ਤਿੰਨ ਮਸਾਜ਼ ਪਾਰਲਰਾਂ 'ਤੇ ਹੋਈ ਗੋਲੀਬਾਰੀ ਵਿਚ 7 ਮੌਤਾਂ, ਮ੍ਰਿਤਕਾਂ ਵਿਚ  ਏਸ਼ੀਅਨ ਮੂਲ ਦੀਆਂ 4 ਔਰਤਾਂ ਸ਼ਾਮਿਲ

ਤਿੰਨ ਮਸਾਜ਼ ਪਾਰਲਰਾਂ 'ਤੇ ਹੋਈ ਗੋਲੀਬਾਰੀ ਵਿਚ 7 ਮੌਤਾਂ, ਮ੍ਰਿਤਕਾਂ ਵਿਚ  ਏਸ਼ੀਅਨ ਮੂਲ ਦੀਆਂ 4 ਔਰਤਾਂ ਸ਼ਾਮਿਲ
ਗੋਲੀਬਾਰੀ ਦੀ ਘਟਨਾ ਸਬੰਧੀ ਗ੍ਰਿਫਤਾਰ ਸ਼ੱਕੀ ਰਾਬਰਟ ਐਰਨ ਲਾਂਗ

ਅੰਮ੍ਰਿਤਸਰ ਟਾਈਮਜ਼ ਬਿਊਰੋ


ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਚੇਰੋਕੀ ਕਾਊਂਟੀ ਵਿਚ ਮੈਟਰੋ ਐਟਲਾਂਟਾ ਵਿਚ ਤਿੰਨ ਮਸਾਜ਼ ਪਾਰਲਰਾਂ 'ਤੇ ਹੋਈ ਗੋਲੀਬਾਰੀ ਵਿਚ 7 ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ ਹਨ।  ਗੋਲੀਬਾਰੀ ਦੀਆਂ ਦੋ ਘਟਨਾਵਾਂ ਉਤਰ ਪੂਰਬ ਐਟਲਾਂਟਾ ਵਿਚ ਵਾਪਰੀਆਂ ਜਦ ਕਿ ਇਕ ਘਟਨਾ ਸ਼ਹਿਰ ਦੇ ਉੱਤਰ ਪੱਛਮੀ ਹਿੱਸੇ ਵਿਚ ਹੋਈ। ਅਧਿਕਾਰੀਆਂ ਨੇ ਕਿਹਾ ਹੈ ਕਿ ਗੋਲੀਬਾਰੀ ਪਿੱਛਲੇ ਮਕਸਦ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਤੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨਾਂ ਘਟਨਾਵਾਂ ਦਾ ਆਪਸ ਵਿਚ ਕੋਈ ਸਬੰਧ ਹੈ ਜਾਂ ਨਹੀਂ।  ਮ੍ਰਿਤਕਾਂ ਵਿਚ ਘੱਟੋ ਘੱਟ 4 ਔਰਤਾਂ ਸ਼ਾਮਿਲ ਹਨ । ਪੁਲਿਸ ਅਨੁਸਾਰ ਉਸ ਨੂੰ ਪੀਡਮਾਊਂਟ ਰੋਡ ਉਪਰ ਗੋਲਡ ਮਸਾਜ਼ ਸਪਾ ਵਿਖੇ ਲੁੱਟ ਖੋਹ ਹੋਣ ਦੀ ਸੂਚਨਾ ਮਿਲੀ ਸੀ ਤੇ ਜਦੋਂ ਪੁਲਿਸ ਅਧਿਕਾਰੀ ਮੌਕੇ ਉਪਰ ਪੁੱਜੇ ਤਾਂ ਉਨਾਂ ਨੂੰ ਤਿੰਨ ਔਰਤਾਂ ਮ੍ਰਿਤਕ ਮਿਲੀਆਂ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਬਾਅਦ ਵਿਚ ਅਰੋਮਾ ਥਰੈਪੀ ਸਪਾ ਵਿਖੇ ਗੋਲੀ ਚੱਲਣ ਦੀ ਸੂਚਨਾ ਮਿਲੀ ਜਿਥੇ ਇਕ ਔਰਤ ਮਾਰੀ ਗਈ। ਇਕ ਹੋਰ ਮਸਾਜ਼ ਪਾਰਲਰ ਵਿਖੇ 3 ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ। ਐਟਲਾਂਟਾ ਪੁਲਿਸ ਮੁੱਖੀ ਰੋਡਨੀ ਬਰਾਇੰਟ ਅਨੁਸਾਰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਮਾਰੀਆਂ ਗਈਆਂ 4 ਔਰਤਾਂ ਏਸ਼ੀਅਨ ਮੂਲ ਦੀਆਂ ਲੱਗਦੀਆਂ ਹਨ। ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਦੀ ਪਛਾਣ 21 ਸਾਲਾ ਰਾਬਰਟ ਐਰਨ ਲਾਂਗ ਵਜੋਂ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਹਮਲਾਵਰ ਵੱਲੋਂ ਮਸਾਜ਼ ਪਾਰਲਰਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ। ਕੀ ਹਮਲਾਵਰ ਨੇ ਜਾਣ ਬੁਝਕੇ ਏਸ਼ੀਅਨ ਮੂਲ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ। ਸਮਝਿਆ ਜਾਂਦਾ ਹੈ ਕਿ ਇਹ ਮਸਾਜ਼ ਪਾਰਲਰ ਏਸ਼ੀਅਨ ਮੂਲ ਦੀਆਂ ਔਰਤਾਂ ਦੇ ਸਨ ਜੋ ਗੋਲੀਬਾਰੀ ਵਿਚ ਮਾਰੀਆਂ ਗਈਆਂ ਹਨ ਪਰ ਪੁੁਲਿਸ ਨੇ ਅਜੇ ਇਸ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਹੈ।