕਰ ਰਹੇ ਪੁਲਿਸ ਅਫਸਰਾਂ ਉਪਰ ਗੋਲੀਆਂ ਚਲਾਈਆਂ। ਅੰਤ ਵਿਚ ਉਸ ਨੂੰ ਰੋਕ ਲਿਆ ਗਿਆ ਤੇ ਇਸ ਉਪਰੰਤ ਸ਼ੱਕੀ ਨੇ ਆਪਣੀ ਕਾਰ ਦੀ ਓਟ ਲੈ ਕੇ ਪੁਲਿਸ ਅਫਸਰਾਂ 'ਤੇ ਗੋਲੀਆਂ ਚਲਾਈਆਂ । ਪੁਲਿਸ ਅਫਸਰਾਂ ਦੀ ਜਵਾਬੀ ਕਾਰਵਾਈ ਵਿਚ ਉਹ ਮਾਰਿਆ ਗਿਆ। ਬੁਲਾਰੇ ਅਨੁਸਾਰ ਇਹ ਕਰਾਵਾਈ ਕਈ ਘੰਟੇ ਚੱਲੀ ਜਿਸ ਦੌਰਾਨ ਸ਼ੱਕੀ ਵਿਅਕਤੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਹ ਟੱਸ ਤੋਂ ਮੱਸ ਨਾ ਹੋਇਆ।ਉਸ ਕੋਲ ਇਕ ਏ ਆਰ 15 ਰਾਈਫਲ ਤੇ ਇਕ ਨੇਲ ਗੰਨ ਸੀ। ਉਸ ਦੀ ਪਛਾਣ ਰਿਕੀ ਡਬਲਯੂ ਸ਼ਿਫਰ (42) ਵਜੋਂ ਹੋਈ ਹੈ ਜੋ ਕੋਲੰਬਸ ਦਾ ਰਹਿਣ ਵਾਲਾ ਹੈ। ਹਾਲਾਂ ਕਿ ਅਧਿਕਾਰੀਆਂ ਨੇ ਸ਼ਿਫਰ ਵੱਲੋਂ ਐਫ ਬੀ ਆਈ ਦੇ ਦਫਤਰ ਵਿਚ ਦਾਖਲ ਹੋਣ ਪਿੱਛੇ ਮੰਤਵ ਦਾ ਖੁਲਾਸਾ ਨਹੀਂ ਕੀਤਾ ਹੈ ਪਰੰਤੂ ਸੂਤਰਾਂ ਅਨੁਸਾਰ ਸ਼ੱਕੀ ਵਿਅਕਤੀ ਦਾ ਸਬੰਧ ਸੱਜੇ ਪੱਖੀ ਅੱਤਵਾਦੀ ਗਰੁੱਪ ਨਾਲ ਹੈ। ਸ਼ਿਫਰ ਦਾ ਇਕ ਸੋਸ਼ਲ ਮੀਡੀਆ ਖਾਤਾ ਹੈ ਜਿਸ ਵਿਚ ਐਫ ਬੀ ਆਈ ਵਿਰੁੱਧ ਹਥਿਆਰ ਚੁੱਕਣ ਤੇ ਹਿੰਸਾ ਫੈਲਾਉਣ ਦਾ ਸੱਦਾ ਦਿੱਤਾ ਗਿਆ ਹੈ।
Comments (0)